ਕਿਹਾ ਕਿ ਪੰਜਾਬੀਆਂ ਨੂੰ ਦੱਸੇ ਕਿ ਕਾਂਗਰਸ ਸਰਕਾਰ 'ਘਰ ਘਰ ਨੌਕਰੀ' ਅਤੇ 2500 ਰੁਪਏ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕਿਉਂ ਪੂਰਾ ਨਹੀ ਕਰ ਰਹੀ ਹੈ
ਰਵਨੀਤ ਬਿੱਟੂ ਨੂੰ ਕਿਹਾ ਕਿ ਉਸ ਨੇ ਆਪਣੇ ਹਲਕੇ ਦੇ ਨੌਜਵਾਨਾਂ ਨੌਕਰੀਆਂ ਦਿਵਾਉਣ ਲਈ ਮੁੱਖ ਮੰਤਰੀ ਉੱਤੇ ਦਬਾਅ ਪਾਉਣ ਦੀ ਬਜਾਇ ਉਮਰ ਦੀ ਹੱਦ ਪਾਰ ਕਰ ਚੁੱਕੇ ਆਪਣੇ ਭਰਾ ਨੂੰ ਡੀਐਸਪੀ ਲਗਵਾਉਣ ਲਈ ਸਰਕਾਰ ਕੋਲੋਂ ਨਿਯਮਾਂ ਦੀ ਅਣਦੇਖੀ ਕਿਉਂ ਕਰਵਾਈ?
ਚੰਡੀਗੜ•/24 ਜੁਲਾਈ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਆਖਿਆ ਹੈ ਕਿ ਉਹ ਸਸਤੀ ਸ਼ੁਹਰਤ ਹਾਸਿਲ ਕਰਨ ਲਈ ਹੋਛੇ ਹਥਕੰਡਿਆਂ ਤੋਂ ਗੁਰੇਜ਼ ਕਰੇ ਅਤੇ ਪੰਜਾਬੀਆਂ ਨੂੰ ਦੱਸੇ ਕਿ ਕਾਂਗਰਸ ਸਰਕਾਰ ਆਪਣਾ 'ਘਰ ਘਰ ਨੌਕਰੀ' ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ 2500 ਰੁਪਏ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕਿਉਂ ਪੂਰਾ ਨਹੀ ਕਰ ਰਹੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸੀਨੀਅਰ ਅਕਾਲੀ ਆਗੂ ਅਤੇ ਸਾਂਸਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸੁਨੀਲ ਜਾਖੜ ਨੌਜਵਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਾਸਤੇ ਪੰਜਾਬ ਸਰਕਾਰ ਉੱਤੇ ਦਬਾਅ ਪਾਉਣ ਦੀ ਬਜਾਇ ਸੰਸਦ ਦੇ ਸਾਹਮਣੇ ਨੌਜਵਾਨਾਂ ਲਈ ਨੌਕਰੀਆਂ ਦੀ ਮੰਗ ਕਰਕੇ ਹੋਛੇ ਢੰਗ ਨਾਲ ਸੁਰਖੀਆਂ ਬਟੋਰਨ ਵਿਚ ਰੁੱਝਿਆ ਹੋਇਆ ਹੈ। ਉਹਨਾਂ ਕਿਹਾ ਕਿ ਪੀਸੀਸੀਸੀ ਪ੍ਰਧਾਨ ਪੰਜਾਬ ਸਰਕਾਰ ਕੋਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਵਾਉਣ ਵਿਚ ਆਪਣੀ ਨਾਕਾਮੀ ਨੂੰ ਲੁਕੋਣ ਵਾਸਤੇ ਨਾਟਕੀ ਰੋਸ ਪ੍ਰਦਰਸ਼ਨ ਕਰਨ ਗਿੱਝ ਗਿਆ ਹੈ। ਪਹਿਲਾਂ ਉਸ ਨੇ ਉੱਤਰੀ ਭਾਰਤ ਵਿਚ ਪੈਟਰੋ ਵਸਤਾਂ ਉੱਤੇ ਸਭ ਤੋਂ ਵੱਧ ਟੈਕਸ ਲੈਣ ਵਾਲੀ ਕਾਂਗਰਸ ਸਰਕਾਰ ਤੋਂ ਇੱਕ ਪੈਸਾ ਵੀ ਟੈਕਸ ਘਟਵਾਉਣ ਵਿਚ ਨਾਕਾਮ ਰਹਿਣ ਮਗਰੋਂ ਪੈਟਰੋਲ ਅਤੇ ਡੀਜ਼ਲ ਦੀ ਉੱਚੀਆਂ ਕੀਮਤਾਂ ਨੂੰ ਲੈ ਕੇ ਅਜਿਹਾ ਨਾਟਕੀ ਪ੍ਰਦਰਸ਼ਨ ਕੀਤਾ ਸੀ। ਹੁਣ ਉਹ ਦੁਬਾਰਾ ਇੱਕ ਚਰਖਾ ਲੈ ਕੇ ਨੌਕਰੀਆਂ ਮੰਗਣ ਲਈ ਦਿੱਲੀ ਪੁੱਜ ਗਿਆ ਹੈ। ਉਸ ਨੂੰ ਇਸ ਗੱਲ ਦਾ ਬਿਲਕੁੱਲ ਵੀ ਅਹਿਸਾਸ ਨਹੀਂ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦਿਵਾਉਣਾ ਉਸ ਦਾ ਫਰਜ਼ ਹੈ।
ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਾਖੜ ਨੇ 'ਕੈਪਟਨ ਨੇ ਸਹੁੰ ਚੁੱਕੀ, ਘਰ ਘਰ ਨੌਕਰੀ ਪੱਕੀ' ਦਾ ਨਾਅਰਾ ਲਗਾਇਆ ਸੀ। ਉਹਨਾਂ ਕਿਹਾ ਕਿ ਹੁਣ ਡੇਢ ਸਾਲ ਦਾ ਸਮਾਂ ਬੀਤਣ ਮਗਰੋਂ ਪੰਜਾਬ ਵਿਚ ਸਿਰਫ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਉਮਰ ਦੀ ਹੱਦ ਲੰਘਾ ਚੁੱਕੇ ਪੋਤੇ ਨੂੰ ਹੀ ਡੀਐਸਪੀ ਦੀ ਨੌਕਰੀ ਦਿੱਤੀ ਗਈ ਹੈ। ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਨੌਕਰੀਆਂ ਵਾਸਤੇ ਰਜਿਸਟਰੇਸ਼ਨ ਕਰਵਾਉਣ ਲਈ ਤਕਰੀਬਨ 19 ਲੱਖ ਨੌਜਵਾਨਾਂ ਨੇ ਦਰਖਾਸਤਾਂ ਦਿੱਤੀਆਂ ਸਨ। ਇਹਨਾਂ ਨੌਜਵਾਨਾਂ ਨੂੰ ਨਾ ਤਾਂ ਵਾਅਦੇ ਅਨੁਸਾਰ ਨੌਕਰੀਆਂ ਦਿੱਤੀਆਂ ਹਨ ਅਤੇ ਨਾ ਹੀ 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦਿੱਤਾ ਹੈ।
ਅਕਾਲੀ ਸਾਂਸਦ ਨੇ ਕਿਹਾ ਕਿ ਜਾਖੜ ਨਾਲ ਸਸਤੀ ਸ਼ੁਹਰਤ ਬਟੋਰਨ ਵਾਸਤੇ ਕੀਤੇ ਨਾਟਕ ਵਿਚ ਹਿੱਸਾ ਲੈਣ ਵਾਲੇ ਲੁਧਿਆਣਾ ਤੋਂ ਸਾਂਸਦ ਰਵਨੀਤ ਬਿੱਟੂ ਨੂੰ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਨੇ ਆਪਣੇ ਹਲਕੇ ਦੇ ਨੌਜਵਾਨਾਂ ਨੂੰ ਨੌਕਰੀਆਂ ਦਿਵਾਉਣ ਲਈ ਮੁੱਖ ਮੰਤਰੀ ਉਤੇ ਦਬਾਅ ਪਾਉਣ ਦੀ ਬਜਾਇ ਕਿਉਂ ਉਮਰ ਦੀ ਹੱਦ ਲੰਘਾ ਚੁੱਕੇ ਆਪਣੇ ਭਰਾ ਨੂੰ ਡੀਐਸਪੀ ਲਗਾਉਣ ਲਈ ਸਰਕਾਰ ਉੱਤੇ ਨਿਯਮਾਂ ਦੀ ਅਣਦੇਖੀ ਕਰਨ ਦਾ ਦਬਾਅ ਪਾਇਆ? ਉਹਨਾਂ ਕਿਹਾ ਕਿ ਤੁਹਾਡੇ ਪਰਿਵਾਰ ਨੂੰ ਕਿੰਨੀਆਂ ਨੌਕਰੀਆਂ ਦੀ ਲੋੜ ਹੈ? ਤੁਸੀਂ ਸਾਂਸਦ ਹੋ, ਤੁਹਾਡਾ ਭਰਾ ਵਿਧਾਇਕ ਹੈ। ਤੁਹਾਡੇ ਅੰਕਲ ਅਤੇ ਅੰਟੀਆਂ ਮੰਤਰੀ ਰਹਿ ਚੁੱਕੇ ਹਨ। ਆਪਣੇ ਪਰਿਵਾਰ ਵਾਸਤੇ ਅਜੇ ਹੋਰ ਕਿੰਨੀਆਂ ਨੌਕਰੀਆਂ ਲੈਣ ਤੋਂ ਬਾਅਦ ਤੁਸੀਂ ਸੂਬੇ ਵਿਚਲੀ ਆਪਣੀ ਸਰਕਾਰ ਕੋਲੋਂ ਪੰਜਾਬੀਆਂ ਵਾਸਤੇ ਨੌਕਰੀਆਂ ਦੀ ਮੰਗ ਕਰਨੀ ਸ਼ੁਰੂ ਕਰੋਗੇ।
ਅਕਾਲੀ ਸਾਂਸਦ ਨੇ ਕਿਹਾ ਕਿ ਜਾਖੜ ਅਤੇ ਉਸ ਦੀ ਕੰਪਨੀ ਨੂੰ ਅਜਿਹੀ ਡਰਾਮੇਬਾਜ਼ੀ ਕਰਨ ਤੋਂ ਪਹਿਲਾਂ ਰਾਸ਼ਟਰੀ ਰੁਜ਼ਗਾਰ ਅੰਕੜਿਆਂ ਬਾਰੇ ਮੁੱਢਲੀ ਜਾਣਕਾਰੀ ਹਾਸਿਲ ਕਰ ਲੈਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਬੇਰੁਜ਼ਗਾਰੀ ਦੀ ਦਰ ਘਟ ਕੇ 4ਥ5 ਫੀਸਦੀ ਹੋ ਗਈ ਹੈ ਜੋ ਕਿ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਵੇਲੇ 9 ਫੀਸਦੀ ਸੀ।
ਸ੍ਰੀ ਆਨੰਦਪੁਰ ਸਾਹਿਬ ਤੋਂ ਅਕਾਲੀ ਦਲ ਦੇ ਸਾਂਸਦ ਨੇ ਕਿਹਾ ਕਿ ਜਾਖੜ ਲਈ ਚੰਗਾ ਹੋਣਾ ਸੀ ਜੇਕਰ ਉਹ ਜ਼ਮੀਨੀ ਹਕੀਕਤ ਵੱਲ ਝਾਤ ਮਾਰਦਾ ਅਤੇ ਝੋਨੇ ਅਤੇ ਕਪਾਹ ਦੇ ਸਮਰਥਨ ਮੁੱਲ ਵਿਚ ਕੀਤੇ ਵਾਧੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਾ, ਜਿਸ ਨਾਲ ਕਿਸਾਨਾਂ ਨੂੰ 6 ਹਜ਼ਾਰ ਪ੍ਰਤੀ ਏਕੜ ਤੋਂ ਲੈ ਕੇ 10 ਹਜ਼ਾਰ ਪ੍ਰਤੀ ਏਕੜ ਤਕ ਦਾ ਫਾਇਦਾ ਹੋਇਆ ਹੈ। ਉਹਨਾਂ ਕਿਹਾ ਕਿ ਪਰੰਤੂ ਪੀਪੀਸੀਸੀ ਪ੍ਰਧਾਨ ਨੂੰ ਪੰਜਾਬ ਸਰਕਾਰ ਵੱਲੋਂ ਕਿਸਾਨਾਂ, ਨੌਜਵਾਨਾਂ ਅਤੇ ਗਰੀਬਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਵਾਉਣ ਵਾਸਤੇ ਕੰਮ ਕਰਨ ਨਾਲੋਂ ਚਾਰ ਬੰਦੇ ਨਾਲ ਲੈ ਕੇ ਨਾਟਕੀ ਰੋਸ ਪ੍ਰਦਰਸ਼ਨ ਕਰਨਾ ਵੱਧ ਸੌਖਾ ਲੱਗਦਾ ਹੈ।