ਬਿਕਰਮ ਮਜੀਠੀਆ ਨੇ ਭਾਰਤੀ ਸੰਵਿਧਾਨ ਦਾ ਨਿਰਾਦਰ ਕਰਨ ਅਤੇ ਭਾਰਤ ਨਾਲੋ ਤੋੜ-ਵਿਛੋੜਾ ਕਰਨ ਦੀ ਮੁਹਿੰੰਮ ਦੀ ਹਮਾਇਤ ਕਰਨ ਲਈ ਸੁਖਪਾਲ ਖਹਿਰਾ ਖਿਲਾਫ ਕਾਰਵਾਈ ਦੀ ਮੰਗ ਕੀਤੀ
ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 1984 ਕਤਲੇਆਮ ਦਾ ਇਨਸਾਫ ਲੈਣ ਵਾਸਤੇ ਡਟਿਆ ਹੋਇਆ ਹੈ, ਪਰ ਇਸ ਨੂੰ ਜਨਮਤ ਦੀ ਮੰਗ ਨਾ ਨਾਲ ਜੋੜੋ
ਚੰਡੀਗੜ•/14 ਜੂਨ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਿਹਾ ਹੈ ਕਿ ਕੀ ਉਹ ਭਾਰਤ ਨਾਲੋਂ ਤੋੜ ਵਿਛੋੜੇ ਦਾ ਸੱਦਾ ਦਿੰਦੇ 'ਜਨਮਤ 2020' ਦੀ ਹਮਾਇਤ ਕਰਨ ਵਾਲੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਦਾ ਸਮਰਥਨ ਕਰਦੇ ਹਨ।
ਇੱਥੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜੇਕਰ ਕੇਜਰੀਵਾਲ ਮਸ਼ਹੂਰ ਪਾਕਿਸਤਾਨੀ ਆਈਐਸਆਈ ਏਜੰਟ ਗੁਰਪਤਵੰਤ ਪੰਨੂ ਵੱਲੋਂ ਤਿਆਰ ਕੀਤੇ ਗਏ ਜਨਮਤ 2020 ਦਾ ਸਮਰਥਨ ਨਹੀਂ ਕਰਦੇ ਤਾਂ ਉਹਨਾਂ ਨੂੰ ਭਾਰਤੀ ਸੰਵਿਧਾਨ ਦਾ ਨਿਰਾਦਰ ਕਰਨ ਅਤੇ ਦੇਸ਼ ਦੇ ਟੋਟੇ ਕਰਨ ਵਾਲੀ ਮੁਹਿੰਮ ਦਾ ਸਮਰਥਨ ਕਰਨ ਲਈ ਸੁਖਪਾਲ ਖਹਿਰਾ ਖ਼ਿਲਾਫ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਨੇ ਆਪ ਮੁਖੀ ਨੂੰ ਇਹ ਵੀ ਕਿਹਾ ਕਿ ਉਹ ਸਪੱਸ਼ਟ ਕਰਨ ਕਿ ਜੇਕਰ ਉਹ ਸਾਡੇ ਦੇਸ਼ ਵਿਚ ਪ੍ਰਚੱਲਿਤ ਚੋਣ ਦੀ ਲੋਕਤੰਤਰੀ ਪ੍ਰਕਿਰਿਆ ਵਿਚ ਵਿਸ਼ਵਾਸ਼ ਰੱਖਦੇ ਹਨ ਤਾਂ ਉਹਨਾਂ ਦੀ ਪਾਰਟੀ ਬਾਹਰੀ ਤਾਕਤਾਂ ਨੂੰ ਇਸ ਦੇਸ਼ ਦੀ ਕਿਸਮਤ ਦਾ ਫੈਸਲਾ ਕਰਨ ਦੀ ਇਜਾਜ਼ਤ ਕਿਉਂ ਦੇ ਰਹੀ ਹੈ?
ਸਰਦਾਰ ਮਜੀਠੀਆ ਨੇ ਕਿਹਾ ਕਿ ਸੁਖਪਾਲ ਖਹਿਰਾ ਨੂੰ ਵੀ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਇੱਕ ਚੁਣੇ ਹੋਏ ਨੁੰਮਾਇਦੇ ਵਜੋਂ ਭਾਰਤੀ ਸੰਵਿਧਾਨ ਪ੍ਰਤੀ ਪ੍ਰਤੀਬੱਧ ਹੁੰਦਿਆਂ ਉਹਨਾਂ ਨੇ ਇਸ ਜਨਮਤ ਦੀ ਮੰਗ ਦਾ ਸਮਰਥਨ ਕਿਉਂ ਕੀਤਾ ਹੈ। ਉਹਨਾਂ ਕਿਹਾ ਕਿ ਸਾਰੇ ਪੰਜਾਬੀ ਅਤੇ ਭਾਰਤੀ ਇੱਕ ਮਜ਼ਬੂਤ, ਲੋਕਤੰਤਰੀ ਅਤੇ ਅਗਾਂਹਵਧੂ ਭਾਰਤ ਦੇ ਪੱਖ ਵਿਚ ਹਨ ਅਤੇ ਖਹਿਰੇ ਵਾਂਗ ਇਸ ਦੇ ਉਲਟ ਕੰਮ ਕਰਨ ਵਾਲਾ ਕੋਈ ਵੀ ਵਿਅਕਤੀ ਇੱਕ ਰਾਸ਼ਟਰ-ਵਿਰੋਧੀ ਗਤੀਵਿਧੀ ਵਿਚ ਭਾਗ ਲੈ ਰਿਹਾ ਹੈ।
ਸਾਬਕਾ ਮੰਤਰੀ ਨੇ ਕਿਹਾ ਕਿ ਜਿੱਥੋਂ ਤਕ ਸ਼੍ਰੋਮਣੀ ਅਕਾਲੀ ਦਲ ਦਾ ਸੰਬੰਧ ਹੈ, ਇਹ ਪਾਰਟੀ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਪਹਿਰੇਦਾਰ ਹੈ ਅਤੇ ਕਿਸੇ ਵੀ ਖਹਿਰੇ ਵਰਗੇ ਸਿਆਸੀ ਵਿਅਕਤੀ ਜਾਂ ਆਮ ਆਦਮੀ ਪਾਰਟੀ ਨੂੰ ਦੇਸ਼ ਦੀ ਸੁਰੱਖਿਆ ਨਾਲ ਖੇਡਣ ਦੀ ਇਜਾਜ਼ਤ ਨਹੀਂ ਦੇਵੇਗੀ।
ਇਸੇ ਦੌਰਾਨ ਅਕਾਲੀ ਆਗੂ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਿੱਖਾਂ ਦੀ 1984 ਵਿਚ ਕੀਤੀ ਨਸਲਕੁਸ਼ੀ ਦਾ ਇਨਸਾਫ ਲੈਣ ਅਤੇ ਇਸ ਕਤਲੇਆਮ ਦੇ ਦੋਸ਼ੀ ਕਾਂਗਰਸੀਆਂ ਨੂੰ ਸਜ਼ਾ ਦਿਵਾਉਣ ਦੀ ਲੜਾਈ ਵਿਚ ਸਾਰੇ ਪੰਜਾਬੀ ਇਕੱਠੇ ਹਨ। ਉਹਨਾਂ ਕਿਹਾ ਕਿ ਜਨਮਤ ਦੇ ਮੁੱਦੇ ਅਤੇ 1984 ਦੇ ਪੀੜਤਾਂ ਲਈ ਲੜਾਈ ਨੂੰ ਕਿਸੇ ਵੀ ਕੀਮਤ ਉੱਤੇ ਜੋੜਿਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਖਹਿਰਾ ਇੱਕੋ ਸਾਹ ਵਿਚ ਜਨਮਤ 2020 ਅਤੇ 1984 ਲਈ ਇਨਸਾਫ ਦੀ ਗੱਲ ਕਰਕੇ ਸਿੱਖਾਂ ਨਾਲ ਬਹੁਤ ਵੱਡੀ ਨਾਇਨਸਾਫੀ ਕਰ ਰਿਹਾ ਹੈ। ਖਹਿਰਾ, ਪੁਰਾਣਾ ਕਾਂਗਰਸੀ ਹੋਣ ਕਰਕੇ ਜਿਸ ਦਾ ਅਜੇ ਵੀ ਗਾਂਧੀ ਪਰਿਵਾਰ ਲਈ ਦਿਲ ਧੜਕਦਾ ਹੈ, ਨੇ ਪਿਛਲੇ ਦਿਨੀ ਆਪ ਅਤੇ ਕਾਂਗਰਸ ਗਠਜੋੜ ਦੀ ਵਕਾਲਤ ਕੀਤੀ ਸੀ, ਉਹ 1984 ਕਤਲੇਆਮ ਵਾਸਤੇ ਇਨਸਾਫ ਦੀ ਗੱਲ ਕਰਨ ਦੇ ਯੋਗ ਨਹੀਂ ਹੈ। ਉਹਨਾਂ ਕਿਹਾ ਕਿ 1984 ਕਤਲੇਆਮ ਦਾ ਇਨਸਾਫ ਲੈਣ ਲਈ ਸਾਡੀ ਲੜਾਈ ਜਾਰੀ ਰਹੇਗੀ, ਪਰ ਅਸੀਂ ਬਾਹਰੀ ਤਾਕਤਾਂ ਨੂੰ ਗੁਰਪਤਵੰਤ ਪੰਨੂ ਵਰਗੇ ਆਈਐਸਆਈ ਏਜੰਟ ਵੱਲੋਂ ਤਿਆਰ ਕੀਤੇ ਕਿਸੇ ਵੀ ਜਨਮਤ ਨੂੰ ਸਾਡੇ ਉੱਤੇ ਥੋਪਣ ਦੀ ਆਗਿਆ ਨਹੀਂ ਦੇ ਸਕਦੇ।