ਸੀਨੀਅਰ ਬਾਦਲ ਨੇ ਖੁਦ ਨੂੰ ਅਤੇ ਸੁਖਬੀਰ ਨੂੰ ਕਤਲ ਕਰਨ ਦੀ ਸਾਜ਼ਿਸ਼ ਬਾਰੇ ਦੱਸਿਆ
ਕਿਹਾ ਕਿ ਕਾਂਗਰਸ ਅਤੇ ਸ਼ਾਂਤੀ ਦੇ ਦੁਸ਼ਮਣਾਂ ਵਿਚਲਾ ਨਾਪਾਕ ਗਠਜੋੜ ਖਤਰਨਾਕ ਹੈ
ਕਾਂਗਰਸ ਸਿੱਖ ਸੰਸਥਾਵਾਂ ਉੱਤੇ ਕਬਜ਼ੇ ਕਰਨ ਲਈ ਆਪਣੇ ਪਿੱਠੂਆਂ ਨੂੰ ਇਸਤੇਮਾਲ ਕਰ ਰਹੀ ਹੈ
ਫਰੀਦਕੋਟ/ਚੰਡੀਗੜ੍ਹ:ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਹੈ ਕਿ ਉਹ ਸੂਬੇ ਅੰਦਰ ਅਮਨ ਅਤੇ ਭਾਈਚਾਰਕ ਸਾਂਝ ਦੀ ਰਾਖੀ ਕਰਦੇ ਹੋਏ ਆਪਣੀ ਅਤੇ ਆਪਣੇ ਬੇਟੇ ਸੁਖਬੀਰ ਸਿੰਘ ਬਾਦਲ ਦੀ ਜਾਨ ਕੁਰਬਾਨ ਕਰਨ ਲਈ ਤਿਆਰ ਹਨ।
ਇੱਥੇ ਇੱਕ ਬਹੁਤ ਹੀ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਪੁਲਿਸ ਵੱਲੋਂ ਮੈਨੂੰ ਅਤੇ ਮੇਰੇ ਬੇਟੇ ਨੂੰ ਖ਼ਤਮ ਕਰਨ ਦੀ ਇੱਕ ਸਾਜ਼ਿਸ਼ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਅਸੀਂ ਨਾ ਤਾਂ ਦੂਜਿਆਂ ਨੂੰ ਡਰਾਉਂਦੇ ਹਾਂ ਅਤੇ ਨਾ ਹੀ ਅਜਿਹੀਆਂ ਰਿਪੋਰਟਾਂ ਜਾਂ ਧਮਕੀਆਂ ਤੋਂ ਡਰਦੇ ਹਾਂ। ਖਾਲਸਾ ਪੰਥ ਸ਼ਾਂਤੀ, ਭਾਈਚਾਰਕ ਸਾਂਝ ਅਤੇ ਸਰਬਤ ਦਾ ਭਲਾ ਵਰਗੀਆਂ ਕਦਰਾਂ-ਕੀਮਤਾਂ ਦੀ ਰਾਖੀ ਲਈ ਦਿੱਤੀਆਂ ਕੁਰਬਾਨੀਆਂ ਦੇ ਇਤਿਹਾਸ ਦੀ ਨੁੰਮਾਇਦਗੀ ਕਰਦਾ ਹੈ। ਇਹ ਸਾਰੀਆਂ ਸਿੱਖਿਆਵਾਂ ਸਾਨੂੰ ਗੁਰੂ ਸਾਹਿਬਾਨ ਤੋਂ ਮਿਲੀਆਂ ਹਨ।
ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਉਹਨਾਂ ਤਾਕਤਾਂ ਨਾਲ ਮਿਲੀ ਹੋਈ ਹੈ, ਜਿਹੜੀਆਂ ਇੱਕ ਵਾਰੀ ਪਹਿਲਾਂ ਵੀ ਪੰਜਾਬ ਨੂੰ ਗੜਬੜ, ਹਿੰਸਾ ਅਤੇ ਖੂਨ-ਖਰਾਬੇ ਦੇ ਦੌਰ ਵਿਚ ਧੱਕ ਚੁੱਕੀਆਂ ਹਨ। ਉਹਨਾਂ ਕਿਹਾ ਕਿ ਇਹ ਕਾਂਗਰਸ ਅਤੇ ਖਾਲਸਾ ਪੰਥ ਵੱਲੋਂ ਠੁਕਰਾਏ ਗਏ ਕੁੱਝ ਤੱਤਾਂ ਦਾ ਪੁਰਾਣਾ ਗਠਜੋੜ ਹੈ, ਜਿਹੜੇ ਪੰਥਕ ਹੋਣ ਦਾ ਢਕਵੰਜ ਕਰ ਰਹੇ ਹਨ। ਉਹ ਆਪਣੀਆਂ ਪੁਰਾਣੀਆਂ ਚਾਲਾਂ ਖੇਡਣ ਅਤੇ ਸਾਜ਼ਿਸ਼ਾਂ ਰਚਣ 'ਚ ਰੁੱਝੇ ਹਨ। ਕਾਂਗਰਸ ਦਾ ਉਦੇਸ਼ ਸਿੱਖ ਗੁਰਦੁਆਰਿਆਂ ਅਤੇ ਇਤਿਹਾਸਕ ਧਾਰਮਿਕ ਸੰਸਥਾਵਾਂ ਉੱਤੇ ਕਬਜ਼ੇ ਕਰਨ ਦਾ ਪੁਰਾਣਾ ਸੁਫਨਾ ਪੂਰਾ ਕਰਨ ਦਾ ਹੈ। ਇਹਨਾਂ ਦਾ ਮੁੱਖ ਟੀਚਾ ਐਸਜੀਪੀਸੀ ਹੈ। ਕਾਂਗਰਸ ਜਾਣਦੀ ਹੈ ਕਿ ਇਹ ਸ਼ਰੇਆਮ ਇਹ ਕੰਮ ਨਹੀਂ ਕਰ ਸਕਦੀ, ਕਿਉਂਕਿ ਸਿੱਖ ਕਦੇ ਵੀ ਆਪਣੇ ਕਾਤਿਲਾਂ ਨੂੰ ਆਪਣੀ ਧਾਰਮਿਕ ਹੋਣੀ ਦਾ ਕਰਤਾ-ਧਰਤਾ ਨਹੀਂ ਬਣਨ ਦੇਣਗੇ। ਇਹੀ ਕਾਰਣ ਹੈ ਕਿ ਕਾਂਗਰਸ ਨੇ ਇਹਨਾਂ ਅਖੌਤੀ ਪੰਥਕ ਗਰੁੱਪਾਂ ਨੂੰ ਅੱਗੇ ਲਾਇਆ ਹੋਇਆ ਹੈ। ਉਹਨਾਂ ਨੇ ਅਜਿਹੀ ਸਾਜ਼ਿਸ਼ ਪਹਿਲਾਂ ਵੀ ਰਚੀ ਸੀ, ਪਰ ਨਾਕਾਮੀਆਂ ਤੋਂ ਕੋਈ ਸਬਕ ਨਹੀਂ ਸਿੱਖਿਆ।
ਸਰਦਾਰ ਬਾਦਲ ਨੇ ਚਿਤਾਵਨੀ ਦਿੱਤੀ ਕਿ ਕਾਂਗਰਸ ਦਾ ਇਹਨਾਂ ਤਾਕਤਾਂ ਨਾਲ ਗਠਜੋੜ ਪੰਜਾਬ ਨੂੰ ਦੁਬਾਰਾ ਬਲਦੀ ਅੱਗ ਵਿਚ ਸੁੱਟ ਸਕਦਾ ਹੈ, ਜਿਸ ਤਰ੍ਹਾਂ ਕਿ 80ਵਿਆਂ ਵਿਚ ਵਾਪਰਿਆ ਸੀ। ਉਹਨਾਂ ਲੋਕਾਂ ਨੂੰ ਸਾਵਧਾਨ ਕਰਦੇ ਹੋਏ ਕਿਹਾ ਕਿ ਉਹ ਇਹਨਾਂ ਪੰਥਕ ਆਗੂਆਂ ਵਾਸਤੇ 'ਗੋਲੀਆਂ ਦਾ ਚਾਰਾ' ਬਣਨ ਤੋਂ ਬਚਣ, ਕਿਉਂਕਿ ਇਹ ਅਖੌਤੀ ਪੰਥਕ ਆਗੂ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਤੁਹਾਡੇ ਬੱਚਿਆਂ ਦਾ ਕਤਲ ਕਰਵਾ ਸਕਦੇ ਹਨ।
ਸਰਦਾਰ ਬਾਦਲ ਨੇ ਮੁੱਖ ਮੰਤਰੀ ਅਤੇ ਸੀਨੀਅਰ ਮੰਤਰੀਆਂ ਸਮੇਤ ਕਾਂਗਰਸੀ ਆਗੂਆਂ ਵੱਲੋਂ ਵਿਧਾਨ ਸਭਾ ਦੇ ਇਜਲਾਸ ਦੌਰਾਨ ਅਤੇ ਮਗਰੋਂ ਵਰਤੀ ਹਿੰਸਾ ਅਤੇ ਖੂਨ-ਖਰਾਬੇ ਦੀ ਭਾਸ਼ਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹਨਾਂ ਨੇ ਸੂਬੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹੀ ਲੋਕ ਪੰਜਾਬ ਨੂੰ ਦੁਬਾਰਾ ਉਸ ਮੋੜ ਉੱਤੇ ਲਿਆਉਣ ਲਈ ਜ਼ਿੰਮੇਵਾਰ ਹਨ, ਜਿੱਥੇ ਅਮਨ ਅਤੇ ਫਿਰਕੂ ਸਦਭਾਵਨਾ ਲਈ ਗੰਭੀਰ ਖਤਰਾ ਖੜ੍ਹਾ ਹੋ ਜਾਂਦਾ ਹੈ।
ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਹਿੰਸਾ ਕਰਵਾਉਣਾ ਕਾਂਗਰਸ ਦੇ ਏਜੰਡੇ ਉੱਤੇ ਇਸ ਲਈ ਹੈ, ਕਿਉਂਕਿ ਇਹ ਸਰਕਾਰ ਲੋਕਾਂ ਦਾ ਧਿਆਨ ਆਪਣੀਆਂ ਨਾਕਾਮੀਆਂ ਤੋਂ ਲਾਂਭੇ ਕਰਨਾ ਚਾਹੁੰਦੀ ਹੈ। ਇਸ ਸਰਕਾਰ ਨੇ ਨਾ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਹਨ ਅਤੇ ਨਾ ਹੀ ਉਹਨਾਂ ਦੀ ਉਮੀਦਾਂ ਉੱਤੇ ਖਰੀ ਉੱਤਰੀ ਹੈ। ਪਵਿੱਤਰ ਗ੍ਰੰਥਾਂ ਦੀ ਬੇਅਦਬੀ ਵਰਗੇ ਦਰਦਨਾਕ ਮੁੱੱਦਿਆਂ ਦੁਆਲੇ ਸਨਸਨੀਖੇਜ਼ ਵਿਵਾਦ ਖੜ੍ਹੇ ਕਰਕੇ ਕਾਂਗਰਸ ਸਰਕਾਰ ਆਪਣੇ ਖਤਰਨਾਕ ਅਤੇ ਨਾਪਾਕ ਇਰਾਦੇ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਇਸ ਤੋਂ ਪਹਿਲਾਂ ਇਸ ਮੌਕੇ ਉੱਤੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਪੰਥਕ ਮੁਖੌਟੇ ਪਾਈ ਬੈਠੇ ਕਾਂਗਰਸ ਦੇ ਭਾੜੇ ਦੇ ਪਿੱਠੂਆਂ ਉੱਤੇ ਰੱਜ ਕੇ ਵਰ੍ਹੇ। ਉਹਨਾਂ ਕਿਹਾ ਕਿ ਸਿੱਖਾਂ ਦੇ ਕਾਤਿਲਾਂ ਦੇ ਇਹਨਾਂ ਪਿੱਠੂਆਂ ਨੂੰ ਆਪਣੇ ਗਲਾਂ ਵਿਚ ਇੰਦਰਾ ਗਾਂਧੀ ਦੀ ਤਸਵੀਰ ਵਾਲੀਆਂ ਤਖ਼ਤੀਆਂ ਟੰਗ ਲੈਣੀਆਂ ਚਾਹੀਦੀਆਂ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਹ ਬਿਲਕੁੱਲ ਨਿਕੰਮਾ ਸਾਬਿਤ ਹੋ ਚੁੱਕਿਆ ਹੈ। ਉਹ ਕਿਹਾ ਕਿ ਕੋਈ ਦੁਰਾਚਾਰੀ ਵਿਅਕਤੀ ਹੀ ਅਜਿਹੇ ਘਟੀਆ ਸ਼ਬਦਾਂ ਦਾ ਇਸਤੇਮਾਲ ਕਰ ਸਕਦਾ ਹੈ, ਜੋ ਅਮਰਿੰਦਰ ਨੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਪਰਕਾਸ਼ ਸਿੰਘ ਬਾਦਲ ਲਈ ਵਰਤੇ ਸਨ। ਉਹਨਾਂ ਕਿਹਾ ਕਿ ਸਰਦਾਰ ਬਾਦਲ ਲੋਕਾਂ ਦੇ ਆਗੂ ਹਨ, ਜਿਹੜੇ ਹਮੇਸ਼ਾਂ ਗਰੀਬਾਂ ਦੇ ਹੱਕਾਂ ਲਈ ਡਟੇ ਹਨ ਜਦਕਿ ਅਮਰਿੰਦਰ ਇੱਕ ਅਜਿਹਾ ਆਗੂ ਹੈ ਜੋ ਲੋਕਾਂ ਦੇ ਨੇੜੇ ਵੀ ਨਹੀਂ ਢੁੱਕਦਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਅਤੀਤ ਅਤੇ ਕਿਰਦਾਰ ਬਾਰੇ ਸਾਰੇ ਜਾਣਦੇ ਹਨ। ਉਹਨਾਂ ਇਹ ਵੀ ਕਿਹਾ ਕਿ ਇਹ ਕੈਪਟਨ ਅਮਰਿੰਦਰ ਹੀ ਸੀ , ਜਿਸ ਨੇ ਹੱਥ ਵਿਚ ਗੁਟਕਾ ਸਾਹਿਬ ਫੜ ਕੇ ਕੀਤੇ ਵਾਅਦਿਆਂ ਨੂੰ ਤੋੜ ਕੇ ਸਭ ਤੋਂ ਵੱਡੀ ਬੇਅਦਬੀ ਕੀਤੀ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਪ੍ਰਦੇਸ਼ ਕਾਂਗਰਸ ਮੁਖੀ ਸੁਨੀਲ ਜਾਖੜ ਅਤੇ ਮੰਤਰੀ ਸੁਖਜਿੰਦਰ ਰੰਧਾਵਾ ਦਾ ਵੀ ਪਰਦਾਫਾਸ਼ ਕੀਤਾ। ਉਹਨਾਂ ਕਿਹਾ ਕਿ ਜਾਖੜ ਦੇ ਪਿਤਾ ਬਲਰਾਮ ਜਾਖੜ ਨੇ ਕਿਹਾ ਸੀ ਕਿ ਦੇਸ਼ ਦੇ ਭਲੇ ਲਈ 2 ਕਰੋੜ ਸਿੱਖਾਂ ਨੂੰ ਵੀ ਮਾਰਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਸੁਖਜਿੰਦਰ ਰੰਧਾਵਾ ਦੇ ਪਿਤਾ ਸੰਤੋਖ ਰੰਧਾਵਾ ਨੇ 1984 ਵਿਚ ਆਪਰੇਸ਼ਨ ਬਲਿਊ ਸਟਾਰ ਰਾਹੀਂ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਲਈ ਇੰਦਰਾ ਗਾਂਧੀ ਦੀ ਤਾਰੀਫ ਕੀਤੀ ਸੀ।
ਸਰਦਾਰ ਬਾਦਲ ਨੇ ਇਹ ਵੀ ਕਿਹਾ ਕਿ ਦੋਵੇਂ ਗਰਮਖ਼ਿਆਲੀ ਆਗੂਆਂ ਧਿਆਨ ਸਿੰਘ ਮੰਡ ਅਤੇ ਬਲਜੀਤ ਸਿੰਘ ਦਾਦੂਵਾਲ ਦਾ ਅਤੀਤ ਬਹੁਤ ਹੀ ਮਾੜਾ ਹੈ। ਉਹਨਾਂ ਕਿਹਾ ਕਿ ਇੱਕ ਗਰੀਬ ਪਰਿਵਾਰਕ ਪਿਛੋਕੜ ਵਾਲੇ ਮੰਡ ਨੇ ਹਾਲ ਹੀ ਵਿਚ 30 ਲੱਖ ਰੁਪਏ ਦੀ ਇੱਕ ਸੰਪਤੀ ਖਰੀਦੀ ਹੈ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਮੰਡ, ਦਾਦੂਵਾਲ ਅਤੇ ਹੋਰ ਪੰਥਕ ਆਗੂ ਬਰਗਾੜੀ ਅੰਦੋਲਨ ਦੇ ਨਾਂ ਉੱਤੇ ਵੱਡੀ ਮਾਤਰਾ ਵਿਚ ਪੈਸੇ ਇੱਕਠੇ ਕਰ ਹਨ ਅਤੇ ਅਮੀਰ ਹੋ ਰਹੇ ਹਨ।
ਇਸ ਮੌਕੇ ਉੱਤੇ ਬੋਲਦਿਆਂ ਭਾਜਪਾ ਦੇ ਸਾਬਕਾ ਪ੍ਰਧਾਨ ਰਜਿੰਦਰ ਭੰਡਾਰੀ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਅਟੁੱਟ ਹੈ, ਜੋ ਕਿ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਦੀ ਰਾਖੀ ਅਤੇ ਪੰਜਾਬ ਦੀ ਖੁਸ਼ਹਾਲੀ ਵਾਸਤੇ ਡਟਿਆ ਹੋਇਆ ਹੈ। ਉਹਨਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ ਮਗਰੋਂ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਦੇਸ਼ ਦੇ ਸਭ ਤੋਂ ਉੱਚੇ ਕੱਦ ਵਾਲੇ ਸਿਆਸੀ ਆਗੂ ਹਨ।
ਇਸ ਮੌਕੇ ਉੱਤੇ ਬੋਲਦਿਆਂ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਕਿਸ ਤਰ੍ਹਾਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਨੇ ਬਾਪੂ ਆਸਾ ਰਾਮ ਅਤੇ ਰਾਧੇ ਮਾਂ ਦੀ ਪ੍ਰਸੰਸਾ ਵਿਚ ਕਸੀਦੇ ਪੜ੍ਹੇ ਸਨ। ਪਾਰਟੀ ਦੇ ਐਮਪੀ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਕਾਂਗਰਸ ਅਤੇ ਇਸ ਦੇ ਏਜੰਟ ਮਹਿਜ਼ ਅਕਾਲੀ ਦਲ ਅਤੇ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਲਈ ਪੰਜਾਬ ਨੂੰ ਮੁੜ ਤੋਂ ਅੱਗ ਲਾਉਣਾ ਚਾਹੁੰਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬੀ ਜੰਗੀਰ ਕੌਰ, ਸਰਦਾਰ ਚਰਨਜੀਤ ਸਿੰਘ ਅਟਵਾਲ, ਮਹੇਸ਼ ਇੰਦਰ ਸਿੰਘ ਗਰੇਵਾਲ, ਡਾਕਟਰ ਦਲਜੀਤ ਸਿੰਘ ਚੀਮਾ, ਵਿਰਸਾ ਸਿੰਘ ਵਲਟੋਹਾ, ਮੰਤਾਰ ਸਿੰਘ ਬਰਾੜ ਅਤੇ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਵੀ ਸੰਬੋਧਨ ਕੀਤਾ।