ਅਕਾਲੀ ਦਲ ਦੇ ਐਸਸੀ ਵਿੰਗ ਨੇ ਹਮਲੇ ਲਈ ਜ਼ਿੰਮੇਵਾਰ ਸਾਰੇ ਸ਼ਿਵ ਸੈਨਾ ਦੇ ਗੁੰਡਿਆਂ ਨੂੰ ਗਿਰਫਤਾਰ ਕਰਨ ਤੋਂ ਇਲਾਵਾ ਉਹਨਾਂ ਦੀ ਸੁਰੱਖਿਆ ਵਾਪਸ ਲੈਣ ਅਤੇ ਲਾਇਸੰਸੀ ਹਥਿਆਰ ਜ਼ਬਤ ਕਰਨ ਦੀ ਮੰਗ ਕੀਤੀ
ਚੰਡੀਗੜ•/17 ਅਪ੍ਰੈਲ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਕਿਹਾ ਹੈ ਕਿ ਉਹ ਇੱਕ ਹਫਤੇ ਦੇ ਅੰਦਰ ਉਹਨਾਂ ਦਲਿਤਾਂ ਵਿਰੁੱਧ ਦਰਜ ਕੀਤੇ ਕੇਸਾਂ ਨੂੰ ਵਾਪਸ ਲੈ ਲਵੇ, ਜਿਹਨਾਂ ਉੱਤੇ ਸ਼ਿਵ ਸੈਨਾ ਦੇ ਗੁੰਡਿਆਂ ਵੱਲੋਂ ਉਸ ਸਮੇਂ ਗੋਲੀਬਾਰੀ ਅਤੇ ਹਮਲਾ ਕੀਤਾ ਗਿਆ ਸੀ, ਜਦੋਂ ਉਹ ਫਗਵਾੜਾ ਵਿਚ ਗੋਲ ਚੌਂਕ ਦਾ ਨਾਂ ਬਦਲ ਕੇ ਸੰਵਿਧਾਨ ਚੌਂਕ ਰੱਖਣ ਵਾਸਤੇ ਸ਼ਾਂਤਮਈ ਢੰਗ ਨਾਲ ਇਕੱਠੇ ਹੋਏ ਸਨ। ਪਾਰਟੀ ਵੱਲੋਂ ਸਰਕਾਰ ਨੂੰ ਅਜਿਹਾ ਨਾ ਕਰਨ ਦੀ ਸੂਰਤ ਵਿਚ ਰਾਜ ਪੱਧਰੀ ਅੰਦੋਲਨ ਦਾ ਸਾਹਮਣਾ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਐਸਸੀ ਵਿੰਗ ਦੇ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਸਮੇਤ ਸੀਨੀਅਰ ਆਗੂਆਂ ਸੋਹਨ ਸਿੰਘ ਠੰਡਲ, ਸਤਵਿੰਦਰ ਕੌਰ ਧਾਲੀਵਾਲ, ਮਹਿੰਦਰ ਕੌਰ ਜੋਸ਼ ਅਤੇ ਪਵਨ ਕੁਮਾਰ ਟੀਨੂੰ ਨੇ ਦਲਿਤਾਂ ਉੱਤੇ 13 ਅਪ੍ਰੈਲ ਨੂੰ ਬਿਨਾਂ ਕਿਸੇ ਭੜਕਾਹਟ ਤੋਂ ਹਮਲਾ ਕਰਨ ਵਾਲੇ ਸਾਰੇ ਦੋਸ਼ੀਆਂ ਨੂੰ ਤੁਰੰਤ ਗਿਰਫਤਾਰ ਕਰਨ ਦੀ ਮੰਗ ਕੀਤੀ ਹੈ। ਸਰਦਾਰ ਰਣੀਕੇ ਨੇ ਇਹ ਵੀ ਕਿਹਾ ਹੈ ਕਿ ਇਸ ਮਾਮਲੇ ਵਿਚ 16 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ, ਪਰੰਤੂ ਉਹਨਾਂ ਵਿਚੋਂ ਵੀ ਅਜੇ ਤੀਕ ਸਿਰਫ 4 ਵਿਅਕਤੀਆਂ ਨੂੰ ਹੀ ਗਿਰਫਤਾਰ ਕੀਤਾ ਗਿਆ ਹੈ।
ਐਸਸੀ ਵਿੰਗ ਦੇ ਪ੍ਰਧਾਨ ਨੇ ਇਹ ਵੀ ਮੰਗ ਕੀਤੀ ਕਿ ਕਾਂਗਰਸ ਸਰਕਾਰ ਸ਼ਿਵ ਸੈਨਾ ਦੇ ਉਹਨਾਂ ਆਗੂਆਂ ਖ਼ਿਲਾਫ ਵੀ ਕਾਰਵਾਈ ਕਰੇ, ਜਿਹਨਾਂ ਨੇ ਦਲਿਤਾਂ ਉੱਤੇ ਇਸ ਹਮਲੇ ਵਾਸਤੇ ਲੋਕਾਂ ਨੂੰ ਭੜਕਾਇਆ ਸੀ ਅਤੇ ਅਜਿਹੇ ਸਾਰੇ ਆਗੂਆਂ ਨੂੰ ਦਿੱਤੇ ਸਾਰੇ ਗੰਨਮੈਨ ਅਤੇ ਸਰਕਾਰੀ ਵਾਹਨ ਵੀ ਵਾਪਸ ਲੈ ਲਏ ਜਾਣ। ਸਰਦਾਰ ਰਣੀਕੇ ਨੇ ਕਿਹਾ ਕਿ ਸ਼ਿਵ ਸੈਨਾ ਦੇ ਆਗੂਆਂ ਦੇ ਲਾਇਸੰਸ ਰੱਦ ਕਰਕੇ ਉਹਨਾਂ ਦੇ ਹਥਿਆਰ ਪੱਕੇ ਤੌਰ ਤੇ ਜ਼ਬਤ ਕਰ ਲੈਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਇਸ ਬਾਰੇ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਅਜਿਹੇ ਵਿਅਕਤੀਆਂ ਨੂੰ ਇੰਨੇ ਸਾਰੇ ਗੰਨਮੈਨ ਕਿਉਂ ਦਿੱਤੇ ਗਏ ਹਨ ਅਤੇ ਇਸ ਕਾਰਵਾਈ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਇਸ ਸਮੁੱਚੇ ਕੇਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਸੀਨੀਅਰ ਅਕਾਲੀ ਆਗੂ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਇਹ ਗੱਲ ਬਿਲਕੁੱਲ ਸਪੱਸ਼ਟ ਹੈ ਕਿ ਇਹ ਸਾਰੀ ਘਟਨਾ ਯੋਜਨਾਬੱਧ ਸੀ, ਕਿਉਂਕਿ ਸ਼ਿਵ ਸੈਨਾ ਦੇ ਗੁੰਡਿਆਂ ਵਲੋਂ ਦਲਿਤਾਂ ਉੱਤੇ ਅੰਨੇ•ਵਾਹ ਫਾਇਰਿੰਗ ਕਰਨ ਤੋਂ ਪਹਿਲਾਂ ਉਸ ਇਲਾਕੇ ਦੀ ਬਿਜਲੀ ਗੁਲ ਕਰ ਦਿੱਤੀ ਗਈ ਸੀ। ਉਹਨਾਂ ਕਿਹਾ ਕਿ ਇਹਨਾਂ ਗੁੰੁਡਿਆਂ ਵੱਲੋਂ 40 ਗੋਲੀਆਂ ਚਲਾਈਆਂ ਗਈਆਂ, ਪਰ ਉੱਥੇ ਤਾਇਨਾਤ ਪੁਲਿਸ ਕਰਮਚਾਰੀ ਮੂਕ ਦਰਸ਼ਕ ਬਣਕੇ ਸਾਰੀ ਘਟਨਾ ਨੂੰ ਵੇਖਦੇ ਰਹੇ ਅਤੇ ਉੁਹਨਾਂ ਨੇ ਗੁੰਡਿਆਂ ਨੂੰ ਕਾਬੂ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਕਿਹਾ ਕਿ ਸਭ ਤੋਂ ਦੁੱਖ ਦੀ ਗੱਲ ਤਾਂ ਇਹ ਸੀ ਕਿ ਪੁਲਿਸ ਨੇ ਡਰਾਉਣ ਲਈ ਦਲਿਤਾਂ ਅਤੇ ਉਹਨਾਂ ਦੇ ਬੱਚਿਆਂ ਵਿਰੁੱਧ ਵੀ ਕੇਸ ਦਰਜ ਕਰ ਲਏ ਹਨ। ਉਹਨਾਂ ਕਿਹਾ ਕਿ ਇਸ ਘਟਨਾ ਦੀ ਅਸਲੀ ਸੱਚਾਈ ਇਹ ਹੈ ਕਿ ਫਗਵਾੜਾ ਮਿਉਂਸੀਪਲ ਕਮੇਟੀ ਦੇ 56 ਕੌਂਸਲਰਾਂ ਵਿਚੋਂ 47 ਕੌਂਸਲਰ ਗੋਲ ਚੌਂਕ ਦਾ ਨਾਂ ਬਦਲ ਕੇ ਸੰਵਿਧਾਨ ਚੌਂਕ ਰੱਖਣ ਦੇ ਜਨਤਕ ਪ੍ਰਸਤਾਵ ਉੱਤੇ ਦਸਤਖ਼ਤ ਕਰ ਚੁੱਕੇ ਹਨ।
ਸ੍ਰੀ ਟੀਨੂੰ ਨੇ ਇਹ ਵੀ ਖੁਲਾਸਾ ਕੀਤਾ ਕਿ ਇਸ ਘਟਨਾ ਦੌਰਾਨ ਸਿਰ ਵਿਚ ਗੋਲੀ ਲੱਗਣ ਨਾਲ ਇੱਕ ਦਲਿਤ ਕਾਰਕੁਨ ਜਸਵੰਤ ਸੇਠੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਸੀ ਅਤੇ ਗੋਲੀਆਂ ਲੱਗਣ ਨਾਲ ਦੋ ਹੋਰ ਵਿਅਕਤੀ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਸਨ। ਉਹਨਾਂ ਸਰਕਾਰ ਨੂੰ ਕਿਹਾ ਕਿ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਚ ਜ਼ੇਰੇ-ਇਲਾਜ ਜਸਵੰਤ ਸੇਠੀ, ਜਿਸ ਨੂੰ ਵੈਂਟੀਲੇਟਰ ਉੱਤੇ ਰੱਖਿਆ ਗਿਆ ਹੈ, ਦੀ ਹਾਲਤ ਵੀ ਜਾਣਕਾਰੀ ਪ੍ਰਦਾਨ ਕਰੇ।
ਦਲਿਤ ਆਗੂਆਂ ਵਿਚ ਸ਼ਾਮਿਲ ਸਤਵੰਤ ਕੌਰ ਸੰਧੂ, ਜਸਟਿਸ (ਸੇਵਾ ਮੁਕਤ) ਨਿਰਮਲ ਸਿੰਘ, ਐਸਆਰ ਕਲੇਰ, ਡਾਕਟਰ ਸੁਖਵਿੰਦਰ ਕੁਮਾਰ, ਬਲਦੇਵ ਖਾਰਾ, ਵਿਜੈ ਦਾਨਵ, ਪਰਮਜੀਤ ਸਿੰਘ ਕਪੂਰਥਲਾ, ਸੇਠ ਸਤਪਾਲ ਮੱਲ ਅਤੇ ਮਨਜੀਤ ਮਹਿਤੋਂ ਨੇ ਕਿਹਾ ਕਿ ਦਲਿਤ ਭਾਈਚਾਰੇ ਉੱਤੇ ਹਮਲੇ ਲਗਾਤਾਰ ਵਧ ਰਹੇ ਹਨ। ਪਿਛਲੇ ਦਿਨੀ ਬਠਿੰਡਾ ਵਿਚ ਵੀ ਅਜਿਹੀ ਘਟਨਾ ਵਾਪਰੀ ਸੀ, ਜਦੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸਾਲੇ ਜੈਜੀਤ ਜੌਹਲ ਉਰਫ ਜੋਜੋ ਨੇ ਜਨਤਕ ਤੌਰ ਤੇ ਦਲਿਤ ਭਾਈਚਾਰੇ ਦੇ ਰੰਗ ਨੂੰ ਲੈ ਕੇ ਜਾਤੀਸੂਚਕ ਅਤੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ। ਆਗੂਆਂ ਨੇ ਕਿਹਾ ਕਿ ਇੱਕ ਹੋਰ ਘਟਨਾ ਫਿਰੋਜ਼ਪੁਰ ਵਿਖੇ ਵਾਪਰੀ ਜਦੋਂ ਸਰਕਾਰੀ ਹਸਪਤਾਲ ਵਿਚ ਦਵਾਈ ਲੈਣ ਗਈ ਇੱਕ ਦਲਿਤ ਔਰਤ ਨੂੰ ਡਾਕਟਰ ਗਾਲੀਗਲੋਚ ਕਰਦਿਆਂ ਬੁਰੀ ਤਰ•ਾਂ ਕੁੱਟਿਆ ਸੀ। ਉਹਨਾਂ ਕਿਹਾ ਕਿ ਇਹ ਸਾਰੀਆਂ ਘਟਨਾਵਾਂ ਕਾਂਗਰਸ ਸਰਕਾਰ ਅਤੇ ਇਸ ਦੇ ਆਗੂਆਂ ਦੀ ਦਲਿਤ-ਵਿਰੋਧੀ ਮਾਨਸਿਕਤਾ ਕਰਕੇ ਵਾਪਰ ਰਹੀਆਂ ਹਨ। ਅਸੀਂ ਇਹਨਾਂ ਸਾਰੇ ਮਾਮਲਿਆਂ ਵਿਚ ਸਰਕਾਰ ਨੂੰ ਠੋਸ ਕਾਰਵਾਈ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਦੇ ਰਹੇ ਹਾਂ। ਜੇਕਰ ਸਰਕਾਰ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਇੱਕ ਰਾਜ ਪੱਧਰੀ ਅੰਦੋਲਨ ਛੇੜਿਆ ਜਾਵੇਗਾ।