ਨਾ ਕਦੇ ਪੈਨਸ਼ਨ ਲਈ ਹੈ, ਨਾ ਲਵਾਂਗਾਂ
ਚੰਡੀਗੜ੍ਹ, 17 ਮਾਰਚ : ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸਰਕਾਰ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਆਖਿਆ ਕਿ ਉਹਨਾਂ ਦੀ ਪੈਨਸ਼ਨ ਦੇ ਪੈਸੇ ਦੀ ਵਰਤੋਂ ਕਿਸੇ ਸਮਾਜ ਭਲਾਈ ਕਾਰਜ, ਤਰਜੀਹ ਤੌਰ ’ਤੇ ਲੋੜਵੰਦ ਬੱਚੀਆਂ ਦੀ ਸਿੱਖਿਆ ਵਾਸਤੇ ਕੀਤੀ ਜਾਵੇਂ ਕਿਉਂਕਿ ਬੱਚੀਆਂ ਦੀ ਸਿੱਖਿਆ ਹਮੇਸ਼ਾ ਉਹਨਾਂ ਦੇ ਦਿਲ ਦੇ ਕਰੀਬ ਰਹੀ ਹੈ।
ਸਰਦਾਰ ਬਾਦਲ ਜਿਹਨਾਂ ਹਜ਼ਾਰਾਂ ਬੱਚੀਆਂ ਦੀ ਸਾਰੀ ਪੜ੍ਹਾਈ ਦੀ ਜ਼ਿੰਮੇਵਾਰੀ ਆਪ ਨਿੱਜੀ ਦਖਲ ਦੇ ਕੇ ਨਿਭਾਈ, ਨੇ ਕਿਹਾ ਕਿ ਇਹਨਾਂ ਬੱਚੀਆਂ ਨੂੰ ਪੂਰਾ ਹੱਕ ਹੈ ਕਿਉਂਕਿ ਉਹਨਾਂ ਨੇ ਹਮੇਸ਼ਾ ਧੀਆਂ ਵਜੋਂ ਉਹਨਾਂ ਦੇ ਜੀਵਨ ਨੁੰ ਹੋਰ ਅਮੀਰ ਕੀਤਾ ਹੈ। ਉਹਨਾਂ ਦੇ ਪਿਆਰ ਨੇ ਮੈਨੁੰ ਜੀਵਨ ਵਿਚ ਚੁਣੌਤੀਆਂ ਭਰੇ ਸਮੇਂ ਵਿਚ ਹਮੇਸ਼ਾ ਮਜ਼ਬੂਤੀ ਦਿੱਤੀ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਉਹਨਾਂ ਨੇ ਸਾਰੀ ਉਮਰ ਕਦੇ ਪੈਨਸ਼ਨ ਨਹੀਂ ਲਈ ਤੇ ਨਾ ਲੈਣਗੇ। ਉਹਨਾਂ ਕਿਹਾ ਕਿ ਉਹ ਹਮੇਸ਼ਾ ਸ਼ੁਰੂ ਤੋਂ ਹੀ ਸਰਗਰਮ ਵਿਧਾਇਕ ਰਹੇ ਹਨ। ਸਾਬਕਾ ਮੁੱਖ ਮੰਤਰੀ ਨੇ ਕੁਝ ਲੋਕਾਂ ਵੱਲੋਂ 11 ਵਾਰ ਦਾ ਵਿਧਾਇਕ ਹੋਣ ਦੇ ਨਾਅਤੇ ਕਰੋੜਾਂ ਰੁਪਏ ਪੈਨਸ਼ਨ ਵਜੋਂ ਲੈਣ ਦੇ ਕੀਤੇ ਜਾ ਰਹੇ ਪ੍ਰਾਪੇਗੰਡੇ ਨੂੰ ਹਾਸੋਹੀਣਾ ਕਰਾਰ ਦਿੱਤਾ।
ਸਰਦਾਰ ਬਾਦਲ ਨੇ ਸਪੀਕਰ ਨੂੰ ਬੇਨਤੀ ਕੀਤੀ ਕਿ ਉਹ ਉਹਨਾਂ ਦੀ ਲਿਖਤੀ ਬੇਨਤੀ ਤੋਂ ਇਲਾਵਾ ਜੇਕਰ ਕੋਈ ਹੋਰ ਜਰੂਰੀ ਕਾਰਵਾਈ ਕਰਨ ਵਾਲੀ ਹੋਵੇ ਤਾਂ ਦੱਸ ਦੇਣ ਉਹ ਛੇਤੀ ਤੋਂ ਛੇਤੀ ਮੁਕੰਮਲ ਕਰਨੀ ਚਾਹੁਣਗੇ ਤਾਂ ਜੋ ਬੱਚੀਆਂ ਵਾਸਤੇ ਇਸ ਪੈਸੇ ਦੀ ਸਦਵਰਤੋਂ ਛੇਤੀ ਤੋਂ ਛੇਤੀ ਹੋ ਸਕੇ।
ਨਾਲ ਨੱਥੀ ਸਰਦਾਰ ਬਾਦਲ ਵੱਲੋਂ ਲਿਖੇ ਪੱਤਰ ਦੀ ਕਾਪੀ।