ਸਿੱਧੂ ਵਿਸ਼ਵ ਭਰ ਵਿਚ ਵਸਦੇ ਪੰਜਾਬੀਆਂ ਕੋਲੋਂ ਮੁਆਫੀ ਮੰਗਣ : ਸਿਰਸਾ
ਚੰਡੀਗੜ•, 4 ਸਤੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਖੋਲ•ਣ ਦੇ ਮਾਮਲੇ 'ਤੇ ਕੈਬਨਿਟ ਮੰਤਰੀ ਨਵਜੋਤ ਸਿੱਧੂ 'ਤੇ ਜ਼ੋਰਦਾਰ ਹੱਲਾ ਬੋਲਿਆ ਤੇ ਆਖਿਆ ਕਿ ਉਹਨਾਂ ਦੇ ਝੂਠ ਬੋਲਣ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ੍ਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਉਠਾਈ ਜਾ ਰਹੀ ਤਜਵੀਜ਼ ਦੇ ਰਾਹ ਵਿਚ ਉਲਟਾ ਅੜਿਕਾ ਬਣ ਗਿਆ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਕੌਮੀ ਬੁਲਾਰੇ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਹ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ ਜੀ ਪੀ ਸੀ), ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੰਬੇ ਸਮੇਂ ਤੋਂ ਸਿੱਧੇ ਤੌਰ 'ਤੇ ਪਾਕਿਸਤਾਨ ਹਾਈ ਕਮਿਸ਼ਨ ਅਤੇ ਭਾਰਤ ਸਰਕਾਰ ਰਾਹੀਂ ਪਾਕਿਸਤਾਨ ਸਰਕਾਰ ਕੋਲ ਚੁੱਕਿਆ ਜਾ ਰਿਹਾ ਸੀ। ਉਹਨਾਂ ਦੱਸਿਆ ਕਿ ਇਸ ਚਲ ਰਹੀ ਪ੍ਰਕਿਰਿਆ ਨੂੰ ਅੱਗੇ ਤੋਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੇ 20 ਦਸੰਬਰ 2017 ਨੂੰ ਨਵੀਂ ਦਿੱਲੀ ਵਿਖੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਸੋਹੇਲ ਮਹਿਮੂਦ ਨਾਲ ਮੁਲਾਕਾਤ ਕੀਤੀ ਅਤੇ ਕਰਤਾਰਪੁਰ ਸਾਹਿਬ ਲਾਂਘਾ ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਖੋਲ•ਣ ਦਾ ਮਾਮਲਾ ਫਿਰ ਉਠਾਇਆ। ਉਸ ਵੇਲੇ ਪਾਕਿਸਤਾਨ ਹਾਈ ਕਮਿਸ਼ਨਰ ਵੱਲੋਂ ਤਜਵੀਜ਼ ਪ੍ਰਤੀ ਹਾਂ ਪੱਖੀ ਹੁੰਗਾਰਾ ਭਰਿਆ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਆਸ ਸੀ ਕਿ ਇਕ ਵਾਰ ਪਾਕਿਸਤਾਨ ਸਰਕਾਰ ਦੇ ਸਹਿਮਤ ਹੋਣ 'ਤੇ ਸੰਗਤ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕੇਗੀ।
ਉਹਨਾਂ ਕਿਹਾ ਕਿ ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਜਦੋਂ ਪਾਕਿਸਤਾਨ ਸਰਕਾਰ ਦੇ ਬੁਲਾਰੇ ਨੇ ਸਪਸ਼ਟ ਤੌਰ 'ਤੇ ਕਿਹਾ ਕਿ ਹੋਰ ਮਾਮਲਿਆਂ ਨੂੰ ਦਰ ਕਿਨਾਰ ਕਰ ਕੇ ਕਰਤਾਰਪੁਰ ਸਾਹਿਬ ਲਾਂਘਾ ਖੋਲ•ਣ ਦੀ ਕੋਈ ਸੰਭਾਵਨਾ ਨਹੀਂ ਹੈ ਤਾਂ ਸ੍ਰੀ ਨਵਜੋਤ ਸਿੱਧੂ ਨੇ 'ਸਾਇੰਲਟ ਮੋਡ' ਧਾਰਨ ਕਰਦਿਆਂ ਇਸ ਬਾਰੇ ਪ੍ਰਤੀਕਰਮ ਪ੍ਰਗਟ ਨਾ ਕਰਨ ਦਾ ਫੈਸਲਾ ਕਿਉਂ ਲਿਆ ? ਉਹਨਾਂ ਕਿਹਾ ਕਿ ਲੋਕ ਆਸ ਕਰ ਰਹੇ ਸਨ ਕਿ ਉਹ ਪਾਕਿਸਤਾਨ ਸਰਕਾਰ ਨੂੰ ਆਪਣੀ ਵਚਨਬੱਧਤਾ ਦਾ ਚੇਤਾ ਕਰਵਾਉਣਗੇ ਜਿਸਦਾ ਦਾਅਵਾ ਉਹਨਾਂ ਨੇ ਕੀਤਾ ਸੀ ਕਿ ਪਾਕਿਸਤਾਨੀ ਫੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਨੇ ਉਹਨਾਂ ਨਾਲ ਕਰਤਾਰਪੁਰ ਸਾਹਿਬ ਲਾਂਘਾ ਖੋਲ•ਣ ਦਾ ਮਾਮਲਾ ਵਿਚਾਰਿਆ ਹੈ। ਸ੍ਰੀ ਸਿਰਸਾ ਨੇ ਕਿਹਾ ਕਿ ਉਹਨਾਂ ਦੀ ਚੁੱਪੀ ਆਪਣੇ ਆਪ ਸਭ ਕੁਝ ਬੋਲ ਰਹੀ ਹੈ।
ਸ੍ਰੀ ਸਿਰਸਾ ਨੇ ਪਾਕਿਸਤਾਨ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਟੈਂਡ ਨੂੰ ਸ੍ਰੀ ਨਵਜੋਤ ਸਿੱਧੂ ਨਾਲ ਨਾ ਜੋੜਨ ਕਿਉਂਕਿ ਨਵਜੋਤ ਸਿੱਧੂ ਦੇਸ਼ ਵਿਚ ਝੂਠ ਬੋਲਣ ਲਈ ਹੀ ਜਾਣੇ ਜਾਂਦੇ ਹਨ। ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਲਾਂਘਾ ਖੋਲ•ਣਾ ਸਿਰਫ ਭਾਰਤ ਵਿਚ ਵਸਦੇ ਸਿੱਖਾਂ ਹੀ ਨਹੀਂਬਲਕਿ ਦੁਨੀਆਂ ਭਰ ਵਿਚ ਵਸਦੇ ਪੰਜਾਬੀਆਂ ਲਈ ਬਹੁਤ ਭਾਵੁਕ ਮਾਮਲਾ ਹੈ। ਉਹਨਾਂ ਕਿਹਾ ਕਿ ਲੋਕ ਪਾਕਿਸਤਾਨ ਸਰਕਾਰ ਤੋਂ ਹਾਂ ਪੱਖੀ ਹੁੰਗਾਰੇ ਦੀ ਆਸ ਰੱਖਦੇ ਹਨ ਤੇ ਉਹਨਾਂ ਨੂੰ ਲੱਗਦਾ ਹੈ ਕਿ ਸਿੱਖਾਂ ਦੀਆਂ ਪ੍ਰਤੀਨਿਧ ਸੰਸਥਾਵਾਂ ਸ਼੍ਰੋਮਣੀ ਕਮੇਟੀ ਤੇ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਇਹ ਮਾਮਲਾ ਉਠਾਏਜਾਣ ਮਗਰੋਂ ਪਾਕਿਸਤਾਨ ਸਰਕਾਰ ਇਸ ਦਿਸ਼ਾ ਵਿਚ ਕਦਮ ਅੱਗੇ ਚੁੱਕੇਗੀ।
ਉਹਨਾਂ ਨੇ ਸ੍ਰੀ ਸਿੱਧੂ ਦੀ ਇਸ ਗੱਲੋਂ ਵੀ ਆਲੋਚਨਾ ਕੀਤੀ ਕਿ ਉਹ ਲੋਕਾਂ ਨੂੰ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਗੁੰਮਰਾਹ ਕਰ ਰਹੇ ਸਨ ਤੇ ਆਖਿਆ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪਾਕਿਸਤਾਨੀ ਫੌਜ ਦੇ ਮੁਖੀ ਨੂੰ ਪਾਈ 'ਜੱਫੀ' 'ਤੇ ਪਰਦਾ ਪਾਉਣ ਲਈ ਸ੍ਰੀ ਸਿੱਧੂ ਨੇ ਪਹਿਲੇ ਸਿੱਖ ਗੁਰੂ ਸਾਹਿਬ ਦੇ ਨਾਮ ਦੀ ਵਰਤੋਂ ਕੀਤੀ।
ਸ੍ਰੀ ਸਿਰਸਾ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਉਹਨਾਂ ਦੇ ਦਾਅਵੇ ਲੀਰੋ ਲੀਰ ਕਰ ਦਿੱਤੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਇਹ ਮਾਮਲਾ ਉਠਾਉਂਦਾ ਰਹੇਗਾ ਕਿ ਉਂਕਿ ਉਸ ਕੋਲ ਪ੍ਰਕਾਸ਼ ਪੁਰਬ ਤੋਂ ਪਹਿਲਾਂ ਇਸ ਵਾਸਤੇ ਸਮਾਂ ਹੈ। ਉਹਨਾਂ ਨੇ ਸਿੱਧੂ ਨੂੰ ਇਹ ਵੀ ਆਖਿਆ ਕਿ ਉਹ ਪਾਕਿਸਤਾਨ ਦੀ ਧਰਤੀ 'ਤੇ ਬੈਠੇ 'ਤੇ ਦਿੱਤੇ ਆਪਣੇ ਗੁੰਮਰਾਹਕੁੰਨ ਬਿਆਨ ਲਈ ਦੁਨੀਆਂ ਭਰ ਵਿਚ ਵਸਦੇ ਪੰਜਾਬੀਆਂ ਤੋਂ ਮੁਆਫੀ ਮੰਗਣ।