ਅਕਾਲੀ ਦਲ ਦੇ ਐਸ ਵਿੰਗ ਦੇ ਆਗੂਆਂ ਨੇ ਕਿਹਾ ਕਿ ਕਾਂਗਰਸ ਨੇ ਇੱਕ ਵੀ ਦਲਿਤ-ਪੱਖੀ ਕਦਮ ਨਹੀਂ ਚੁੱਕਿਆ ਹੈ
ਸ਼ਾਹਕੋਟ/24 ਮਈ:ਸ਼੍ਰੋਮਣੀ ਅਕਾਲੀ ਦਲ ਦੇ ਅਨੁਸੂਚਿਤ ਜਾਤੀ ਵਿੰਗ ਨੇ ਅੱਜ ਦਲਿਤਾਂ ਨੂੰ ਆਖਿਆ ਕਿ ਉਹ ਆ ਰਹੀ ਸ਼ਾਹਕੋਟ ਜ਼ਿਮਨੀ ਚੋਣ ਦੌਰਾਨ ਆਪਣੀ ਵੋਟ ਦਾ ਫੈਸਲਾ ਕਰਨ ਵੇਲੇ ਕਾਂਗਰਸ ਸਰਕਾਰ ਦੀ ਤੁਲਨਾ ਅਕਾਲੀ-ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਨਾਲ ਕਰਨ।
ਇੱਥੇ ਐਸਸੀ ਵਿੰਗ ਦੇ ਪ੍ਰਧਾਨ ਸਰਦਾਰ ਗੁਲਜ਼ਾਰ ਸਿੰਘ ਰਣੀਕੇ ਦੀ ਅਗਵਾਈ ਵਿਚ ਸਾਬਕਾ ਵਿਧਾਨ ਸਭਾ ਸਪੀਕਰ ਚਰਨਜੀਤ ਸਿੰਘ ਅਟਵਾਲ, ਪਵਨ ਕੁਮਾਰ ਟੀਨੂੰ ਅਤੇ ਸੀਨੀਅਰ ਭਾਜਪਾ ਆਗੂ ਹੰਸ ਰਾਜ ਹੰਸ ਨੇ ਕਿਹਾ ਕਿ ਲੋਕਾਂ ਨੂੰ ਕਾਂਗਰਸ ਅਤੇ ਇਸ ਦੇ ਦਾਗੀ ਉਮੀਦਵਾਰ ਹਰਦੇਵ ਸਿੰਘ ਲਾਡੀ ਤੋਂ ਪੁੱਛਣਾ ਚਾਹੀਦਾ ਹੈ ਕਿ ਇਸ ਪਾਰਟੀ ਨੇ ਪਿਛਲੇ ਇੱਕ ਸਾਲ ਤੋਂ ਦਲਿਤ ਭਾਈਚਾਰੇ ਲਈ ਕੀ ਕੀਤਾ ਹੈ। ਉਹਨਾਂ ਕਿਹਾ ਕਿ ਇਸ ਦੀ ਤੁਲਨਾ ਅਕਾਲੀ ਭਾਜਪਾ ਦੇ ਕਾਰਜਕਾਲ ਦੌਰਾਨ ਦਲਿਤ ਭਾਈਚਾਰੇ ਨੂੰ ਦਿੱਤੀਆਂ ਸਹੂਲਤਾਂ ਨਾਲ ਕੀਤੀ ਜਾ ਸਕਦੀ ਹੈ।
ਇਸ ਮੌਕੇ ਉੱਤੇ ਬੋਲਦਿਆਂ ਐਸਸੀ ਵਿੰਗ ਦੇ ਪ੍ਰਧਾਨ ਸਰਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਇੱਕ ਸਾਲ ਤੋਂ ਵੱਧ ਦੇ ਕਾਰਜਕਾਲ ਦੌਰਾਨ ਇੱਕ ਦਲਿਤ-ਪੱਖੀ ਕਦਮ ਨਹੀਂ ਚੁੱਕਿਆ ਹੈ। ਉਹਨਾਂ ਕਿਹਾ ਕਿ ਵਾਅਦੇ ਮੁਤਾਬਿਕ ਕੁੱਝ ਨਵਾਂ ਕੀਤੇ ਜਾਣ ਦੀ ਤਾਂ ਗੱਲ ਹੀ ਭੁੱਲ ਜਾਓ, ਕਾਂਗਰਸ ਨੇ ਤਾਂ ਵੱਖ ਵੱਖ ਦਲਿਤਾਂ ਸਕੀਮਾਂ ਹੀ ਬੰਦ ਕਰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਦਲਿਤ ਵਿਦਿਆਰਥੀਆਂ ਲਈ ਕਾਲਜ ਦੀ ਮੁਫਤ ਸਿੱਖਿਆ ਦੀ ਸਕੀਮ ਬੰਦ ਕੀਤੀ ਜਾ ਚੁੱਕੀ ਹੈ। ਉਹਨਾਂ ਕਿਹਾ ਕਿ ਦਲਿਤਾਂ ਅਤੇ ਗਰੀਬ ਤਬਕਿਆਂ ਦੀਆਂ ਧੀਆਂ ਨੂੰ ਵਿਆਹ ਮੌਕੇ ਸ਼ਗਨ ਨਹੀਂ ਦਿੱਤਾ ਜਾ ਰਿਹਾ ਹੈ। ਵਿਦਿਆਰਥਣਾਂ ਨੂੰ ਸਾਇਕਲ ਨਹੀਂ ਦਿੱਤੇ ਜਾ ਰਹੇ ਹਨ। ਇੱਥੋਂ ਤਕ ਕਿ ਕੇਂਦਰ ਸਰਕਾਰ ਵੱਲੋਂ 5 ਲੱਖ ਰੁਪਏ ਦੀ ਮੁਫਤ ਬੀਮਾ ਸਕੀਮ ਦੀ ਪੇਸ਼ਕਸ਼ ਨੂੰ ਵੀ ਕਾਂਗਰਸ ਸਰਕਾਰ ਨੇ ਠੁਕਰਾ ਦਿੱਤਾ ਹੈ।
ਸਰਦਾਰ ਰਣੀਕੇ ਨੇ ਕਿਹਾ ਕਿ ਦਲਿਤ ਭਾਈਚਾਰੇ ਦਾ ਕਾਂਗਰਸ ਸਰਕਾਰ ਤੋਂ ਪੂਰੀ ਤਰ•ਾਂ ਮੋਹ ਭੰਗ ਹੋ ਚੁੱਕਿਆ ਹੈ ਅਤੇ ਇਹ ਭਾਈਚਾਰਾ ਜ਼ਿਮਨੀ ਚੋਣ ਵਿਚ ਕਾਂਗਰਸ ਨੂੰ ਸਬਕ ਸਿਖਾਉਣਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਜ਼ਿਮਨੀ ਚੋਣ ਦੌਰਾਨ ਇੱਕ ਨਵਾਂ ਰਿਕਾਰਡ ਸਥਾਪਤ ਕਰਦਿਆਂ 200 ਤੋਂ ਵੱਧ ਦਲਿਤ ਪਰਿਵਾਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੁੰ ਛੱਡ ਕੇ ਅਕਾਲੀ ਦਲ ਵਿਚ ਸ਼ਾਮਿਲ ਹੋ ਚੁੱਕੇ ਹਨ।
ਇਸ ਮੌਕੇ ਉੱਤੇ ਬੋਲਦਿਆਂ ਸਾਬਕਾ ਸਪੀਕਰ ਚਰਨਜੀਤ ਅਟਵਾਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਮੰਤਰੀ ਮੰਡਲ ਵਿਚ ਕੋਈ ਨੁੰਮਾਇਦਗੀ ਨਾ ਦੇ ਕੇ ਦਲਿਤ ਭਾਈਚਾਰੇ ਨਾਲ ਵਿਤਕਰਾ ਕੀਤਾ ਹੈ। ਉਹਨਾਂ ਕਿਹਾ ਵਾਲਮੀਕੀ ਅਤੇ ਮਜ਼•ਬੀ ਦੋਵੇਂ ਭਾਈਚਾਰਿਆਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇੱਥੋਂ ਤਕ ਕਿ ਪਛੜੇ ਵਰਗਾਂ ਨੂੰ ਅਣਗੌਲਿਆਂ ਕਰ ਦਿੱਤਾ ਗਿਆ ਹੈ। ਅਜਿਹੀ ਗੱਲ ਇਸ ਤੋਂ ਪਹਿਲਾਂ ਕਦੇ ਨਹੀਂ ਵਾਪਰੀ ਹੈ।
ਸੀਨੀਅਰ ਆਗੂ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ ਕਰਨ ਦੇ ਵਾਅਦੇ ਤੋਂ ਮੁਕਰ ਗਏ ਹਨ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਖੇਤ ਮਜ਼ਦੂਰਾਂ ਲਈ ਵੀ ਕੁਝ ਨਹੀਂ ਕਰ ਰਹੀ ਹੈ ਅਤੇ ਉਹਨਾਂ ਦੇ ਸਹਿਕਾਰੀ ਕਰਜ਼ਿਆਂ ਨੂੰ ਵੀ ਮੁਆਫ ਨਹੀਂ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਿਸਾਨ ਅਤੇ ਖੇਤ ਮਜ਼ਦੂਰਾਂ ਦੁਖੀ ਹੋ ਕੇ ਖੁਦਕੁਸ਼ੀਆਂ ਕਰ ਰਹੇ ਹਨ, ਜਿਹਨਾਂ ਦੀ ਗਿਣਤੀ 450 ਤੋਂ ਟੱਪ ਚੁੱਕੀ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਮਨਾਲੀ ਵਿਚ ਜਨਮ ਦਿਨ ਦੇ ਜਸ਼ਨ ਮਨਾ ਰਹੇ ਹਨ।
ਸ੍ਰੀ ਟੀਨੂੰ ਨੇ ਕਿਹਾ ਕਿ ਇਸ ਤਰ•ਾਂ ਲੱਗਦਾ ਹੈ ਕਿ ਸਰਕਾਰ ਦਲਿਤ ਭਾਈਚਾਰੇ ਦੀਆਂ ਵੋਟਾਂ ਦੀ ਕਦਰ ਨਹੀਂ ਕਰਦੀ ਹੈ। ਉਹਨਾਂ ਕਿਹਾ ਕਿ ਹੰਕਾਰੀ ਕਾਂਗਰਸ ਪਾਰਟੀ ਸੋਚਦੀ ਹੈ ਕਿ ਇਹ ਬੂਥਾਂ ਉੱਤੇ ਕਬਜ਼ੇ ਕਰਕੇ ਅਤੇ ਹੋਰ ਗਲਤ ਤਰੀਕਿਆਂ ਰਾਹੀਂ ਦਲਿਤਾਂ ਦੀਆਂ ਵੋਟਾਂ ਆਪਣੇ ਹੱਕ ਵਿਚ ਭੁਗਤਾ ਲਵੇਗੀ। ਉਹਨਾਂ ਨੇ ਕਾਂਗਰਸੀ ਉਮੀਦਵਾਰ ਨੂੰ ਹਰਾਉਣ ਲਈ ਦਲਿਤਾਂ ਨੂੰ ਇੱਕਜੁਟ ਹੋਣ ਲਈ ਆਖਿਆ।
ਸੀਨੀਅਰ ਭਾਜਪਾ ਆਗੂ ਹੰਸ ਰਾਜ ਹੰਸ ਨੇ ਕਾਂਗਰਸ ਸਰਕਾਰ ਨੂੰ ਕਿਹਾ ਕਿ ਉਹ ਐਸਸੀ ਭਾਈਚਾਰੇ ਨੂੰ ਜੁਆਬ ਦੇਵੇ ਕਿ ਇਸ ਨੇ ਬੁਢਾਪਾ ਪੈਨਸ਼ਨ ਅਤੇ ਸ਼ਗਨ ਸਕੀਮ ਦੀ ਰਾਸ਼ੀ ਵਧਾਉਣ ਦੇ ਵਾਅਦਿਆਂ ਨੂੰ ਕਿਉਂ ਨਹੀਂ ਪੂਰਾ ਕੀਤਾ?