ਗੁਰੂਹਰਸਹਾਇ/25 ਫਰਵਰੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਅਕਾਲੀ ਦਲ ਦੀ ਪੋਲ ਖੋਲ• ਰੈਲੀਆਂ ਨੂੰ ਮਿਲੇ ਭਰਵੇਂ ਹੁੰਗਾਰੇ ਨੇ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕਾਂ ਦਾ ਕਾਂਗਰਸ ਸਰਕਾਰ ਵਿਚੋਂ ਮੁਕੰਮਲ ਤੌਰ ਤੇ ਵਿਸਵਾਸ਼ ਉੱਠ ਚੁੱਕਿਆ ਹੈ।
ਇੱਥੇ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਸਿਰਫ ਅਕਾਲੀ ਵਰਕਰਾਂ ਉੱਤੇ ਹੀ ਅੱਤਿਆਚਾਰ ਨਹੀਂ ਢਾਹ ਰਹੀ ਹੈ, ਸਗੋਂ ਇਸ ਨੇ ਟਿਊਬਵੈਲਾਂ ਉੱਤੇ ਬਿਜਲੀ ਦੇ ਬਿਲ ਲਗਾ ਕੇ ਕਿਸਾਨਾਂ ਨੂੰ ਵੀ ਲੁੱਟਣ ਦੀ ਤਿਆਰੀ ਕਰ ਰੱਖੀ ਹੈ। ਕਾਂਗਰਸੀਆਂ ਦੇ ਇਸ਼ਾਰੇ ਉੱਤੇ ਅਕਾਲੀਆਂ ਨੂੰ ਤੰਗ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੰਦਿਆਂ ਉਹਨਾਂ ਕਿਸਾਨਾਂ ਨੂੰ ਕਿਹਾ ਕਿ ਉਹ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਨੂੰ ਗਰਿੱਡਾਂ ਉੱਤੇ ਮੀਟਰ ਨਾ ਲਗਾਉਣ ਦੇਣ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਨਿਸ਼ਾਨਾ ਸੇਧਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਨੇ ਲੋਕਾਂ ਨੂੰ ਉਹਨਾਂ ਦੇ ਰਾਸ਼ਟਰੀ ਅਤੇ ਸਹਿਕਾਰੀ ਬੈਂਕਾਂ ਤੋਂ ਇਲਾਵਾ ਆੜ•ਤੀਆਂ ਦੇ ਸਾਰੇ ਕਰਜ਼ੇ ਮੁਆਫ ਕਰਨ ਦੇ ਹਲਫੀਆ ਬਿਆਨ ਦੇ ਕੇ ਉਹਨਾਂ ਨਾਲ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਇਸ ਧੋਖੇ ਵਾਸਤੇ ਬਰਾਬਰ ਦਾ ਦੋਸ਼ੀ ਹੈ, ਕਿਉਂਕਿ ਉਸ ਨੇ ਹੀ ਪਾਰਟੀ ਦਾ ਚੋਣ ਮਨੋਰਥ ਪੱਤਰ ਤਿਆਰ ਕੀਤਾ ਸੀ, ਜਿਸ ਵਿਚ ਬੁਢਾਪਾ ਪੈਨਸ਼ਨ ਵਧਾ ਕੇ 2500 ਰੁਪਏ ਪ੍ਰਤੀ ਮਹੀਨਾ ਅਤੇ ਸ਼ਗਨ ਸਕੀਮ 51 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨ ਦਾ ਵਾਅਦਾ ਕੀਤਾ ਗਿਆ ਸੀ।
ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਕੁੱਝ ਦੇਣ ਦੀ ਥਾਂ, ਉਲਟਾ ਸਾਰੀਆਂ ਲੋਕ ਭਲਾਈ ਸਕੀਮਾਂ, ਜਿਵੇਂ ਬੁਢਾਪਾ ਪੈਨਸ਼ਨ, ਸ਼ਗਨ ਸਕੀਮ ਅਤੇ ਦਲਿਤ ਵਿਦਿਆਰਥੀਆਂ ਲਈ ਵਜ਼ੀਫੇ ਬੰਦ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਇਸੇ ਤਰ•ਾਂ ਬਠਿੰਡਾ ਰਿਫਾਈਨਰੀ ਅਤੇ ਏਅਰ ਫੋਰਸ ਸਟੇਸ਼ਨ ਵੱਲੋਂ ਇਸਤੇਮਾਲ ਕੀਤੇ ਜਾ ਰਹੇ ਰੇਤੇ ਅਤੇ ਬਜਰੀ ਉੱਤੇ ਗੁੰਡਾ ਟੈਕਸ ਵਸੁਲਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅੰਮ੍ਰਿਤਸਰ ਵਿਚ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਵਿਰਾਸਤੀ ਮਾਰਗ ਦੀ ਸਾਂਭ-ਸੰਭਾਲ ਕਰਨ ਵਾਲੀ ਕੰਪਨੀ ਦੇ ਕਰਮਚਾਰੀਆਂ ਨੂੰ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੱਧੂ ਨੇ ਤਨਖਾਹਾਂ ਨਹੀਂ ਦਿੱਤੀਆਂ। ਸਿੱਟੇ ਵਜੋਂ ਕੰਪਨੀ ਨੇ ਕੰਮ ਕਰਨਾ ਬੰਦ ਕਰ ਦਿੱਤਾ, ਜਿਸ ਕਰਕੇ ਇਲਾਕੇ ਵਿਚ ਕੂੜਾ-ਕਰਕਟ ਇਕੱਠਾ ਹੋਣਾ ਸ਼ੁਰੂ ਹੋ ਗਿਆ, ਜਿਸ ਨੂੰ ਹੁਣ ਯੂਥ ਅਕਾਲੀ ਦਲ ਵੱਲੋਂ ਸਾਫ ਕੀਤਾ ਜਾ ਰਿਹਾ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਕੀਤੇ ਝੂਠੇ ਭੰਡੀ-ਪ੍ਰਚਾਰ ਦਾ ਵੀ ਪਰਦਾਫਾਸ਼ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਦਾਅਵਾ ਕੀਤਾ ਸੀ ਕਿ 70 ਫੀਸਦੀ ਪੰਜਾਬੀ ਨੌਜਵਾਨ ਨਸ਼ੇੜੀ ਹਨ। ਉਹਨਾਂ ਕਿਹਾ ਕਿ ਜੇਕਰ ਇਹ ਗੱਲ ਅਜੇ ਵੀ ਸੱਚੀ ਹੈ ਤਾਂ ਮੈਂ ਜਾਣਨਾ ਚਾਹੁੰਦਾ ਹਾਂ ਕਿ ਉਹ ਨੌਜਵਾਨ ਕਿੱਥੇ ਹਨ? ਮੈਂ ਇਹ ਵੀ ਜਾਣਨਾ ਚਾਹੁੰਦਾ ਹਾਂ ਕਿ ਕਾਂਗਰਸ ਸਰਕਾਰ ਨੇ ਕਿਹੜਾ ਵੱਡਾ ਤਸਕਰ ਫੜਿਆ ਹੈ? ਉਹਨਾਂ ਕਿਹਾ ਕਿ ਇਸੇ ਤਰ•ਾਂ ਕਾਂਗਰਸ ਨੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਜਿਵੇਂ ਬੇਅਦਬੀ ਦੇ ਮਾਮਲਿਆਂ ਪਿੱਛੇ ਅਕਾਲੀ-ਭਾਜਪਾ ਸਰਕਾਰ ਦਾ ਹੱਥ ਹੋਵੇ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਬਣਨ ਮਗਰੋਂ ਵੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਹਨ। ਹੁਣ ਉਹ ਸਾਰੇ ਅਖੌਤੀ ਪ੍ਰਚਾਰਕ ਕਿੱਥੇ ਗਏ, ਜਿਹੜੇ ਬੇਅਦਬੀ ਦੇ ਕੇਸਾਂ ਉੱਤੇ ਇੰਨੀ ਫਿਕਰ ਜਤਾਉਂਦੇ ਸਨ? ਉਹ ਹੁਣ ਇਸ ਕਰਕੇ ਰੋਸ ਪ੍ਰਦਰਸ਼ਨ ਨਹੀਂ ਕਰ ਰਹੇ ਹਨ, ਕਿਉਂਕਿ ਉਹ ਸਾਰੇ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਕਾਂਗਰਸ ਅਤੇ ਆਪ ਨਾਲ ਮਿਲੇ ਹੋਏ ਸਨ।
ਇਸ ਮੌਕੇ ਉੱਤੇ ਸੰਬੋਧਨ ਕਰਦਿਆਂ ਗੁਰੂਹਰਸਹਾਇ ਦੇ ਅਕਾਲੀ ਆਗੂ ਵਰਦੇਵ ਸਿੰਘ ਮਾਨ ਨੇ ਕਿਹਾ ਕਿ ਹਾਲ ਹੀ ਵਿਚ ਇੱਕ ਉੱਭਰਦੇ ਕਬੱਡੀ ਖਿਡਾਰੀ ਗੁਰਨਾਇਬ ਦਾ ਕਤਲ ਕਰ ਦਿੱਤਾ ਗਿਆ ਅਤੇ ਦੋ ਅਕਾਲੀ ਸਮਰਥਕਾਂ ਪ੍ਰੀਤਮ ਸਿੰਘ ਬਾਹਟ ਅਤੇ ਵਿਜੈ ਬਜਾਜ ਉੱਤੇ ਜਾਨਲੇਵਾ ਹਮਲੇ ਕੀਤੇ ਗਏ ਸਨ। ਉਹਨਾਂ ਕਿਹਾ ਕਿ ਕਾਂਗਰਸੀ ਗੁੰਡਿਆਂ ਨੇ ਔਰਤਾਂ ਅਤੇ ਬੱਿਚਆਂ ਨੂੰ ਵੀ ਨਹੀਂ ਬਖ਼ਸ਼ਿਆ। ਇਸ ਮੌਕੇ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਜ਼ਿਲ•ਾ ਪ੍ਰਧਾਨ ਅਵਤਾਰ ਸਿੰਘ ਜ਼ੀਰਾ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਕੁਲਬੀਰ ਦਿੰਘ ਜ਼ੀਰਾ ਜ਼ਿਲ•ੇ ਅੰਦਰ ਖਣਨ ਮਾਫੀਏ ਦੇ ਰਾਂਹੀ ਗੈਰ ਕਾਨੂੰਨੀ ਖਣਨ ਕਰਵਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਫਿਰੋਜ਼ਪੁਰ ਤੋਂ ਸਾਬਕਾ ਵਿਧਾਇਕ ਜੁਗਿੰਦਰ ਸਿੰਘ ਜਿੰਦੂ ਮੌਜੂਦ ਸਨ।