ਕਿਹਾ ਕਿ ਬਦਲਾਖੋਰੀ ਦੀ ਰਾਜਨੀਤੀ ਦਾ ਕਦੇ ਲਾਭ ਨਹੀਂ ਮਿਲਦਾ ਜੋ ਚੰਨੀ ਤੇ ਸਿੱਧੂ ਦੇ ਹਾਲਾਤਾਂ ਤੋਂ ਸਪਸ਼ਟ ਹੈ
ਕਿਹਾ ਕਿ ਆਪ ਸਰਕਾਰ ਨੇ ਕੀਤੇ ਵਾਅਦੇ ਲਾਗੂ ਕਰਨ ਤੋਂ ਇਨਕਾਰ ਕਰ ਕੇ ਪੰਜਾਬੀਆਂ ਨਾਲ ਧੋਖਾ ਕੀਤਾ
ਬਾਬਾ ਬਕਾਲਾ, 19 ਅਗਸਤ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਭਾਈ ਬਲਵੰਤ ਸਿੰਘ ਰਾਜੋਆਣਾ ਸਮੇਤ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਅਤੇ ਕਿਹਾ ਕਿ ਬੰਦੀ ਸਿੰਘਾਂ ਨੂੰ ਵੀ ਪਰਿਵਾਰਾਂ ਕੋਲ ਪਰਤਣ ਦਾ ਪੂਰਾ ਅਧਿਕਾਰ ਹੈ ਕਿਉਂਕਿ ਉਹਨਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕੀਤੀਆਂ, ਕਈਆਂ ਨੇ ਤਾਂ ਦੁੱਗਣੀ ਸਜ਼ਾ ਕੱਟੀ।
ਸੀਨੀਅਰ ਆਗੂ ਇਥੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਚ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਹਨਾਂ ਨੇ ਗੁਰਦੁਆਰਾ ਸਾਹਿਬ ਵਿਚ ਸੰਗਤ ਦਾ ਵੀ ਧੰਨਵਾਦ ਕੀਤਾ ਜਿਸਨੇ ਉਹਨਾਂ ਦੀ ਡਟਵੀਂ ਹਮਾਇਤ ਕੀਤੀ ਤੇ ਉਹਨਾਂ ਦੀ ਸਲਾਮਤੀ ਵਾਸਤੇ ਬੇਅੰਤ ਅਰਦਾਸਾਂ ਕੀਤੀਆਂ। ਉਹਨਾਂ ਕਿਹਾ ਕਿ ਇਹਨਾਂ ਅਰਦਾਸਾਂ ਦੇ ਸਦਕਾ ਹੀ ਉਹਨਾਂ ਨੂੰ ਉਸ ਝੂਠੇ ਕੇਸ ਵਿਚੋਂ ਜ਼ਮਾਨਤ ਮਿਲੀ ਜਿਸਦਾ ਮਕਸਦ ਉਹਨਾਂ ਦਾ ਸਿਆਸੀ ਕੈਰੀਅਰ ਖਤਮ ਕਰਨਾ ਸੀ।
ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਦੇਸ਼ ਨੂੰ ਸੰਵਿਧਾਨ ਅਨੁਸਾਰ ਚਲਾਇਆ ਜਾਣਾ ਚਾਹੀਦਾ ਹੈ ਤੇ ਲੋਕਤੰਤਰ ਵਿਚ ਕਾਨੂੰਨ ਦਾ ਰਾਜ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਉਮਰ ਕੈਦਾਂ ਪੂਰੀਆਂ ਕਰਨ ਦੇ ਬਾਵਜੂਦ ਬੰਦੀ ਸਿੰਘ ਜੇਲ੍ਹਾਂ ਵਿਚ ਬੰਦ ਹਨ। ਉਹਨਾਂ ਕਿਹਾ ਕਿ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਸਾਡੀਆਂ ਅਰਦਾਸਾਂ ਨਾਲ ਉਹਨਾਂ ਦੀ ਰਿਹਾਈ ਛੇਤੀ ਹੋਵੇਗੀ।
ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਚ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਰਦਾਰ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਬੰਦੀ ਸਿੰਘਾਂ ਨੂੰ ਉਹਨਾਂ ਵੱਲੋਂ ਕੀਤੀਆਂ ਕਾਰਵਾਈਆਂ ਦੀ ਸਜ਼ਾ ਮਿਲ ਚੁੱਕੀ ਹੈ। ਉਹਨਾਂ ਕਿਹਾ ਕਿ ਬੰਦੀ ਸਿੰਘਾਂ ਨੇ 1984 ਵਿਚ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਤੇ ਬੇਅਦਬੀ ਅਤੇ ਸਿੱਖਾਂ ਦੀ ਨਸਲਕੁਸ਼ੀ ਵਰਗੀਆਂ ਭੜਕਾਊ ਘਟਨਾਵਾਂ ਤੋਂ ਪ੍ਰਭਾਵਤ ਹੋ ਕੇ ਕਾਰਵਾਈਆਂ ਕੀਤੀਆਂ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਭਾਈ ਰਾਜੋਆਣਾ ਬਹੁਤ ਔਖੇ ਹਾਲਾਤਾਂ ਵਿਚੋਂ ਲੰਘ ਰਹੇ ਹਨ ਤੇ 28 ਸਾਲਾਂ ਤੋਂ ਇਕ 8 ਗੁਣਾ 8 ਫੁੱਟ ਦੀ ਜੇਲ ੍ਹ ਦੀ ਫਾਂਸੀ ਦੀ ਚੱਕੀ ਵਿਚ ਬੰਦੀ ਹਨ।
ਪਿਛਲੀ ਕਾਂਗਰਸ ਸਰਕਾਰ ਵੱਲੋਂ ਕੀਤੀ ਬਦਲਾਖੋਰੀ ਦੀ ਰਾਜਨੀਤੀ ਦੀ ਗੱਲ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਇਸਦਾ ਕਦੇ ਲਾਭ ਨਹੀਂ ਹੁੰਦਾ। ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਕੈਨੇਡਾ ਭੱਜ ਗਏ ਹਨ ਤੇ ਵਾਪਸ ਨਹੀਂ ਪਰਤ ਰਹੇ ਤੇ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ਮਗਰੋਂ ਜੇਲ੍ਹ ਵਿਚ ਸਜ਼ਾ ਭੁਗਤ ਰਹੀ ਹੈ।
ਇਕ ਸਵਾਲ ਦੇ ਜਵਾਬ ਵਿਚ ਮਜੀਠਾ ਦੇ ਤਿੰਨ ਵਾਰ ਵਿਧਾਇਕ ਰਹੇ ਸਾਬਕਾ ਮੰਤਰੀ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਇਨਕਾਰੀ ਹੈ। ਉਹਨਾਂ ਕਿਹਾ ਕਿ ਪੰਜਾਬੀਆਂ ਨਾਲ ਪਹਿਲਾਂ ਕਾਂਗਰਸ ਨੇ ਧੋਖਾ ਕੀਤਾ ਤੇ ਹੁਣ ਆਪ ਸਰਕਾਰ ਵੀ ਉਸੇ ਰਾਹ ਚਲ ਰਹੀ ਹੈ ਤੇ ਔਰਤਾਂ ਨੁੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਆਪਣਾ ਵਾਅਦਾ ਪੂਰਾ ਨਹੀਂ ਕਰ ਰਹੀ ਤੇ ਨਾ ਹੀ ਠੇਕੇ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗੂਲਰ ਕਰ ਰਹੀ ਹੈ ਤੇ ਨਾ ਹੀ ਨੌਜਵਾਨਾਂ ਨੂੰ ਨੌਕਰੀਆਂ ਦੇ ਰਹੀ ਹੈ। ਉਹਨਾਂ ਕਿਹਾ ਕਿ ਬਿਜਲੀ ਮੁਆਫੀ ਸਕੀਮ ਵਿਚ ਲਾਈਆਂ ਸ਼ਰਤਾਂ ਕਾਰਨ ਆਮ ਆਦਮੀ ਉਸਦਾ ਲਾਭ ਨਹੀਂ ਲੈ ਸਕਦਾ।
ਇਕ ਹੋਰ ਸਵਾਲ ਦੇ ਜਵਾਬ ਵਿਚ ਸਰਦਾਰ ਮਜੀਠੀਆ ਨੇ ਕਿਹਾ ਕਿ ਆਪ ਸਰਕਾਰ ਮਹਿੰਗਾਈ ਦੀ ਮਾਰ ਝੱਲ ਰਹੇ ਆਮ ਆਦਮੀ ਨੂੰ ਕੋਈ ਰਾਹਤ ਨਹੀਂ ਦੇ ਰਹੀ। ਇਸਨੇ ਪੈਟਰੋਲ ਅਤੇ ਡੀਜ਼ਲ ’ਤੇ ਸੂਬੇ ਦਾ ਵੈਟ ਘਟਾਉਣ ਤੋਂ ਨਾਂਹ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਗੰਨਾ ਕਿਸਾਨ ਇਸ ਕਰ ਕੇ ਪੀੜਤ ਹਨ ਕਿਉਂਕਿ ਉਹਨਾਂ ਦੇ ਬਕਾਏ ਨਹੀਂ ਦਿੱਤੇ ਜਾ ਰਹੇ ਤੇ ਗੰਨੇ ਦਾ ਸਰਕਾਰੀ ਯਕੀਨੀ ਭਾਅ ਵੀ ਹਰਿਆਣਾ ਤੇ ਉੱਤਰ ਪ੍ਰਦੇਸ਼ ਨਾਲੋਂ ਘੱਟ ਹੈ।
ਸਰਦਾਰ ਮਜੀਠੀਆ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਸ੍ਰੀ ਮਨੀਸ਼ ਸਿਸੋਦੀਆ ਦੇ ਘਰ ’ਤੇ ਸੀ ਬੀ ਆਈ ਦਾ ਛਾਪਿਆਂ ਬਾਰੇ ਕਿਹਾ ਕਿ ਦਿੱਲੀ ਦੀ ਨੁਕਸਦਾਰ ਆਬਕਾਰੀ ਨੀਤੀ ਜੋ ਪੰਜਾਬ ਵਿਚ ਵੀ ਲਾਗੂ ਕੀਤੀ ਗਈ ਹੈ, ਦੀ ਪੜਤਾਲ ਨਾਲ ਹੁਣ ਬਹੁਤ ਕੁਝ ਜੱਗ ਜ਼ਾਹਰ ਹੋਵੇਗਾ।
ਉਹਨਾਂ ਨੇ ਉਹਨਾਂ ਤੇ ਉਹਨਾਂ ਦੇ ਪਰਿਵਾਰ ਦਾ ਸਾਥ ਦੇਣ ਲਈ ਮਜੀਠਾ ਹਲਕੇ ਦੀ ਸੰਗਤ ਦਾ ਵੀ ਧੰਨਵਾਦ ਕੀਤਾ ਤੇ ਕਿਹਾ ਕਿ ਮਜੀਠਾ ਹਲਕੇ ਤੋਂ ਉਹਨਾਂ ਦੀ ਪਤਨੀ ਸਰਦਾਰਨੀ ਗਨੀਵ ਕੌਰ ਮਜੀਠੀਆ 26 ਹਜ਼ਾਰ ਤੋਂ ਜ਼ਿਆਦਾ ਵੋਟਾਂ ਨਾਲ ਜਿੱਤੇ ਹਨ ਕਿਉਂਕਿ ਲੋਕਾਂ ਨੇ ਉਹਨਾਂ ਦੇ ਪਰਿਵਾਰ ਅਤੇ ਹਲਕੇ ਨਾਲ ਉਹਨਾਂ ਦੀ ਵਚਨਬੱਧਤਾ ’ਤੇ ਭਰੋਸਾ ਕੀਤਾ ਹੈ।