ਮੁੱਖ ਮੰਤਰੀ ਦੱਸਣ ਕਿ ਉਹ ਭ੍ਰਿਸ਼ਟਾਚਾਰੀਆਂ ਦੀ ਪੁਸ਼ਤ ਪਨਾਹੀ ਕਿਉਂ ਕਰ ਰਹੇ ਹਨ: ਮਹੇਸ਼ਇੰਦਰ ਸਿੰਘ ਗਰੇਵਾਲ
ਚੰਡੀਗੜ੍ਹ, 24 ਮਈ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਪੁੱਛਿਆ ਕਿ ਉਹ ਦੱਸਣ ਕਿ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟੋਲਰੰਸ ਵਾਲੀ ਨੀਤੀ ਆਮ ਆਦਮੀ ਪਾਰਟੀ ਨੇ ਆਪਣੇ ਭ੍ਰਿਸ਼ਟ ਮੰਤਰੀਆਂ ਤੇ ਵਿਧਾਇਕਾਂ ਖਿਲਾਫ ਕਿਉਂ ਲਾਗੂ ਨਹੀਂ ਕੀਤੀ ਅਤੇ ਉਹਨਾਂ ਖਿਲਾਫ ਕੇਸ ਕਮਜ਼ੋਰ ਕਿਉਂ ਕੀਤੇ ਜਾ ਰਹੇ ਹਨ।
ਮੁੱਖ ਮੰਤਰੀ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਹੈਲਪ ਲਾਈਨ ਨੰਬਰ ਜਾਰੀ ਕਰਨ ’ਤੇ ਆਪਣੇ ਆਪ ਨੂੰ ਵਧਾਈ ਦੇਣ ਅਤੇ ਇਸ ਨੰਬਰ ਦਾ ਲੋਕਾਂ ਨੂੰ ਕਿੰਨਾ ਫਾਇਦਾ ਹੋਇਆ ਇਹ ਦੱਸਣ ’ਤੇ ਪ੍ਰਤੀਕਰਮ ਸੀਨੀਅਰ ਅਕਾਲੀ ਆਗੂ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਪਬਲੀਸਿਟੀ ਸਟੰਟ ਕਰ ਕੇ ਪੰਜਾਬੀਆਂ ਨੂੰ ਮੂਰਖ ਬਣਾਉਣ ਦਾ ਯਤਨ ਨਾ ਕਰਨ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਤੁਹਾਡੀ ਸਰਕਾਰ ਹੁਣ ਤੱਕ ਦੀ ਸਭ ਤੋਂ ਭ੍ਰਿਸ਼ਟ ਸਰਕਾਰ ਹੈ ਅਤੇ ਤੁਸੀਂ ਭ੍ਰਿਸ਼ਟਾਚਾਰ ਅਤੇ ਅਨੈਤਿਕ ਕੰਮਾਂ ਵਿਚ ਲੱਗੇ ਮੰਤਰੀਆਂ ਤੇ ਵਿਧਾਇਕਾਂ ਖਿਲਾਫ ਕਾਰਵਾਈ ਕਰਨ ਵਿਚ ਨਾਕਾਮ ਰਹੇ ਹੋ।
ਉਦਾਹਰਣਾਂ ਦਿੰਦਿਆਂ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਕੈਬਨਿਟ ਵਿਚੋਂ ਕੱਢ ਕੇ ਪਹਿਲ ਕੀਤੀ ਸੀ ਤੇ ਐਲਾਨ ਕੀਤਾ ਸੀ ਕਿ ਮੰਤਰੀ ਨੇ ਆਪਣਾ ਭ੍ਰਿਸ਼ਟਾਚਾਰ ਕਬੂਲ ਕਰ ਲਿਆ ਹੈ ਪਰ ਉਹਨਾਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਇਸਦੇ ਸਬੂਤ ਨਹੀਂ ਦਿੱਤੇ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਤਾਂ ਮੰਤਰੀ ਦੇ ਖਿਲਾਫ ਰਸਮੀ ਸ਼ਿਕਾਇਤ ਦਰਜ ਕਰਵਾਉਣ ਵਿਚ ਵੀ ਫੇਲ੍ਹ ਸਾਬਤ ਹੋਏ ਹਨ ਜਿਸ ਕਾਰਨ ਉਹਨਾਂ ਖਿਲਾਫ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਵੀ ਸਿੰਗਲਾ ਖਿਲਾਫ ਕਾਰਵਾਈ ਨਹੀਂ ਕੀਤੀ ਤੇ ਉਹ ਸਰਕਾਰੀ ਮੀਟਿੰਗਾਂ ਆਦਿ ਵਿਚ ਮਾਣ ਨਾਲ ਸ਼ਾਮਲ ਹੁੰਦੇ ਹਨ।
ਸਰਦਾਰ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਅੱਜ ਲੋਕਾਂ ਨੂੰ ਆਖਿਆ ਹੈ ਕਿ ਉਹ ਭ੍ਰਿਸ਼ਟਾਚਾਰੀਆਂ ਨੂੰ ਫੜਨ ਵਾਸਤੇ ਆਡੀਓ ਤੇ ਵੀਡੀਓ ਕਲਿੱਪ ਪੇਸ਼ ਕਰਨ ਪਰ ਉਹ ਜੰਗਲਾਤ ਮੰਤਰੀ ਫੌਜਾ ਸਿੰਘ ਸਰਾਰੀ ਦੇ ਖਿਲਾਫ ਕਾਰਵਾਈ ਕਰਨ ਵਿਚ ਨਾਕਾਮ ਰਹੇ ਹਨ ਜਦੋਂ ਕਿ ਉਹਨਾਂ ਦੀ ਆਡੀਓ ਜਨਤਕ ਹੋਈ ਸੀ ਜਿਸ ਵਿਚ ਉਹ ਕਿਸੇ ਠੇਕੇਦਾਰ ਦੀ ਮਦਦ ਨਾਲ ਸਰਕਾਰੀ ਅਧਿਕਾਰੀਆਂ ਕੋਲੋਂ ਪੈਸੇ ਉਗਰਾਹੁਣ ਦੀ ਗੱਲ ਕਰਦੇ ਸੁਣੇ ਗਏ ਸਨ। ਉਹਨਾਂ ਕਿਹਾ ਕਿ ਸਰਾਰੀ ਦੇ ਨਜ਼ਦੀਕੀ ਨੇ ਆਡੀਓ ਕਲਿੱਪ ਦੀ ਪੁਸ਼ਟੀ ਕੀਤੀ ਸੀ ਪਰ ਫਿਰ ਵੀ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।
ਅਕਾਲੀ ਆਗੂ ਨੇ ਕਿਹਾ ਕਿ ਇਯੇ ਤਰੀਕੇ ਮੁੱਖ ਮੰਤਰੀ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ ਖਿਲਾਫ ਵੀ ਕਾਰਵਾਈ ਕਰਨ ਵਿਚ ਨਾਕਾਮ ਰਹੇ ਹਨ ਜੋ ਜਿਸਮ ਫਰੋਸ਼ੀ ਦੇ ਧੰਦੇ ਵਿਚ ਸ਼ਾਮਲ ਪਾਏ ਗਏ ਤੇ ਇਕ ਵਪਾਰੀ ਤੇ ਫਿਰ ਇਕ ਵਪਾਰੀ ਕੋਲੋਂ ਪੈਸੇ ਉਗਰਾਹੁੰਦੇ ਫੜੇ ਗਏ। ਉਹਨਾਂ ਕਿਹਾ ਕਿ ਆਪ ਦੇ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਖਿਲਾਫ ਭ੍ਰਿਸ਼ਟਾਚਾਰ ਦੇ ਠੋਸ ਸਬੂਤ ਉਪਲਬਧ ਅਤੇ ਜਿਸ ਸਰਪੰਚ ਤੋਂ ਉਹ ਪੈਸੇ ਲੈ ਰਿਹਾ ਸੀ, ਉਸ ਵੱਲੋਂ ਸਬੂਤ ਦੇਣ ਦੇ ਬਾਵਜੂਦ ਵਿਧਾਇਕ ਖਿਲਾਫ ਕੇਸ ਨੂੰ ਕਮਜ਼ੋਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਸਰਦਾਰ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਉਹਨਾਂ ਆਗੂਆਂ ਖਿਲਾਫ ਵੀ ਕਾਰਵਾਈ ਕਰਨ ਵਿਚ ਨਾਕਾਮ ਰਹੇ ਹਨ ਜਿਹਨਾਂ ਨੂੰ ਅਨੈਤਿਕ ਕੰਮਾਂ ਵਿਚ ਸ਼ਾਮਲ ਪਾਇਆ ਗਿਆ ਸੀ। ਉਹਨਾਂ ਕਿਹਾ ਕਿ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲਚੰਦ ਕਟਾਰੂਚੱਕ ਦੀ ਜਿਣਸੀ ਸੋਸ਼ਣ ਦੀ ਵੀਡੀਓ ਮਿਲੀ ਜਿਸਨੂੰ ਪੁਲਿਸ ਅਧਿਕਾਰੀਆਂ ਨੇ ਸਹੀ ਪਾਇਆ ਪਰ ਉਹਨਾਂ ਖਿਲਾਫ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ।
ਅਕਾਲੀ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਸਭ ਨੇ ਆਪ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਅਸਲ ਚੇਹਰਾ ਬੇਨਕਾਬ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਜਦੋਂ ਤੁਸੀਂ ਆਪ ਹੀ ਭ੍ਰਿਸ਼ਟ ਅਤੇ ਅਨੈਤਿਕ ਆਗੂਆਂ ਦੀ ਪੁਸ਼ਤ ਪਨਾਹੀ ਕਰ ਰਹੇ ਹਨ ਤਾਂ ਫਿਰ ਪੰਜਾਬੀ ਭ੍ਰਿਸ਼ਟਾਚਾਰ ਖਿਲਾਫਾ ਸਬੂਤ ਕਿਵੇਂ ਦੇਣਗੇ।