ਬਿਜਲੀ ਦੇ ਟਾਵਰ ’ਤੇ ਚੜ੍ਹੇ ਲਾਈਨਮੈਨਾਂ ਨਾਲ ਕੀਤੀ ਮੁਲਾਕਾਤ, ਇਕਜੁੱਟਤਾ ਪ੍ਰਗਟਾਈ
ਮੁੱਖ ਮੰਤਰੀ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਨੌਜਵਾਨਾਂ ਤੇ ਸਮਾਜ ਦੇ ਹੋਰ ਵਰਗਾਂ ਨੂੰ ਧੋਖਾ ਨਾ ਦੇਣ : ਮਜੀਠੀਆ
ਪਟਿਆਲਾ, 28 ਸਤੰਬਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ ਅਪ੍ਰੈਂਟਿਸ ਲਾਈਨਮੈਨਾਂ ਨੂੰ ਆਮ ਆਦਮੀ ਪਾਰਟੀ ਸਰਕਾਰ ਕੀਤੇ ਵਾਅਦੇ ਮੁਤਾਬਕ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ 9ਪੀ ਐਸ ਪੀ ਸੀ ਐਲ0 ਵਿਚ ਪੁਰਾਣੇ ਨਿਯਮਾਂ ਅਨੁਸਾਰ ਨੌਕਰੀਆਂ ਦੇਵੇ ਤੇ ਉਹਨਾਂ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਆਦਰਸ਼ਾਂ ’ਤੇ ਪੂਰਨ ਰੂਪ ਵਿਚ ਚੱਲਣ ਅਤੇ ਜ਼ਬਰ ਨਾਲ ਲੋਕਤੰਤਰੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਨਾ ਕਰਨ।
ਸਾਬਕਾ ਮੰਤਰੀ, ਜਿਹਨਾਂ ਨੇ ਇਥੇ ਪਿੰਡ ਭੇਡਪੁਰਾ ਵਿਚ ਬਿਜਲੀ ਦੀ ਟਾਵਰ ’ਤੇ ਚੜ੍ਹੇ ਅਪ੍ਰੈਂਟਿਸ ਲਾਈਨਾਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨਾਲ ਇਕਜੁੱਟਤਾ ਪ੍ਰਗਟ ਕੀਤੀ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਪੂਰੇ ਸਫੇ ਦੇ ਇਸ਼ਤਿਹਾਰ ਤਾਂ ਛਪਵਾ ਰਹੇ ਹਨ ਪਰ ਸ਼ਹੀਦ ਨਾਲ ਜੁੜੇ ਆਦਰਸ਼ਾਂ ਦੀ ਪਾਲਣਾ ਨਹੀਂ ਕਰ ਰਹੇ। ਉਹਨਾਂ ਕਿਹਾ ਕਿ ਅਪ੍ਰੈਂਟਿਸ ਲਾਈਨਮੈਨ, ਪੀ ਟੀ ਆਈ ਅਧਿਆਪਕ ਤੇ ਸਹਾਇਕ ਪ੍ਰੋਫੈਸਰ ਜਦੋਂ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਵਿਚ ਉਹਨਾਂ ਨੁੰ ਕੀਤੇ ਵਾਅਦੇ ਯਾਦ ਕਰਵਾਉਣ ਦਾ ਯਤਨ ਕਰਦੇ ਹਨ ਤਾਂ ਉਹਨਾ ਨੂੰ ਬੇਰਹਿਮੀ ਨਾਲ ਮਾਰਿਆ ਕੁੱਟਿਆ ਜਾਂਦਾ ਹੈ ਤੇ ਜ਼ਲੀਲ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਆਪਣੀ ਅੰਤਰ ਆਤਮਾ ’ਤੇ ਛਾਤ ਮਾਰਨ ਅਤੇ ਦੱਸਣ ਕਿ ਕੀ ਇਹ ਸ਼ਹੀਦ ਦਾ ਜਨਮ ਦਿਹਾੜਾ ਮਨਾਉਣ ਦਾ ਤਰੀਕਾ ਹੈ ਕਿ ਸਮਾਜ ਵਿਚ ਆਪਣੇ ਹੱਕ ਮੰਗਣ ਵਾਲੇ ਬੇਰੋਜ਼ਗਾਰ ਵਰਗਾਂ ’ਤੇ ਤਸ਼ੱਦਦ ਢਾਹਿਆ ਜਾਵੇ।
ਸਰਦਾਰ ਮਜੀਠੀਆ ਨੇ ਦੱਸਿਆ ਕਿ ਅਪ੍ਰੈਂਟਿਸ ਲਾਈਨਮੈਨਾਂ ਵਿਚ 8 ਲੜਕੇ ਮੁੱਖ ਮੰਤਰੀ ਦੇ ਪਿੰਡ ਸਤੋਜ ਤੋਂ ਹਨ ਜਦੋਂ ਕਿ 50 ਤੋਂ ਜ਼ਿਆਦਾ ਸੰਗਰੂਰ ਲੋਕ ਸਭਾ ਹਲਕੇ ਤੋਂ ਹਨ। ਉਹਨਾਂ ਕਿਹਾ ਕਿ ਇਹ ਨੌਜਵਾਨ ਦੱਸ ਰਹੇ ਹਨ ਕਿ ਮੁੱਖ ਮੰਤਰੀ ਜਿਹਨਾਂ ਨੇ ਅਕਾਲੀ ਸਰਕਾਰ ਵਾਂਗ ਉਹਨਾਂ ਨੂੰ ਨੌਕਰੀਆਂ ਦੇਣ ਦੇ ਵਾਅਦੇ ਕੀਤੇ ਸਨ, ਉਹਨਾਂ ਨੂੰ ਮਿਲਣ ਤੋਂ ਵੀ ਇਨਕਾਰੀ ਹਨ। ਉਹਨਾਂ ਕਿਹਾ ਕਿ ਇਹਨਾਂ ਲਾਈਨਮੈਨਾਂ ਨੂੰ ਰੱਖਣ ਲਈ ਟੈਸਟ ਦੀ ਸ਼ਰਤ ਰੱਖਣਾ ਨਜਾਇਜ਼ ਹੈ ਕਿਉਂਕਿ ਇਹਨਾਂ ਦੀ ਪਹਿਲਾਂ ਭਰਤੀ ਆਈ ਟੀ ਡਿਪਲੋਮਾ ਤੇ ਅਪ੍ਰੈਂਟਿਸ ਸਰਟੀਫਿਕੇਟ ਦੇ ਆਧਾਰ ‘ਤੇ ਕੀਤੀ ਜਾਂਦੀ ਸੀ। ਉਹਨਾਂ ਕਿਹਾ ਕਿ ਅਪ੍ਰੈਂਟਿਸ ਲਾਈਨ ਸਹੀ ਅਰਥਾਂ ਵਿਚ ਚਿੰਤਤ ਹਨ ਕਿ ਉਹਨਾਂ ਦੀਆਂ ਨੌਕਰੀਆਂ ਵੀ ਉਸੇ ਤਰੀਕੇ ਗੈਰ ਪੰਜਾਬੀਆਂ ਨੂੰ ਦੇ ਦਿੱਤੀਆਂ ਜਾਣਗੀਆਂ ਜਿਵੇਂ ਪਿਛੇ ਜਿਹੇ ਕੀਤੀ ਭਰਤੀ ਵਿਚ ਹੋਇਆ ਹੈ ਤੇ ਉਹਨਾਂ ਮੰਗ ਕੀਤੀ ਕਿ ਸੂਬੇ ਵਿਚ ਸਥਾਈ ਭਰਤੀ ਵਾਸਤੇ ਪੰਜਾਬ ਵਾਸੀ ਦਾ ਸਰਟੀਫਿਕੇਟ ਹੋਣਾ ਲਾਜ਼ਮੀ ਕੀਤਾ ਜਾਵੇ।
ਸਰਦਾਰ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਬੇਰੋਜ਼ਗਾਰਾਂ ਵਾਸਤੇ ਸਿਰਫ ਗੱਲਾਂ ਦੇ ਕੜਾਹ ਨਾ ਬਣਾਉਣ । ਉਹਨਾਂ ਕਿਹਾ ਕਿ ਆਪ ਤੇ ਇਸਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਪੀ ਟੀ ਆਈ ਯੂਨੀਅਨ ਮੈਂਬਰ ਸਿਪੀ ਸ਼ਰਮਾ ਨੇ ਬੇਨਕਾਬ ਕੀਤਾ ਹੈ ਜੋ ਖੱਟਕੜ ਕਲਾਂ ਵਿਚ ਪਾਣੀ ਦੀ ਟੈਂਕੀ ’ਤੇ ਚੜ੍ਹਨ ਲਈ ਮਜਬੂਰ ਹੋਈ ਤਾਂ ਜੋ ਉਹ ਆਪਣੇ ‘ਭਰਾ’ ਦਾ ਧਿਆਨ ਖਿੱਚ ਸਕੇ। ਉਹਨਾਂ ਕਿਹਾ ਕਿ ਸਿਪੀ ਸ਼ਰਮਾ ਨੂੰ ਕੇਜਰੀਵਾਲ ਨੇ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੌਰਾਨ ਭੈਣ ਕਿਹਾ ਸੀ ਪਰ ਅਜਿਹਾ ਜਾਪਦਾ ਹੈ ਕਿ ਇਹ ਸਿਰਫ ਇਕ ਡਰਾਮਾ ਹੀ ਸੀ ਤੇ ਸਰਕਾਰ ਬਣਨ ਮਗਰੋਂ ਉਹ ਆਪਣੀ ਭੈਣ ਨੂੰ ਭੁੱਲ ਗਏ ਹਨ।
ਸਰਦਾਰ ਮਜੀਠੀਆ ਨੇ ਰੋਸ ਪ੍ਰਦਰਸ਼ਨ ਕਰਨ ਵਾਲੇ ਅਪੈ੍ਰਂਟਿਸ ਲਾਈਨਮੈਨਾਂ ਨੂੰ ਡਟਵੀਂ ਹਮਾਇਤ ਦੇਣ ਦਾ ਐਲਾਨ ਕਰਦਿਆਂ ਮੌਕੇ ’ਤੇ ਐਸ ਐਸ ਪੀ ਨੁੰ ਫੋਨ ਵੀ ਕੀਤਾ ਤੇ ਕਿਹਾ ਕਿ ਸਥਾਨਕ ਪੁਲਿਸ ਇਹਨਾਂ ਨੁੰ ਦਬਾਉਣ ਦੀ ਕੋਸ਼ਿਸ਼ ਨਾ ਕਰੇ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਸਥਾਨਕ ਪੁਲਿਸ ਤੰਗ ਪ੍ਰੇਸ਼ਾਨ ਕਰ ਰਹੀ ਹੈ ਜੋ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਆਪ ਸਰਕਾਰ ਨੂੰ ਆਖਿਆ ਕਿ ਉਹ ਭਗਤ ਸਿੰਘ ਦੇ ਨਾਂ ’ਤੇ ਸਮਾਜ ਦੇ ਸਾਰੇ ਵਰਗਾਂ ਨੂੰ ਧੋਖਾ ਨਾ ਦੇਵੇ। ਉਹਨਾਂ ਕਿਹਾ ਕਿ ਬਜਾਏ ਬੇਰੋਜ਼ਗਾਰ ਨੌਜਵਾਨਾਂ, ਕਿਸਾਨਾਂ, ਮੁਲਾਜ਼ਮਾਂ ਤੇ ਇੰਡਸਟਰੀ ਦੇ ਹਾਲਾਤ ’ਤੇ ਚਰਚਾ ਕਰਨ ਦੇ, ਆਪ ਸਰਕਾਰ ਵਿਸ਼ਵਾਸ ਮਤੇ ਪੇਸ਼ ਕਰਨ ਤੇ ਇਹਨਾਂ ’ਤੇ ਚਰਚਾ ਕਰਨ ਵਿਚ ਮਸ਼ਰੂਫ ਹੈ। ਉਹਨਾਂ ਕਿਹਾ ਕਿ ਅਜਿਹਾ ਸਿਰਫ ਸ੍ਰੀ ਅਰਵਿੰਦ ਕੇਜਰੀਵਾਲ ਦੇ ਏਜੰਡੇ ਨੂੰ ਪੂਰਾ ਕਰਨ ਵਾਸਤੇ ਕੀਤਾ ਜਾ ਰਿਹਾ ਹੈ ਕਿਉਂਕਿ ਸ੍ਰੀ ਕੇਜਰੀਵਾਲ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਬਦਲ ਵਜੋਂ ਪੇਸ਼ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਵਿਧਾਨ ਸਭਾ ਸੈਸ਼ਨ ਸੱਦਣ ’ਤੇ ਇਕ ਦਿਨ ਵਿਚ ਇਕ ਕਰੋੜ ਰੁਪਏ ਖਰਚਾ ਆਉਂਦਾ ਹੈ ਤੇ ਇਹ ਪੈਸਾ ਆਪ ਕੋਲੋਂ ਵਸੂਲਿਆ ਜਾਣਾ ਚਾਹੀਦਾ ਹੈ ਕਿਉਂਕਿ ਇਸਨੇ ਆਪਣੇ ਸਿਆਸੀ ਏਜੰਡੇ ਦੀ ਪੂਰਤੀ ਵਾਸਤੇ ਜਨਤਕ ਪੈਸਾ ਬਰਬਾਦ ਕੀਤਾ ਹੈ।
ਇਸ ਮੌਕੇ ਸੀਨੀਅਰ ਆਗੂ ਸਰਦਾਰ ਸੁਰਜੀਤ ਸਿੰਘ ਰੱਖੜਾ, ਸਰਦਾਰ ਇਕਬਾਲ ਸਿੰਘ ਝੂੰਦਾਂ, ਜਸਪਾਲ ਸਿੰਘ ਬਿੱਟੂ ਚੱਠਾ ਤੇ ਵਿੰਨਰਜੀਤ ਗੋਲਡੀ ਵੀ ਸਰਦਾਰ ਮਜੀਠੀਆ ਦੇ ਨਾਲ ਮੌਜੂਦ ਸਨ।