ਆਦਮਪੁਰ (ਜਲੰਧਰ), 31 ਦਸੰਬਰ : ਸਾਬਕਾ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੇਤਰੀ ਇੱਛਾਵਾਂ ਦੀ ਰਾਖੀ ਕਰਨ ਵਾਸਤੇ ਇਕ ਸਥਿਰ ਸਰਕਾਰ ਦੀ ਚੋਣ ਕਰਨ ਅਤੇ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਹੀ ਇਕਲੌਤੀ ਪਾਰਟੀ ਹੈ ਜੋ ਸੂਬੇ ਅਤੇ ਇਸਦੇ ਲੋਕਾਂ ਲਈ ਡੱਟ ਕੇ ਖੜ੍ਹਦੀ ਹੈ।
ਇਥੇ ਅਕਾਲੀ ਦਲ ਦੇ ਉਮੀਦਵਾਰ ਪਵਨ ਕੁਮਾਰ ਟੀਨੁੰ ਦੇ ਹੱਕ ਵਿਚ ਵਿਸ਼ਾਲ ਇਕੱਠ ਨੁੰ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਹੋਰ ਸਾਰੀਆਂ ਸਿਆਸੀ ਪਾਰਟੀਆਂ ਤੇ ਮੁਹਾਜ਼ ਦਿੱਲੀ ਦਰਬਾਰ ਦੀਆਂ ਸਿਰਫ ਰੱਬੜ ਦੀਆਂ ਮੋਹਰਾਂ ਹਨ। ਉਹਨਾਂ ਕਿਹਾ ਕਿ ਸਿਰਫ ਅਕਾਲੀ ਦਲ ਦਾ ਇਹ ਰਿਕਾਰਡ ਹੈ ਕਿ ਉਹ ਪੰਜਾਬੀਆਂ ਦੀਆਂ ਖੇਤਰੀ ਇੱਛਾਵਾਂ ਵਾਸਤੇ ਡੱਟਦਾ ਹੈ। ਉਹਨਾਂ ਕਿਹਾ ਕਿ ਅਸੀਂ ਸਮਾਜ ਦੇ ਹਰ ਵਰਗਾਂ ਦੇ ਹਿੱਤਾਂ ਦੀ ਰਾਖੀ ਅਤੇ ਪ੍ਰਗਤੀ ਦੇ ਰਾਹ ਵਿਚ ਹਰ ਕਿਸੇ ਨੂੰ ਨਾਲ ਲੈ ਕੇ ਚੱਲਣ ਲਈ ਵਚਨਬੱਧ ਹਾਂ।
ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ਵੀ ਵੱਡਾ ਹੱਲਾ ਬੋਲਿਆ।
ਉਹਨਾਂ ਕਿਹਾ ਕਿ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੱਕ ਸੱਤਾ ਵਿਚ ਹੋਣ ਅਤੇ ਇਕ ਤੋਂ ਬਾਅਦ ਇਕ ਐਲਾਨ ਕਰਨ ਦੇ ਬਾਵਜੂਦ ਜ਼ਮੀਨੀ ਪੱਧਰ ’ਤੇ ਕੁਝ ਵੀ ਨਹੀਂ ਬਦਲਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਗਰੀਬਾਂ ਨੁੰ 5 ਮਰਲੇ ਦੇ ਪਲਾਟ ਦਿੱਤੇ ਜਾਣਗੇ, ਠੇਕੇ ’ਤੇ ਕੰਮ ਕਰਦੇ 36000 ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣਗੀਆਂ ਅਤੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਤਬਾਹ ਹੋਏ ਨਰਮੇ ਦੀ ਫਸਲ ਦੇ ਮਾਮਲੇ ਵਿਚ ਮੁਆਵਜ਼ਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਜਿਥੇ ਵੀ ਮੈਂ ਜਾਂਦੀ ਹਾਂ, ਮੈਂ ਲੋਕਾਂ ਨੂੰ ਪੁੱਛਦੀ ਹਾਂ ਕਿ ਕੀ ਇਹ ਵਾਅਦੇ ਪੂਰੇ ਹੋਏ ਹਨ। ਉਹਨਾਂ ਕਿਹਾ ਕਿ ਲੋਕ ਆਪ ਆਖਦੇ ਹਨ ਕਿ ਕੋਈ ਵਾਅਦਾ ਪੂਰਾ ਨਹੀਂ ਹੋਇਆ ਤੇ ਕਿਸੇ ਨੂੰ ਪਲਾਟ ਨਹੀਂ ਮਿਲਿਆ, 36 ਹਜ਼ਾਰ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨੀਆਂ ਤਾਂ ਛੱਡੋ ਕਿਸੇ ਇਕ ਵੀ ਮੁਲਾਜ਼ਮ ਨੁੰ ਰੈਗੂਲਰ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਇਸੇ ਤਰੀਕੇ ਕਿਸੇ ਵੀ ਨਰਮਾ ਉਤਪਾਦਕ ਕਿਸਾਨ ਨੁੰ ਢੁਕਵਾ ਮੁਆਵਜ਼ਾ ਨਹੀਂ ਮਿਲਿਆ ਪਰ ਹੁਣ ਇਹ ਮੁਆਵਜ਼ਾ ਦੇਣ ਵਾਸਤੇ ਅਨੇਕਾਂ ਸ਼ਰਤਾਂ ਲਗਾ ਦਿੱਤੀਆਂ ਗਈਆਂ ਹਨ।
ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਇਹ ਵੀ ਦੱਸਿਆ ਕਿ ਭਾਵੇਂ ਕਾਂਗਰਸ ਸਰਕਾਰ ਨੇ ਲੋਕਾਂ ਵਾਸਤੇ ਕੱਖ ਨਹੀਂ ਕੀਤਾ, ਪਰ ਇਸਨੇ ਪੰਜ ਸਾਲਾਂ ਵਿਚ ਪੰਜਾਬ ਸਿਰ ਇਕ ਲੱਖ ਕਰੋੜ ਰੁਪਏ ਦਾ ਕਰਜ਼ਾ ਚਾੜ੍ਹ ਦਿੱਤਾ ਹੈ। ਉਹਨਾਂ ਕਿਹਾ ਕਿ ਇਸਦੇ ਬਾਵਜੂਦ ਲੋਕਾਂ ’ਤੇ ਭਾਰੀ ਟੈਕਸ ਲਗਾਏ ਜਾ ਰਹੇ ਹਨ, ਇਹਨਾਂ ਦੇ ਬਿਜਲੀ ਬਿੱਲਾਂ ਵਿਚ ਚੋਖਾ ਵਾਧਾ ਕੀਤਾ ਗਿਆ ਹੈ ਤੇ ਇਹਨਾਂ ਨੁੰ ਹੋਰ ਰਾਜਾਂ ਦੇ ਮੁਕਾਬਲੇ ਪੈਟਰੋਲ ਅਤੇ ਡੀਜ਼ਲ ’ਤੇ ਚੋਖਾ ਵੈਟ ਅਦਾ ਕਰਨਾ ਪੈ ਰਿਹਾ ਹੈ।
ਅਰਵਿੰਦ ਕੇਜਰੀਵਾਲ ਦੀ ਗੱਲ ਕਰਦਿਆਂ ਸਰਦਾਰਨੀ ਬਾਦਲ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਪੰਜਾਬ ਵਿਚ ਕਿਸੇ ਨਾ ਕਿਸੇ ਤਰੀਕੇ ਸੱਤਾ ਹਥਿਆਉਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਹਾਲਾਂਕਿ ਦਿੱਲੀ ਵਿਚ ਕਿਸੇ ਵੀ ਮਹਿਲਾ ਨੁੰ ਆਪ ਸਰਕਾਰ ਨੇ ਪ੍ਰਤੀ ਮਹੀਨਾ ਇਕ ਰੁਪਿਆ ਵੀ ਨਹੀਂ ਦਿੱਤਾ ਪਰ ਪਾਰਟੀ ਪੰਜਾਬ ਵਿਚ ਹਰ ਮਹਿਲਾ ਨੁੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੀ ਗੱਲ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸੇ ਤਰੀਕੇ ਦਿੱਲੀ ਵਿਚ 200 ਯੁਨਿਟ ਪ੍ਰਤੀ ਬਿਜਲੀ ਸਾਈਕਲ ਦੀ ਸਕੀਮ ਫੇਲ੍ਹ ਹੈ ਤੇ ਲੋਕਾਂ ਨੂੰ ਕੋਈ ਲਾਭ ਨਹੀਂ ਮਿਲ ਰਿਹਾ ਕਿਉਂਕਿ 200 ਯੂਨਿਟ ਤੋਂ ਇਕ ਵੀ ਯੁਨਿਟ ਵੱਧ ਬਿਜਲੀ ਬਿੱਲ ਆਉਣ ’ਤੇ ਸਾਰਾ ਬਿਜਲੀ ਬਿੱਲ ਅਦਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਇਸਦੇ ਬਾਵਜੂਦ ਕੇਜਰੀਵਾਲ ਪੰਜਾਬੀਆਂ ਨੁੰ 300 ਯੁਨਿਟ ਪ੍ਰਤੀ ਬਿੱਲ ਸਾਈਕਲ ਮੁਫਤ ਦੇਣ ਦਾ ਵਾਅਦਾ ਕਰ ਰਹੇ ਹਨ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਕੇਜਰੀਵਾਲ ਹਮੇਸ਼ਾ ਪੰਜਾਬ ਵਿਰੋਧੀ ਰਿਹਾ ਹੈ। ਉਹਨਾਂ ਕਿਹਾ ਕਿ ਆਪ ਦੇ ਕਨਵੀਨਰ ਨੇ ਸਤਲੁਜ ਯਮੁਨਾ Çਲੰਕ ਨਹਿਰ ਦੇ ਮਾਮਲੇ ਵਿਚ ਪੰਜਾਬ ਵਿਰੋਧੀ ਸਟੈਂਡ ਲਿਆ ਅਤੇ ਪੰਜਾਬ ਦੇ ਥਰਮਲ ਪਲਾਂਟ ਬੰਦ ਕਰਨ ਦੀ ਵਕਾਲਤ ਕੀਤੀ ਤੇ ਪੰਜਾਬ ਦੇ ਕਿਸਾਨਾਂ ਖਿਲਾਫ ਪਰਾਲੀ ਸਾੜਨ ਦੇ ਕੇਸ ਦਰਜ ਕਰਨ ਦੀ ਵਕਾਲਤ ਕੀਤੀ।
ਸਰਦਾਰਨੀ ਬਾਦਲ ਸ੍ਰੀ ਪਵਨ ਟੀਨੁੰ ਦੇ ਨਾਲ ਡੇਰਾ ਬੱਲਾਂ ਵਿਖੇ ਵੀ ਪਹੁੰਚੇ ਅਤੇ ਸੰਤ ਨਿਰੰਜਣ ਦਾਸ ਜੀ ਮਹਾਰਾਜ ਨੁੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਡੇਰਾ ਕਮੇਟੀ ਨੇ ਉਹਨਾਂ ਨੁੰ ਸ਼ਰਧਾਲੂਆਂ ਨੁੰ ਗੁਰੂ ਰਵੀ ਦਾਸ ਜੀ ਦੇ ਜਨਕ ਅਸਥਾਨ ਵਾਰਾਣਸੀ ਵਿਖੇ ਸ਼ਰਧਾਲੂਆਂ ਨੁੰ ਮੁਫਤ ਦਰਸ਼ਨਾਂ ਵਾਸਤੇ ਲੈ ਕੇ ਜਾਣ ਦੀ ਯੋਜਨਾ ਕਾਂਗਰਸ ਸਰਕਾਰ ਵੱਲੋਂ ਬੰਦ ਕਰਨ ਬਾਰੇ ਜਾਣਕਾਰੀ ਦਿੱਤੀ। ਕਮੇਟੀ ਨੇ ਉਹਨਾਂ ਨੁੰ ਅਕਾਲੀ ਦਲ ਤੇ ਬਸਪਾ ਸਰਕਾਰ ਆਉਣ ’ਤੇ ਇਹ ਸਕੀਮ ਮੁੜ ਸ਼ੁਰੂ ਹੋਣ ਦੀ ਅਪੀਲ ਕੀਤੀ ਜਿਸ ਲਈ ਉਹਨਾਂ ਨੇ ਸਹਿਮਤੀ ਦਿੱਤੀ ਤੇ ਕਮੇਟੀ ਨੁੰ ਇਸ ਮਾਮਲੇ ਵਿਚ ਭਰੋਸਾ ਦੁਆਇਆ ਕਿ ਸਰਕਾਰ ਬਣਨ ਮਗਰੋਂ ਸਕੀਮ ਮੁੜ ਸ਼ੁਰੂ ਕੀਤੀ ਜਾਵੇਗੀ।