ਵਿਰਸਾ ਵਲਟੋਹਾ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਸਿੱਖ ਕਤਲੇਆਮ ਲਈ ਜ਼ਿੰਮੇਵਾਰ ਠਹਿਰਾਉਣ ਵਾਸਤੇ ਕਾਂਗਰਸੀ ਆਗੂ
ਗੁਰਪ੍ਰੀਤ ਸੰਧੂ ਦੀ ਕੀਤੀ ਪ੍ਰਸੰਸਾ
ਚੰਡੀਗੜ•/19 ਅਪ੍ਰੈਲ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਿੱਖ ਨਸਲਕੁਸ਼ੀ ਦੀ ਸਾਜਿਸ਼ ਰਚਣ ਲਈ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪਾਰਟੀ ਨੇ ਕਾਂਗਰਸ ਪ੍ਰ੍ਰਧਾਨ ਰਾਹੁਲ ਗਾਂਧੀ ਨੂੰ ਕਿਹਾ ਹੈ ਕਿ 1984 ਵਿੱਚ ਦਿੱਲੀ ਅੰਦਰ ਸਿੱਖਾਂ ਦਾ ਕਤਲੇਆਮ ਕਰਵਾਉਣ ਵਾਲੇ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਵਰਗੇ ਆਗੂਆਂ ਨੂੰ ਉਹ ਤੁਰੰਤ ਪਾਰਟੀ ਵਿਚੋਂ ਕੱਢਣ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸਰਦਾਰ ਵਿਰਸਾ ਸਿੰਘ ਵਲਟੋਹਾ ਨੇ ਪੰਜਾਬ ਕਾਂਗਰਸ ਦੇ ਇੱਕ ਆਗੂ ਵੱਲੋਂ ਇੱਕ ਟੈਲੀਵੀਜ਼ਨ ਬਹਿਸ ਦੌਰਾਨ 1984 ਵਿਚ ਸਿੱਖਾਂ ਦੇ ਕਤਲੇਆਮ ਲਈ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਜ਼ਿੰਮੇਵਾਰੀ ਠਹਿਰਾਉਣ ਦੇ ਲਏ 'ਦਲੇਰਾਨਾ ਸਟੈਂਡ' ਦੀ ਪ੍ਰਸੰਸਾ ਕੀਤੀ। ਉਹਨਾਂ ਕਿਹਾ ਕਿ ਸਾਫ ਹੈ ਕਿ ਕਾਂਗਰਸੀ ਬੁਲਾਰਾ ਇਸ ਕੇਸ ਦੇ ਕੁੱਝ ਅਜਿਹੇ ਤੱਥਾਂ ਬਾਰੇ ਜਾਣਦਾ ਹੈ, ਜਿਸ ਕਰਕੇ ਉਸ ਨੇ ਅਜਿਹਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਹਾਲ ਹੀ ਵਿਚ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਵੱਲੋਂ ਇਹ ਖੁਲਾਸਾ ਕੀਤਾ ਗਿਆ ਸੀ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਮਗਰੋਂ ਸ਼ਹਿਰ ਦੇ ਜਿਹਨਾਂ ਇਲਾਕਿਆਂ ਵਿਚ ਸਭ ਤੋਂ ਵੱਧ ਸਿੱਖ ਮਾਰੇ ਗਏ ਸਨ, ਹਿੰਸਾ ਭੜਕਣ ਤੋਂ ਪਹਿਲਾਂ ਉਹ ਰਾਜੀਵ ਗਾਂਧੀ ਨੂੰ ਉਹਨਾਂ ਇਲਾਕਿਆਂ ਵਿਚ ਲੈ ਕੇ ਗਿਆ ਸੀ। ਇਸ ਲਈ ਇਸ ਕਤਲੇਆਮ ਵਿਚ ਗਾਂਧੀ ਪਰਿਵਾਰ ਦੀ ਭੂਮਿਕਾ ਦਾ ਪਰਦਾਫਾਸ਼ ਕਰਨ ਲਈ ਸਮੁੱਚੇ ਕੇਸ ਨੂੰ ਦੁਬਾਰਾ ਤੋਂ ਖੋਲਿ•ਆ ਜਾਣਾ ਚਾਹੀਦਾ ਹੈ। ਇਹਨਾਂ ਦੋਵੇਂ ਗਵਾਹੀਆਂ ਹੋਰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ।
ਸਰਦਾਰ ਵਲਟੋਹਾ ਨੇ ਕਿਹਾ ਕਿ ਇਹ ਇੱਕ ਚੰਗਾ ਸੰਕੇਤ ਹੈ ਕਿ ਕਾਂਗਰਸ ਆਗੂ ਡਾਕਟਰ ਗੁਰਪ੍ਰੀਤ ਸੰਧੂ ਨੇ ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣਿਆ ਅਤੇ ਸਾਡੇ ਦੇਸ਼ ਦੇ ਇਤਿਹਾਸ ਵਿਚ ਵਾਪਰੇ ਇਸ ਸਭ ਤੋਂ ਨਿਰਦਈ ਅਣਮਨੁੱਖੀ ਕਾਰੇ ਲਈ ਜ਼ਿੰਮੇਵਾਰ ਦੋਸ਼ੀਆਂ ਦੇ ਨਾਂ ਦੱਸ ਦਿੱਤੇ। ਉਹਨਾਂ ਕਿਹਾ ਕਿ ਡਾਕਟਰ ਸੰਧੂ ਨੇ ਇਸ ਮਾਮਲੇ ਵਿਚ ਰਾਜੀਵ ਗਾਂਧੀ ਖ਼ਿਲਾਫ ਕੇਸ ਦਰਜ ਕਰਨ ਦੀ ਸਹੀ ਮੰਗ ਕੀਤੀ ਹੈ। ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਰਾਜੀਵ ਗਾਂਧੀ ਨੇ ਨਿਰਦੋਸ਼ ਸਿੱਖਾਂ ਦਾ ਕਤਲੇਆਮ ਹੁੰਦਾ ਵੇਖ ਕੇ ਨਜ਼ਰ ਅੰਦਾਜ਼ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਨਵੇਂ ਸਬੂਤ ਇਹ ਇਸ਼ਾਰਾ ਕਰ ਰਹੇ ਹਨ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਜਾਣਬੁੱਝ ਕੇ ਇਹ ਕਤਲੇਆਮ ਹੋਣ ਦਿੱਤਾ, ਕਿਉਂਕਿ ਇਹ ਕਾਂਗਰਸੀਆਂ ਵੱਲੋਂ ਕੀਤਾ ਗਿਆ ਗਿਆ ਸੀ। ਇਸ ਮਾਮਲੇ ਦੀ ਡੂੰਘਾਈ ਵਿਚ ਜਾਂਚ ਕੀਤੇ ਜਾਣ ਦੀ ਲੋੜ ਹੈ।
ਸਰਦਾਰ ਵਲਟੋਹਾ ਨੇ ਕਿਹਾ ਕਿ ਡਾਕਟਰ ਸੰਧੂ ਨੇ ਪਾਰਟੀ ਤੋ ਉੱਪਰ ਉੱਠ ਕੇ ਸੱਚ ਬੋਲਿਆ ਹੈ। ਉਹਨਾਂ ਕਿਹਾ ਕਿ ਬਾਕੀ ਕਾਂਗਰਸੀ ਸਿਰਫ ਆਪਣੇ ਸੌੜੇ ਸਿਆਸੀ ਫਾਇਦਿਆਂ ਬਾਰੇ ਸੋਚਦੇ ਹਨ। ਇੱਥੋਂ ਤਕ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾਂ ਸਿੱਖ ਭਾਈਚਾਰੇ ਦੀ ਥਾਂ ਗਾਂਧੀ ਪਰਿਵਾਰ ਦੇ ਹਿੱਤਾਂ ਦੀ ਰਾਖੀ ਕਰਨ ਨੂੰ ਪਹਿਲ ਦਿੱਤੀ ਹੈ। ਉਹਨਾਂ ਨੇ ਕਾਂਗਰਸ ਅਤੇ ਇਸ ਦੀ ਸੀਨੀਅਰ ਲੀਡਰਸ਼ਿਪ ਵਿਰੁੱਧ ਕਦੇ ਇੱਕ ਸ਼ਬਦ ਵੀ ਨਹੀਂ ਬੋਲਿਆ। ਉਹਨਾਂ ਨੇ ਕਦੇ ਵੀ 1984 ਦੇ ਪੀੜਤਾਂ ਲਈ ਇਨਸਾਫ ਦੀ ਮੰਗ ਨਹੀਂ ਕੀਤੀ। ਉਹ ਇਸ ਭਿਆਨਕ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਿਰਫ ਕਲੀਨ ਚਿਟਾਂ ਦੇਣ ਲਈ ਹ ਿਆਪਣਾ ਮੂੰਹ ਖੋਲ•ਦੇ ਹਨ।
ਸਰਦਾਰ ਵਲਟੋਹਾ ਨੇ ਸਾਰੇ ਲੀਡਰਾਂ ਨੂੰ ਪਾਰਟੀਆਂ ਤੋਂ ਉੱਪਰ ਉੱਠ ਕੇ 1984 ਦੇ ਪੀੜਤਾਂ ਦੇ ਵਾਰਿਸਾਂ ਨੂੰ ਇਨਸਾਫ ਦਿਵਾਉਣ ਲਈ ਅੱਗੇ ਆਉਣ ਵਾਸਤੇ ਕਿਹਾ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਦੀਆਂ ਸਿਆਸੀ ਚਾਲਾਂ ਕਰਕੇ ਪਿਛਲੇ 33 ਸਾਲ ਤੋਂ ਪੀੜਤਾਂ ਨੂੰ ਇਨਸਾਫ ਨਹੀਂ ਮਿਲਿਆ ਹੈ।