ਅਪਰੇਸ਼ਨ ਕਮਲ ਅਕਾਲੀ ਦਲ ਵਿਚ ਸਫਲ ਨਹੀਂ ਹੋਵੇਗਾ: ਸਰਨਾ
ਨਵੀਂ ਦਿੱਲੀ, 25 ਜੂਨ: ਭਾਜਪਾ ਵੱਲੋਂ ਸ਼ੁਰੂ ਕੀਤਾ ਅਪਰੇਸ਼ਨ ਕਮਲ ਸ਼੍ਰੋਮਣੀ ਅਕਾਲੀ ਦਲ ਵਿਚ ਫੇਲ੍ਹ ਹੋ ਜਾਵੇਗਾ। ਇਹ ਪ੍ਰਗਟਾਵਾ ਪਾਰਟੀ ਦੀ ਦਿੱਲੀ ਇਕਾਈ ਦੇ ਮੁਖੀ ਪਰਮਜੀਤ ਸਿੰਘ ਸਰਨਾ ਨੇ ਕੀਤਾ ਹੈ। ਉਹ ਇਕ ਧੜੇ ਵੱਲੋਂ ਇਤਿਹਾਸਕ ਸਿੱਖ ਪਾਰਟੀ ਨੂੰ ਅਸਥਿਰ ਕਰਨ ਦੇ ਯਤਨਾਂ ਬਾਰੇ ਸਵਾਲ ਦਾ ਜਵਾਬ ਦੇ ਰਹੇ ਸਨ।
ਸਰਦਾਰ ਸਰਨਾ ਨੇ ਕਿਹਾ ਕਿ ਦੁਨੀਆ ਜਾਣਦੀ ਹੈ ਕਿ ਭਾਜਪਾ ਗੈਰ ਭਾਜਪਾ ਪਾਰਟੀਆਂ ਅਤੇ ਰਾਜ ਸਰਕਾਰਾਂ ਨੂੰ ਤੋੜਨ ਤੇ ਆਪਣੇ ਵਿਚ ਰਲਾਉਣ ਲਈ ਜਾਣੀ ਜਾਂਦੀ ਹੈ। ਉਹਨਾਂ ਕਿਹਾ ਕਿ ਜਿਹਨਾਂ ਨੇ ਪੰਜਾਬ ਵਿਚ ਅਕਾਲੀ ਦਲ ਦੇ ਖਿਲਾਫ ਮਤਾ ਪਾਇਆ ਹੈ, ਉਹਨਾਂ ਖੁਦ ਨੂੰ ਹੀ ਬੇਨਕਾਬ ਕਰ ਲਿਆ ਹੈ ਕਿਉਂਕਿ ਸਮੁੱਚੇ ਪੰਜਾਬ ਨੇ ਭਾਜਪਾ ਦੇ ਭਗਵਾਂ ਕਿਰਦਾਰ ਨੂੰ ਪਹਿਲਾਂ ਹੀ ਠੁਕਰਾ ਦਿੱਤਾ ਹੈ।
ਸਰਨਾ ਨੇ ਪ੍ਰਣ ਲਿਆ ਕਿ ਸਿੱਖਾਂ ਦੀ ਸ਼ਹੀਦੀ ਨਾਲ ਸਿੰਜੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿਚ ਭਾਜਪਾ ਦਾ ਕੋਈ ਵੀ ਯਤਨ ਸਫਲ ਨਹੀਂ ਹੋਣ ਦਿੱਤਾ ਜਾਵੇਗਾ।
ਦਿੱਲੀ ਵਿਚ ਅਕਾਲੀ ਦਲ ਦੇ ਮੁਖੀ ਨੇ ਕਿਹਾ ਕਿ ਸਿੱਖ ਕੌਮ ਸ਼੍ਰੋਮਣੀ ਅਕਾਲੀ ਦਲ ’ਤੇ ਕਬਜ਼ਾ ਕਰਨ ਦੇ ਯਤਨ ਕਰਨ ਵਾਲਿਆਂ ਦੇ ਭਾਜਪਾ ਪੱਖੀ ਸਟੈਂਡ ਤੋਂ ਭਲੀ ਭਾਂਤ ਜਾਣੂ ਹੈ। ਇਹਨਾਂ ਅਨਸਰਾਂ ਨੇ ਪੰਜਾਬ ਦਾ ਸਿਆਸੀ ਭਵਿੱਖੀ ਤਬਾਹ ਕਰ ਦਿੱਤਾ ਹੈ।