ਡਾਕਟਰ ਦਲਜੀਤ ਚੀਮਾ ਨੇ ਰਾਹੁਲ ਗਾਂਧੀ ਨੂੰ 1984 ਦੇ ਕਤਲੇਆਮ ਵਿਚ ਉਸ ਦੇ ਪਰਿਵਾਰ ਭੂਮਿਕਾ ਬਾਰੇ ਵੀ ਸੱਚ ਬੋਲਣ ਲਈ ਆਖਿਆ
ਚੰਡੀਗੜ੍ਹ/09 ਅਪ੍ਰੈਲ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਪਾਰਟੀ ਨੂੰ ਕਿਹਾ ਹੈ ਕਿ ਉਹ 1984 ਕਤਲੇਆਮ ਦੇ ਦੋਸ਼ੀਆਂ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਤੋਂ ਖੁਦ ਨੂੰ ਵੱਖ ਕਰਨ ਦਾ ਸਿਆਸੀ ਡਰਾਮਾ ਨਾ ਕਰੇ ਅਤੇ ਦੋਵੇਂ ਅਪਰਾਧੀਆਂ ਦਾ ਅੰਦਰੂਨੀ ਤੌਰ ਤੇ ਸਮਰਥਨ ਕਰਨ ਦੀ ਥਾਂ ਉਹਨਾਂ ਨੂੰ ਤੁਰੰਤ ਪਾਰਟੀ ਵਿਚੋਂ ਬਾਹਰ ਕੱਢੇ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅੱਜ ਦਿੱਲੀ ਵਿਚ ਧਰਨੇ ਵਾਲੀ ਥਾਂ ਤੋਂ, ਜਿੱਥੇ ਰਾਹੁਲ ਗਾਂਧੀ ਨੇ ਭੁੱਖ ਹੜਤਾਲ ਉੱਤੇ ਬੈਠਣਾ ਹੈ, ਦੋਵੇਂ ਟਾਈਟਲਰ ਅਤੇ ਸੱਜਣ ਕੁਮਾਰ ਨੂੰ ਚਲੇ ਜਾਣ ਲਈ ਦਿੱਤਾ ਗਿਆ ਹੁਕਮ ਕਾਂਗਰਸੀ ਪਾਖੰਡ ਦੀ ਇੱਕ ਹੋਰ ਉੱਘੜਵੀਂ ਮਿਸਾਲ ਹੈ। ਉਹਨਾਂ ਕਿਹਾ ਸੱਚਾਈ ਇਹ ਹੈ ਕਿ ਇਹਨਾਂ ਆਗੂਆਂ ਦਾ ਧਰਨੇ ਵਾਲੀ ਥਾਂ ਉੱਤੇ ਜਾਣਾ ਇਹ ਸਾਬਿਤ ਕਰਦਾ ਹੈ ਕਿ ਉਹ ਕਾਂਗਰਸ ਪਾਰਟੀ ਦੇ ਸਰਗਰਮ ਮੈਂਬਰ ਹਨ। ਇਸ ਤੋਂ ਇਹ ਵੀ ਸਾਬਿਤ ਹੁੰਦਾ ਹੈ ਕਿ ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਵੱਲੋਂ ਗੁਪਤ ਤੌਰ ਤੇ ਇਹਨਾਂ ਦੀ ਪੁਸ਼ਤਪਨਾਹੀ ਕਰਨਾ ਜਾਰੀ ਹੈ।
ਡਾਕਟਰ ਚੀਮਾ ਨੇ ਕਿਹਾ ਕਿ ਭਾਂਵੇਂ ਕਿ ਕਾਂਗਰਸ ਪਾਰਟੀ ਨੂੰ ਮਜ਼ਬੂਰੀਵੱਸ ਦੋਵੇਂ ਆਗੂਆਂ ਨੂੰ ਧਰਨੇ ਵਾਲੀ ਥਾਂ ਚਲੇ ਜਾਣ ਲਈ ਕਹਿਣਾ ਪਿਆ, ਕਿਉਂਕਿ ਇਹ ਉਹਨਾਂ ਨੂੰ ਜਨਤਕ ਤੌਰ ਤੇ ਪਾਰਟੀ ਪ੍ਰਧਾਨ ਨਾਲ ਵੇਖੇ ਜਾਣਾ ਨਹੀਂ ਚਾਹੁੰਦੀ ਸੀ, ਪਰ ਕਾਂਗਰਸ ਨੇ ਇਹਨਾਂ ਖਿਲਾਫ ਕੋਈ ਵੀ ਕਾਰਵਾਈ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਪਾਰਟੀ ਅਤੇ ਗਾਂਧੀ ਪਰਿਵਾਰ ਨੂੰ ਡਰ ਲੱਗਦਾ ਹੈ ਕਿ ਇਹ ਦੋਵੇਂ ਆਗੂ ਕੁੱਝ ਅਜਿਹੇ ਤੱਥ ਉਜਾਗਰ ਕਰ ਦੇਣਗੇ, ਜਿਸ ਨਾਲ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅਤੇ ਗਾਂਧੀ ਪਰਿਵਾਰ 1984 ਕਤਲੇਆਮ ਦੇ ਕੇਸਾਂ ਵਿਚ ਲਪੇਟੇ ਜਾਣਗੇ।
ਅਕਾਲੀ ਆਗੂ ਨੇ ਕਿਹਾ ਕਿ ਟਾਈਟਲਰ ਇੱਕ ਟੀਵੀ ਇੰਟਰਵਿਊ ਦੌਰਾਨ ਇਹ ਬਿਆਨ ਦੇ ਕੇ ਕਿ ਨਵੰਬਰ 1984 ਵਿਚ ਜਦੋਂ ਸਿੱਖਾਂ ਦਾ ਕਤਲੇਆਮ ਹੋਇਆ ਸੀ ਤਾਂ ਉਸ ਤੋਂ ਪਹਿਲਾਂ ਉਹ ਰਾਜੀਵ ਗਾਂਧੀ ਨੂੰ ਦਿੱਲੀ ਦੇ ਵੱਖ ਵੱਖ ਹਿੱਸਿਆਂ ਵਿਚ ਲੈ ਕੇ ਗਿਆ ਸੀ, ਪਹਿਲਾਂ ਹੀ ਸੰਕੇਤ ਦੇ ਚੁੱਕਿਆ ਹੈ ਕਿ ਜੇਕਰ ਕਾਂਗਰਸ ਪਾਰਟੀ ਉਸ ਖ਼ਿਲਾਫ ਕਾਰਵਾਈ ਕਰਦੀ ਹੈ ਤਾਂ ਉਹ ਹੋਰ ਸਨਸਨੀਖੇਜ਼ ਖੁਲਾਸੇ ਕਰ ਸਕਦਾ ਹੈ। ਉਹਨਾਂ ਕਿਹਾ ਕਿ ਉਸ ਤੋਂ ਬਾਅਦ ਆਈ ਇੱਕ ਸਟਿੰਗ ਵੀਡਿਓ ਵਿਚ ਟਾਈਟਲਰ ਨੇ ਸਿੱਖਾਂ ਦੇ ਕਤਲੇਆਮ ਦੇ ਘਿਨੌਣੇ ਕਾਰਜ ਨੂੰ ਗਾਂਧੀ ਪਰਿਵਾਰ ਦੀ ਸੇਵਾ ਕਰਾਰ ਦਿੱਤਾ ਸੀ ਅਤੇ ਦਾਅਵਾ ਕੀਤਾ ਸੀ ਕਿ ਇਸ ਵਾਸਤੇ ਉਸ ਨੂੰ ਉੱਚਾ ਅਹੁਦਾ ਦਿੱਤੇ ਜਾਣਾ ਦਾ ਭਰੋਸਾ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਨਾ ਕਾਂਗਰਸ ਪਾਰਟੀ ਅਤੇ ਨਾ ਹੀ ਗਾਂਧੀ ਪਰਿਵਾਰ ਨੇ ਟਾਈਟਲਰ ਦੇ ਇਸ ਦਾਅਵੇ ਨੂੰ ਝੁਠਲਾਇਆ ਕਿ ਉਸ ਨੂੰ ਦਿੱਲੀ ਦੇ ਮੁੱਖ ਮੰਤਰੀ ਦਾ ਅਹੁਦਾ ਜਾਂ ਰਾਜ ਸਭਾ ਦੀ ਮੈਂਬਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ। ਇਸ ਤੋਂ ਸਾਬਿਤ ਹੁੰਦਾ ਹੈ ਕਿ ਟਾਈਟਲਰ ਦਾ ਗਾਂਧੀ ਪਰਿਵਾਰ ਉਤੇ ਕਿੰਨਾ ਦਬਦਬਾ ਹੈ।
ਸਾਬਕਾ ਮੰਤਰੀ ਨੇ ਕਿਹਾ ਕਿ ਜੇ ਰਾਹੁਲ ਗਾਂਧੀ ਅਤੇ ਉਸ ਦੀ ਪਾਰਟੀ ਸਿੱਖਾਂ ਦੇ ਖੂਨ ਨਾਲ ਹੱਥ ਰੰਗਣ ਵਾਲੇ ਟਾਈਟਲਰ ਅਤੇ ਸੱਜਣ ਤੋਂ ਖੁਦ ਵੱਖ ਕਰਨ ਬਾਰੇ ਸੱਚਮੁੱਚ ਸੰਜੀਦਾ ਹੈ ਤਾਂ ਉਹਨਾਂ ਦੋਵਾਂ ਨੂੰ ਤੁਰੰਤ ਕਾਂਗਰਸ ਵਿਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਰਾਹੁਲ ਨੂੰ ਇਹ ਕਾਰਵਾਈ ਇੰਨੀ ਦੇਰ ਨਾਲ ਕਰਨ ਵਾਸਤੇ ਸਿੱਖ ਭਾਈਚਾਰੇ ਤੋਂ ਮੁਆਫੀ ਵੀ ਮੰਗਣੀ ਚਾਹੀਦੀ ਹੈ ਅਤੇ ਇਸ ਤੋਂ ਇਲਾਵਾ 1984 ਵਿਚ ਸਿੱਖਾਂ ਦੀ ਹੋਈ ਨਸਲਕੁਸ਼ੀ ਵਿਚ ਕਾਂਗਰਸ ਅਤੇ ਉਸ ਦੇ ਆਪਣੇ ਪਰਿਵਾਰ ਦੀ ਭੂਮਿਕਾ ਬਾਰੇ ਵੀ ਸੱਚ ਬੋਲਣਾ ਚਾਹੀਦਾ ਹੈ।