ਕਿਸਾਨਾਂ ਨੂੰ ਉਹਨਾਂ ਦੀ ਮੰਗ ਅਨੂਸਾਰ ਜ਼ਮੀਨ ਐਕਵਾਇਰ ਕਰਨ ਦਾ ਮੁਆਵਜ਼ਾ ਦੇ ਕੇ ਕੌਮੀ ਸ਼ਾਹਮਾਰਗਾਂ ਦੀ ਉਸਾਰੀ ਦੇ ਮਸਲੇ ਹੱਲ ਕਰਵਾਓ: ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ
ਚੰਡੀਗੜ੍ਹ, 12 ਜੁਲਾਈ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਕਿਸਾਨਾਂ ਨੂੰ ਉਹਨਾਂ ਦੀਆਂ ਮੰਗਾਂ ਮੁਤਾਬਕ ਮੁਆਵਜ਼ਾ ਦੇ ਕੇ ਕੌਮੀ ਸ਼ਾਹ ਮਾਰਗਾਂ ਦੀ ਉਸਾਰੀ ਵਿਚ ਆਏ ਸਾਰੇ ਅੜਿਕਿਆਂ ਨੂੰ ਦੂਰ ਕਰਨ ਅਤੇ 3303 ਕਰੋੜ ਰੁਪਏ ਦੇ ਤਿੰਨ ਰੱਦ ਹੋਏ ਅਤੇ 4942 ਕਰੋੜ ਰੁਪਏ 4 ਹੋਰ ਪ੍ਰਾਜੈਕਟ ਰੱਦ ਕਰਨ ਦੇ ਫੈਸਲਿਆਂ ਦੀ ਸਮੀਖਿਆ ਕੀਤੇ ਜਾਣ ਦੀ ਮੰਗ ਕਰਨ।
ਸੂਬੇ ਵਿਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐਨ ਐਚ ਏ ਆਈ) ਤਿੰਨ ਕੌਮੀ ਸ਼ਾਹ ਮਾਰਗ ਪ੍ਰਾਜੈਕਟ ਕੀਤੇ ਜਾਣ ਅਤੇ 4 ਹੋਰਨਾਂ ਨੂੰ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਣ ’ਤੇ ਹੈਰਾਨੀ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸੂਬੇ ਦੇ ਇਤਿਹਾਸ ਵਿਚ ਪਹਿਲਾਂ ਅਜਿਹੀ ਕਾਰਵਾਈ ਕਦੇ ਨਹੀਂ ਹੋਈ। ਉਹਨਾਂ ਕਿਹਾ ਕਿ ਇਹਨਾਂ ਮਾੜੇ ਹਾਲਾਤਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਦਾ ਵਾਜਬ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕਰਦੇ ਕਿਸਾਨਾਂ ਨੂੰ ਮਿਲਣ ਤੋਂ ਵੀ ਨਾਂਹ ਕਰ ਦਿੱਤੀ ਅਤੇ ਮੁਆਵਜ਼ਾ ਐਲਾਨੇ ਜਾਣ ਤੇ ਕਿਸਾਨਾਂ ਨੂੰ ਵੰਡੇ ਜਾਣ ਵਿਚ ਵੀ ਹੈਰਾਨੀਜਨਕ ਦੇਰੀ ਹੋਈ ਹੈ।
ਸਰਦਾਰ ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਫੌਰੀ ਕਾਰਵਾਈ ਕਰਨ ਅਤੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਪੰਜਾਬੀਆਂ ਨੂੰ ਦੱਸੇ ਕਿ ਉਹ 3700 ਕਰੋੜ ਰੁਪਏ ਦੀ ਵੰਡ ਨਾ ਕਰਨ ਅਤੇ 845 ਹੈਕਟੇਅਰ ਜ਼ਮੀਨ ਲਈ ਮੁਆਵਜ਼ੇ ਦਾ ਫੈਸਲਾ ਨਾ ਕਰਨ ਕਰ ਕੇ ਵਿਕਾਸ ਦੇ ਰਾਹ ਵਿਚ ਅੜਿਕਾ ਕਿਉਂ ਬਣ ਰਹੀ ਹੈ।
ਸਰਦਾਰ ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਸਿੱਖਣ ਜਿਹਨਾਂ ਨੇ 2016 ਵਿਚ ਪਟਿਆਲਾ ਵਿਚ ਦੱਖਣੀ ਬਾਈਪਾਸ ਲਈ ਐਕਵਾਇਰ ਕੀਤੀ ਜ਼ਮੀਨ ਲਈ ਕਿਸਾਨਾਂ ਨੂੰ 1.93 ਕਰੋੜ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਸੀ। ਉਹਨਾਂਕਿਹਾ ਕਿ ਹੁਣ 7 ਸਾਲਾਂ ਬਾਅਦ ਆਪ ਸਰਕਾਰ ਉੱਤਰੀ ਬਾਈਪਾਸ ਵਾਸਤੇ ਸਿਰਫ 30 ਲੱਖ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦੇਣ ਦੇ ਐਲਾਨ ਕਰ ਰਹੀ ਹੈ।
ਉਹਨਾਂ ਕਿਹਾ ਕਿ ਕਿਸਾਨਾਂ ਨੂੰ ਨਿਆਂ ਦੇਣ ਲਈ ਹਰ ਯਤਨ ਕੀਤਾ ਜਾਣਾ ਚਾਹੀਦਾ ਹੈ ਅਤੇ ਉੱਤਰੀ ਬਾਈਪਾਸ ਲਈ ਐਕਵਾਇਰ ਕੀਤੀ ਜਾ ਰਹੀ 300 ਏਕੜ ਜ਼ਮੀਨ ਵਾਸਤੇ ਕਿਸਾਨਾਂ ਨੂੰ 2.88 ਕਰੋੜ ਰੁਪਏ ਪ੍ਰਤੀ ਏਕੜ ਦੇ ਬੇਸ ਰੇਟ ਨਾਲ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸੂਬੇ ਦੇ ਹੋਰ ਹਿੱਸਿਆਂ ਵਿਚ ਵੀ ਇਹੋ ਜਿਹੇ ਹੀ ਹਾਲਾਤ ਹਨ ਕਿਉ਼ਂਕਿ ਆਪ ਸਰਕਾਰ ਕਿਸਾਨਾਂ ਨੂੰ ਚਿੱਲੜ ਦੇਣ ਦੀ ਪੇਸ਼ਕਸ਼ ਕਰ ਰਹੀ ਹੈ ਜਿਸ ਕਾਰਣ ਸੂਬੇ ਵਿਚ ਅਹਿਮ ਹਾਈਵੇ ਪ੍ਰਾਜੈਕਟ ਖ਼ਤਰੇ ਵਿਚ ਪੈ ਗਏ ਹਨ ਜਿਸ ਨਾਲ ਸੂਬੇ ਦਾ ਵਿਕਾਸ ਜੁੜਿਆ ਹੋਇਆ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਪ੍ਰਾਪੇਗੰਡੇ ਵਾਲੀਆਂ ਸਾਰੀਆਂ ਕਾਰਵਾਈਆਂ ਬੰਦ ਕਰਨ, ਹਾਲਾਤ ਦੀ ਸਮੀਖਿਆ ਕਰਨ, ਨਿਸ਼ਚਿਤ ਸਮੇਂ ਵਿਚ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਕਿਸਾਨਾਂ ਦੀ ਮੰਗ ਮੁਤਾਬਕ ਉਹਨਾਂ ਨੂੰ ਪੈਸਾ ਦਿੱਤਾ ਜਾਵੇ। ਉਹਨਾਂਕਿਹਾ ਕਿ ਮੁੱਖ ਮੰਤਰੀ ਤਿੰਨ ਪ੍ਰਾਜੈਕਟਾਂ ਨੂੰ ਰੱਦ ਕਰਨ ਤੇ ਚਾਰ ਹੋਰਨਾਂ ਨੂੰ ਰੱਦ ਕਰਨ ਦੀ ਪ੍ਰਕਿਰਿਆ ਆਰੰਭਣ ਦੇ ਫੈਸਲਿਆਂ ਦੀ ਸਮੀਖਿਆ ਦੀ ਮੰਗ ਕਰਨ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਆਖਿਆ ਕਿ ਪੰਜਾਬ ਦੇ ਵਿਕਾਸ ਵਾਸਤੇ ਮਿਆਰੀ ਹਾਈਵੇ ਦੀ ਬਹੁਤ ਅਹਿਮੀਅਤ ਹੈ। ਉਹਨਾਂ ਮੁੱਖ ਮੰਤਰੀ ਨੂੰ ਕਿਹਾ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਨੇ ਹਾਈਵੇ ਵਿਕਾਸ ਨੂੰ ਸਭ ਤੋਂ ਪਹਿਲੀ ਤਰਜੀਹ ਬਣਾਇਆ ਸੀ ਅਤੇ 30 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟ ਸਫਲਤਾ ਨਾਲ ਮੁਕੰਮਲ ਕੀਤੇ ਸਨ। ਤੁਸੀਂ ਆਪਣੀਆਂ ਕਾਰਵਾਈਆਂ ਨਾਲ ਇਸ ਕੰਮ ਨੂੰ ਰੋਕਣ ਨਾਲੋਂ ਬਾਦਲ ਸਾਹਿਬ ਦੀ ਵਿਰਾਸਤ ਅੱਗੇ ਤੋਰਨ ਤੇ ਪ੍ਰਾਜੈਕਟ ਮੁਕੰਮਲ ਕਰਵਾਉਣ।