ਚੰਡੀਗੜ•/11 ਅਗਸਤ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਕਿਹਾ ਹੈ ਕਿ ਉਹ ਸਰਹੰਦ ਨਹਿਰ ਵਿਚੋਂ ਸਿੰਜਾਈ ਵਾਸਤੇ ਪਾਣੀ ਲੈਣ ਉੱਤੇ ਪਾਬੰਦੀ ਲਾ ਕੇ ਆਪਣੀਆਂ ਨਾਕਾਮੀਆਂ ਦੀ ਸਜ਼ਾ ਮਾਲਵਾ ਦੇ ਕਿਸਾਨਾਂ ਨੂੰ ਨਾ ਦੇਵੇ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਬੁਲਾਰੇ ਸਰਦਾਰ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਝੋਨੇ ਦੇ ਸੀਜ਼ਨ ਦੌਰਾਨ ਨੇ ਨਹਿਰ ਵਿਚੋਂ ਪਾਣੀ ਲੈਣ ਉੱਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਉਹਨਾਂ ਕਿਹਾ ਕਿ ਇਸ ਸੰਬੰਧੀ ਜਾਰੀ ਕੀਤੀ ਤਾਜ਼ਾ ਸੂਚਨਾ ਅਨੁਸਾਰ ਕਿਸਾਨ ਨਹਿਰ ਵਿਚੋਂ ਹਫਤੇ ਵਿਚ ਸਿਰਫ ਇੱਕ ਵਾਰ ਹੀ ਪੰਪ ਰਾਂਹੀ ਪਾਣੀ ਲੈ ਸਕਦੇ ਹਨ ਅਤੇ ਉਸ ਤੋਂ ਬਾਅਦ ਅਗਲੇ ਹਫਤੇ ਹੀ ਉਹਨਾਂ ਦੀ ਵਾਰੀ ਆਉਣੀ ਹੈ।
ਸਰਦਾਰ ਬਰਾੜ ਨੇ ਕਿਹਾ ਕਿ ਝੋਨੇ ਦੀ ਸੀਜ਼ਨ ਦੌਰਾਨ ਜਦੋਂ ਫਸਲ ਦੀ ਪਾਣੀ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ, ਅਜਿਹੇ ਅਜੀਬ ਹੁਕਮ ਨੇ ਹਜ਼ਾਰਾਂ ਏਕੜ ਵਿਚ ਝੋਨੇ ਦੀ ਬਿਜਾਈ ਦਾ ਕੰਮ ਖਟਾਈ ਵਿਚ ਪਾ ਦਿੱਤਾ ਹੈ। ਉਹਨਾਂ ਕਿਹਾ ਕਿ ਫਰੀਦਕੋਟ, ਕੋਟਕਪੂਰਾ, ਮੁਕਤਸਰ, ਲੰਬੀ ਅਤੇ ਗਿੱਦੜਬਾਹਾ ਹਲਕਿਆਂ ਵਿਚ ਪ੍ਰਭਾਵਿਤ ਕਿਸਾਨਾਂ ਨੇ ਵਾਅਦਾ ਕੀਤਾ ਹੈ ਕਿ ਉਹ ਰਜਵਾਹਿਆਂ ਦਾ ਪਾਣੀ ਇਸਤੇਮਾਲ ਨਹੀਂ ਕਰਨਗੇ, ਇਸ ਲਈ ਉਹਨਾਂ ਨੂੰ ਆਪਣੇ ਖੇਤਾਂ ਦੀ ਸਿੰਜਾਈ ਕਰਨ ਲਈ ਸਰਹੰਦ ਨਹਿਰ ਵਿਚੋਂ ਪੰਪਾਂ ਨਾਲ ਪਾਣੀ ਲੈਣ ਦੀ ਆਗਿਆ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਹੁਣ ਜਦੋਂ ਇਹ ਇਲਾਕਾ ਪੂਰੀ ਤਰ•ਾਂ ਖੁਸ਼ਕ ਹੋਇਆ ਪਿਆ ਹੈ ਅਤੇ ਪਿਛਲੇ ਇੱਕ ਮਹੀਨੇ ਤੋਂ ਇੱਥੇ ਮੀਂਹ ਨਹੀਂ ਪਿਆ ਹੈ ਤਾਂ ਕਾਂਗਰਸ ਸਰਕਾਰ ਨਹਿਰੀ ਪਾਣੀ ਦੇ ਇਸਤੇਮਾਲ ਉਤੇ ਪਾਬੰਦੀਆਂ ਲਾ ਦਿੱਤੀਆਂ ਹਨ।
ਅਕਾਲੀ ਆਗੂ ਨੇ ਕਿਹਾ ਕਿ ਕਿਸਾਨ ਨਹਿਰ ਵਿਚੋਂ ਪਾਣੀ ਲੈਣ ਲਈ ਇਸ ਲਈ ਡੀਜ਼ਲ ਫੂਕ ਰਹੇ ਹਨ, ਕਿਉਂਕਿ ਉਹਨਾਂ ਦੀ ਜ਼ਮੀਨ ਆਖਰੀ ਸਿਰੇ ਉਤੇ ਹੋਣ ਕਰਕੇ ਰਜਵਾਹਿਆਂ ਜ਼ਰੀਏ ਉਹਨਾਂ ਨੂੰ ਲੋੜੀਂਦਾ ਪਾਣੀ ਨਹੀਂ ਮਿਲਦਾ ਹੈ। ਉਹਨਾਂ ਕਿਹਾ ਕਿ ਇਹ ਕਿਸਾਨ ਜਿਹਨਾਂ ਕੋਲ ਸਰਹੰਦ ਨਹਿਰ ਦੇ ਇੱਕ ਕਿਲੋਮੀਟਰ ਲੰਬੇ ਰਕਬੇ ਤਕ 600 ਦੇ ਕਰੀਬ ਪੰਪ ਸੈਟਸ ਹਨ, ਨੂੰ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ।
ਸੂਬਾ ਸਰਕਾਰ ਨੂੰ ਪੰਪਾਂ ਰਾਹੀਂ ਨਹਿਰੀ ਪਾਣੀ ਲੈਣ ਸੰਬੰਧੀ ਜਾਰੀ ਕੀਤੇ ਆਪਣੇ ਹੁਕਮ ਨੂੰ ਤੁਰੰਤ ਵਾਪਸ ਲੈਣ ਲਈ ਆਖਦਿਆਂ ਅਕਾਲੀ ਆਗੂ ਨੇ ਕਿਹਾ ਕਿ ਜੇ ਸਰਕਾਰ ਇਸ ਸੰਬੰਧੀ ਆਪਣੀ ਨੀਤੀ ਵਿਚ ਕੋਈ ਤਬਦੀਲੀ ਲਿਆਉਣਾ ਚਾਹੁੰਦੀ ਸੀ ਤਾਂ ਉਸ ਨੂੰ ਇਹ ਕੰਮ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਕਰਨਾ ਚਾਹੀਦਾ ਸੀ। ਉਹਨਾਂ ਕਿਹਾ ਕਿਸਾਨਾਂ ਨੇ ਵੀ ਉਸੇ ਅਨੁਸਾਰ ਢੁੱਕਵੀਂ ਯੋਜਨਾ ਬਣਾ ਲੈਣੀ ਸੀ ਅਤੇ ਕੋਈ ਹੋਰ ਫਸਲ ਬੀਜ ਲੈਣੀ ਸੀ। ਉਹਨਾਂ ਕਿਹਾ ਕਿ ਸਰਕਾਰ ਦਾ ਨੀਤੀ ਬਦਲਣਾ ਵੀ ਕਿਸਾਨਾਂ ਨੂੰ ਝਟਕਾ ਦੇਣਾ ਹੈ, ਕਿਉਂਕਿ ਸਰਕਾਰ ਉਹਨਾਂ ਕੋਲੋਂ ਨਹਿਰੀ ਪਾਣੀ ਦਾ ਇਸਤੇਮਾਲ ਕਰਨ ਵਾਸਤੇ ਪਾਣੀ ਟੈਕਸ ਲੈ ਚੁੱਕੀ ਹੈ। ਇੰਨਾ ਹੀ ਨਹੀਂ ਸਰਕਾਰ ਨੇ ਝੋਨੇ ਦੀ ਲਵਾਈ ਦਾ ਸੀਜ਼ਨ ਸ਼ੁਰੂ ਤੋਂ ਪਹਿਲਾਂ ਸਰਹੰਦ ਨਹਿਰ ਦੀ ਸਫਾਈ ਕਰਵਾਉਣ ਵਰਗੀਆਂ ਆਪਣੀਆਂ ਜ਼ਿੰਮੇਵਾਰੀਆਂ ਵੀ ਪੂਰੀਆਂ ਨਹੀਂ ਕੀਤੀਆਂ ਹਨ।
ਸਰਦਾਰ ਬਰਾੜ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੁਆਰਾ ਸ਼ੁਰੂ ਕਰਵਾਈ ਇਹ ਨਹਿਰ ਵਿਚੋਂ ਪੰਪ ਨਾਲ ਪਾਣੀ ਕੱਢਣ ਦੀ ਸਹੂਲਤ ਜੇਕਰ ਤੁਰੰਤ ਸਾਰੇ ਕਿਸਾਨਾਂ ਨੂੰ ਨਾ ਦਿੱਤੀ ਗਈ ਤਾਂ ਅਕਾਲੀ ਦਲ ਇਸ ਵਿਤਕਰੇ ਨੂੰ ਦੂਰ ਕਰਵਾਉਣ ਲਈ ਕਿਸਾਨਾਂ ਨਾਲ ਮਿਲ ਕੇ ਅੰਦੋਲਨ ਕਰੇਗਾ।