ਬੀਬਾ ਰਾਜੋਆਣਾ ਦੀ ਚੋਣ ਨਾਲ ਭਾਈ ਬਲਵੰਤ ਸਿੰਘ ਰਾਜੋਆਣਾ ਸਮੇਤ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਦਾ ਰਾਹ ਖੁਲ੍ਹੇਗਾ : ਸੁਖਬੀਰ ਸਿੰਘ ਬਾਦਲ
ਸੰਗਰੂਰ, 6 ਜੂਨ : ਪੰਥਕ ਜਥੇਬੰਦੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਉਹ ਸੰਗਰੂਰ ਜ਼ਿਮਨੀ ਚੋਣ ਵਿਚ ਬੀਬਾ ਕਮਲਦੀਪ ਕੌਰ ਰਾਜੋਆਣਾ ਦੇ ਹੱਕ ਵਿਚ ਆਪਣਾ ਨਾਂ ਵਾਪਸ ਲੈਣ ਤਾਂ ਜੋ ਪੰਥਕ ਏਕਤਾ ਬਣੀ ਰਹੇ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਸਮੇਤ ਸਾਰੇ ਬੰਦੀ ਸਿੰਘਾਂ ਦੀ ਜੇਲ੍ਹਾਂ ਵਿਚੋਂ ਰਿਹਾਈ ਯਕੀਨੀ ਬਣਾਈ ਜਾ ਸਕੇ।
ਇਸ ਸਬੰਧੀ ਮਤਾ ਅੱਜ ਸਾਰੀਆਂ ਪੰਥਕ ਜਥੇਬੰਦੀਆਂ ਅਤੇ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਹੋਈ ਸਾਂਝੀ ਮੀਟਿੰਗ ਵਿਚ ਪਾਸ ਕੀਤਾ ਗਿਆ। ਮੀਟਿੰਗ ਵਿਚ ਸ਼ਾਮਲ ਸਾਰੇ ਆਗੂਆਂ ਦੀ ਇਕ ਰਾਏ ਸੀ ਕਿ ਪੰਜਾਬੀਆਂ ਨੂੰ ਏਕਾ ਵਿਖਾ ਕੇ ਸੰਸਦ ਨੁੰ ਮਜ਼ਬੂਤ ਸੰਦੇਸ਼ ਭੇਜਣਾ ਚਾਹੀਦਾ ਹੈ ਕਿ ਸਾਰੇ ਬੰਦੀ ਸਿੰਘ ਜਿਹਨਾਂ ਨੇ ਆਪੋ ਆਪਣੀ ਸਜ਼ਾ ਤੋਂ ਕਿਤੇ ਜ਼ਿਆਦਾ ਸਮਾਂ ਜੇਲ੍ਹਾਂ ਵਿਚ ਗੁਜ਼ਾਰ ਲਿਆ ਹੈ, ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਬੀਬਾ ਕਮਲਦੀਪ ਕੌਰ ਰਾਜੋਆਣਾ ਨੇ ਅਕਾਲੀ ਦਲ, ਬਹੁਜਨ ਸਮਾਜ ਪਾਰਟੀ ਤੇ ਸਾਰੀਆਂ ਪੰਥਕ ਜਥੇਬੰਦੀਆਂ ਦੇ ਸਾਂਝੇ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਬੀਬਾ ਰਾਜੋਆਣਾ ਦੇ ਨਾਲ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਬਸਪਾ ਪੰਜਾਬ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਵੀ ਹਾਜ਼ਰ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬੰਦੀ ਸਿੰਘਾਂ ਦੇ ਪਰਿਵਾਰਾਂ ਵਿਚੋਂ ਸਾਂਝਾ ਉਮੀਦਵਾਰ ਖੜ੍ਹਾ ਕਰਨ ਦੇ ਸੰਦੇ ਮੁਤਾਬਕ ਪੰਥਕ ਜਥੇਬੰਦੀਆਂ ਨਾਲ ਰਲ ਕੇ ਉਮੀਦਾਰ ਚੋਣ ਮੈਦਾਨ ਵਿਚ ਉਤਾਰਿਆ ਹੈ। ਉਹਨਾਂ ਜ਼ੋਰ ਦੇ ਕੇ ਆਖਿਆ ਕਿ ਬੀਬਾ ਰਾਜੋਆਣਾ ਦੇ ਚੁਣੇ ਜਾਣ ਨਾਲ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਦਾ ਸਬੱਬ ਬਣੇਗਾ। ਉਹਨਾਂ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਜਿਹਨਾਂ ਨੇ ਬਹੁਤ ਮੁਸ਼ਕਿਲਾਂ ਝੱਲੀਆਂ ਹਨ, ਨੂੰ ਰਿਹਾਅ ਕਰਵਾਉਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਉਹਨਾਂ ਕਿਹਾ ਕਿ ਭਾਈ ਰਾਜੋਆਣਾ ਨੂੰ ਬਿਨਾਂ ਪੈਰੋਲ ਤੋਂ 28 ਸਾਲਾਂ ਤੋਂ ਜੇਲ੍ਹ ਵਿਚ ਬੰਦ ਰੱਖ ਕੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ ਹੈ। ਉਹਨਾਂ ਕਿਹਾ ਕਿ 12 ਸਾਲਾਂ ਦੀ ਉਮਰ ਕੈਦ ਪੂਰੀ ਹੋਣ ਦੇ ਬਾਵਜੂਦ ਭਾਈ ਰਾਜੋਆਣਾ ਨੂੰ 8 ਫੁੱਟ ਬਾਈ 8 ਫੁੱਟ ਦੇ ਸੈਲ ਵਿਚ 28 ਸਾਲਾਂ ਤੋਂ ਬੰਦ ਰੱਖਿਆ ਹੋਇਆ ਹੈ ਤੇ ਸਿਰਫ ਇਕ ਵਾਰ ਹੀ ਪੈਰੋਲ ਉਹਨਾਂ ਦੇ ਪਿਤਾ ਦੇ ਸਸਕਾਰ ’ਤੇ ਸ਼ਾਮਲ ਹੋਣ ਲਈ ਦਿੱਤੀ ਗਈ।
ਅਕਾਲੀ ਦਲ ਦੇ ਪ੍ਰਧਾਨ ਨੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਸਾਂਝੇ ਕੰਮ ਵਾਸਤੇ ਆਪਣੇ ਸਿਆਸੀ ਮਤਭੇਦ ਭੁਲਾਏ ਜਾਣ। ਉਹਨਾਂ ਕਿਹਾ ਕਿ 1989 ਵਿਚ ਪੰਜਾਬੀਆਂ ਨੇ ਇਕਜੁੱਟ ਹੋ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੁੰ ਲੋਕ ਸਭਾ ਲਈ ਚੁਣਿਆ ਸੀ। ਉਸ ਵੇਲੇ ਸਰਦਾਰ ਮਾਨ ਜੇਲ੍ਹ ਵਿਚ ਸਨ ਤੇ ਵੱਡੀ ਜਿੱਤ ਦੀ ਬਦੌਲਤ ਉਹਨਾਂ ਖਿਲਾਫ ਸਾਰੇ ਕੇਸ ਖਤਮ ਹੋ ਗਏ ਤੇ ਉਹ ਬਿਨਾਂ ਸ਼ਰਮ ਰਿਹਾਅ ਕੀਤੇ ਗਏ ਸਨ। ਅੱਜ ਵੀ ਇਸੇ ਏਕੇ ਦੀ ਲੋੜ ਹੈ ਤਾਂ ਜੋ ਬੰਦੀ ਸਿੰਘ ਰਿਹਾਅ ਕਰਵਾਏ ਜਾ ਸਕਣ।
ਇਸ ਮੌਕੇ ਬੀਬਾ ਰਾਜੋਆਣਾ ਨੇ ਅਕਾਲੀ ਦਲ ਦੇ ਚੋਣ ਨਿਸ਼ਾਨ ’ਤੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਵਰਕਰਾਂ ਨਾਲ ਮੀਟਿੰਗ ਕੀਤੀ ਜਿਸ ਵਿਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਮਤਾ ਪੇਸ਼ ਕੀਤਾ ਜਿਸ ਵਿਚ ਸਰਦਾਰ ਸਿਮਨਜੀਤ ਸਿੰਘ ਮਾਨ ਨੂੰ ਬੀਬਾ ਰਾਜੋਆਣਾ ਦੇ ਹੱਕ ਵਿਚ ਆਪਣਾ ਨਾਂ ਵਾਪਸ ਲੈਣ ਦੀ ਅਪੀਲ ਕੀਤੀ ਗਈ ਤੇ ਇਹ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਭੂੰਦੜ, ਜਨਮੇਜਾ ਸਿੰਘ ਸੇਖੋਂ, ਸਿਕੰਦਰ ਸਿੰਘ ਮਲੂਕਾ, ਡਾ. ਦਲਜੀਤ ਸਿੰਘ ਚੀਮਾ, ਹੀਰਾ ਸਿੰਘ ਗਾਬੜੀਆ, ਗੋਬਿੰਦ ਸਿੰਘ ਲੌਂਗੋਵਾਲ, ਬਲਦੇਵ ਮਾਨ, ਇਕਬਾਲ ਸਿੰਘ ਝੂੰਦਾ, ਵਿਰਸਾ ਸਿੰਘ ਵਲਟੋਹਾ, ਮਨਤਾਰ ਸਿੰਘ ਬਰਾੜ, ਜੋਗਿੰਦਰ ਸਿੰਘ ਜਿੰਦੂਮ, ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ, ਵਿਨਰਜੀਤ ਸਿੰਘ ਗੋਲਡੀ ਤੇ ਕਰਨੈਲ ਸਿੰਘ ਪੀਰਮੁਹੰਮਦ ਤੋਂ ਇਲਾਵਾ ਬਸਪਾ ਲੀਡਰਸ਼ਿਪ, ਬੰਦੀ ਸਿੰਘ ਰਿਹਾਈ ਮੋਰਚੇ ਦੇ ਮੈਂਬਰ ਜੰਗ ਸਿੰਘ ਤੇ ਭਵਨਦੀਪ ਸਿੰਘ ਵੀ ਹਾਜ਼ਰ ਸਨ।