ਸ਼ਾਹਕੋਟ/16 ਮਈ: ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਸ਼ਵੇਤ ਮਲਿਕ ਨੇ ਅੱਜ ਸਾਰੇ ਪਾਰਟੀ ਵਰਕਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਨਾਇਬ ਸਿੰਘ ਕੋਹਾੜ ਦੀ ਮੱਦਦ ਕਰਨ ਵਾਸਤੇ ਸਾਰੇ ਹਲਕੇ ਵਿਚ ਖਿੰਡ ਜਾਣ ਦਾ ਸੱਦਾ ਦਿੱਤਾ ਹੈ।
ਇੱਥੇ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਪ੍ਰਧਾਨ ਨੇ ਕਿਹਾ ਕਿ ਸਾਰੇ ਭਾਜਪਾ ਆਗੂਆਂ ਅਤੇ ਕੇਡਰ ਦੀਆਂ ਚੋਣ ਪ੍ਰਚਾਰ ਵਾਸਤੇ ਡਿਊਟੀਆਂ ਲਗਾਈਆਂ ਜਾ ਚੁੱਕੀਆਂ ਹਨ ਅਤੇ ਉਹਨਾਂ ਨੂੰ ਨਾਇਬ ਸਿੰਘ ਕੋਹਾੜ ਦੇ ਹੱਕ ਵਿਚ ਜ਼ੋਰ ਸ਼ੋਰ ਨਾਲ ਚੋਣ ਪ੍ਰਚਾਰ ਸ਼ੁਰੂ ਕਰ ਦੇਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਸਾਬਕਾ ਅਕਾਲੀ ਮੰਤਰੀ ਅਜੀਤ ਸਿੰਘ ਕੋਹਾੜ ਨੇ ਇਸ ਹਲਕੇ ਦੀ ਸੇਵਾ ਲਈ ਬਹੁਤ ਕੰਮ ਕੀਤਾ ਸੀ। ਉਹਨਾਂ ਦਾ ਪਰਿਵਾਰ ਇਸ ਪਿਰਤ ਨੂੰ ਜਾਰੀ ਰੱਖਣਾ ਚਾਹੁੰਦਾ ਹੈ। ਇਸ ਕੰਮ ਵਿਚ ਨਾਇਬ ਸਿੰਘ ਕੋਹਾੜ ਅਤੇ ਉਹਨਾਂ ਦੇ ਪਰਿਵਾਰ ਨੂੰ ਸਾਡਾ ਪੂਰਾ ਸਮਰਥਨ ਹੈ।
ਕਾਂਗਰਸ ਸਰਕਾਰ ਦੇ ਕੰਮ ਕਾਜ ਬਾਰੇ ਬੋਲਦਿਆਂ ਭਾਜਪਾ ਪ੍ਰਧਾਨ ਨੇ ਕਿਹਾ ਕਿ ਮੌਜੂਦਾ ਸਮੇਂ ਸੂਬੇ ਅੰਦਰ ਸਰਕਾਰ ਨਾਂ ਦੀ ਕੋਈ ਸ਼ੈਅ ਨਹੀਂ ਹੈ। ਸਾਰੇ ਵਿਕਾਸ ਕਾਰਜ ਰੁਕੇ ਹੋਏ ਹਨ। ਅਮਨ ਅਤੇ ਕਾਨੂੰਨ ਦੀ ਹਾਲਤ ਇੰਨੀ ਮਾੜੀ ਹੈ ਕਿ ਪੰਜਾਬ ਵਿਚ ਜੰਗਲ ਰਾਜ ਦਾ ਬੋਲਬਾਲਾ ਹੈ।
ਸ੍ਰੀ ਮਲਿਕ ਨੇ ਕਿਹਾ ਕਿ ਇਸ ਇਲਾਕੇ ਵਿਚ ਗੈਰ-ਕਾਨੂੰਨੀ ਮਾਈਨਿੰਗ ਮਾਫੀਆ ਦੀ ਅਗਵਾਈ ਕਰਕੇ ਬਦਨਾਮੀ ਖੱਟਣ ਵਾਲੇ ਕਾਂਗਰਸੀ ਉਮੀਦਵਾਰ ਨੂੰ ਹਰਾ ਕੇ ਇਸ ਸਰਕਾਰ ਨੂੰ ਕੁੰਭਕਰਨੀ ਨੀਂਦ 'ਚੋਂ ਜਗਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਜੇਕਰ ਕਾਂਗਰਸੀ ਉਮੀਦਵਾਰ ਹਰਦੇਵ ਲਾਡੀ ਸ਼ੇਰੋਵਾਲੀਆ ਨੂੰ ਹਰਾ ਦਿੱਤਾ ਜਾਂਦਾ ਹੈ ਤਾਂ ਕਾਂਗਰਸ ਲੋਕਾਂ ਨਾਲ ਕੀਤੇ ਕਰਜ਼ਾ ਮੁਆਫੀ, ਨੌਜਵਾਨਾਂ ਨੂੰ ਨੌਕਰੀਆਂ ਅਤੇ ਸਮਾਜ ਭਲਾਈ ਸਕੀਮਾਂ ਦੀ ਰਾਸ਼ੀ ਵਧਾਉਣ ਸਮੇਤ ਸਾਰੇ ਵਾਅਦਿਆਂ ਨੂੰ ਪੂਰਾ ਕਰਨ ਲਈ ਮਜ਼ਬੂਰ ਹੋ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਭਾਜਪਾ ਆਗੂ ਕਮਲ ਸ਼ਰਮਾ, ਸੋਮ ਪ੍ਰਕਾਸ਼, ਕੇਡੀ ਭੰਡਾਰੀ, ਹੰਸ ਰਾਜ ਹੰਸ, ਤਰਸੇਮ ਮਿੱਤਲ, ਦੀਪਕ ਸ਼ਰਮਾ, ਸੰਨੀ ਸ਼ਰਮਾ, ਜਤਿੰਦਰਪਾਲ ਬੱਲਾ ਅਤੇ ਨਿਰਮਲ ਸੋਖੀ ਹਾਜ਼ਿਰ ਸਨ।