ਦਿੱਲੀ ਯੂਨੀਵਰਸਿਟੀ ਦੇ ਵੀਸੀ ਯੋਗੇਸ਼ ਤਿਆਗੀ ਖ਼ਿਲਾਫ ਵੀ ਸਖ਼ਤ ਕਾਰਵਾਈ ਕਰਨ ਲਈ ਕਿਹਾ
ਕਿਹਾ ਕਿ ਪ੍ਰਧਾਨ ਮੰਤਰੀ ਨੇ ਲੋੜੀਂਦੀ ਕਾਰਵਾਈ ਦਾ ਭਰੋਸਾ ਦਿੱਤਾ
ਚੰਡੀਗੜ•/02 ਮਈ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਹੈ ਕਿ ਉਹ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵੱਲੋਂ ਦਿਆਲ ਸਿੰਘ ਕਾਲਜ, ਦਿੱਲੀ ਦੀ ਨਾਂ-ਬਦਲੀ ਨਾ ਕੀਤੇ ਜਾਣ ਸੰਬੰਧੀ ਦਿੱਤੀ ਵਚਨਬੱਧਤਾ ਦੀ ਖਿਲ਼ਾਫਵਰਜੀ ਕਰਨ ਲਈ ਦਿਆਲ ਸਿੰਘ ਕਾਲਜ ਦੀ ਗਵਰਨਿੰਗ ਕੌਂਸਲ ਦੇ ਚੇਅਰਮੈਨ ਅਮਿਤਾਭ ਸਿਨਹਾ ਨੂੰ ਮੁਅੱਤਲ ਕਰ ਦੇਣ।
ਬੀਬੀ ਹਰਸਿਮਰਤ ਬਾਦਲ ਨੇ ਅੱਜ ਇਸ ਮੁੱਦੇ 1ੁੱਤੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਾਲ 16 ਜਨਵਰੀ ਨੂੰ ਮਨੁੱਖੀ ਸਰੋਤ ਵਿਕਾਸ ਮੰਤਰੀ ਸ੍ਰੀ ਪ੍ਰਕਾਸ਼ ਜਾਵੇਡਕਰ ਵੱਲੋਂ ਲਿਖ਼ਤੀ ਰੂਪ ਵਿਚ ਭਰੋਸਾ ਦਿੱਤਾ ਗਿਆ ਸੀ ਕਿ ਕਾਲਜ ਦਾ ਨਾਂ ਨਹੀਂ ਬਦਲਿਆ ਜਾਵੇਗਾ। ਪਰ ਇਸ ਦੇ ਬਾਵਜੂਦ ਕਾਲਜ ਦੀ ਮੈਨੇਜਮੈਂਟ ਨੇ 25 ਅਪ੍ਰੈਲ ਨੂੰ ਆਪਣੇ ਇਨਾਮ ਵੰਡ ਸਮਾਰੋਹ ਮੌਕੇ ਕਾਲਜ ਦਾ ਨਾਂ ਬਦਲਦਿਆਂ ਵੰਦੇ ਮਾਤਰਮ ਦਿਆਲ ਸਿੰਘ ਕਾਲਜ ਦੇ ਬੈਨਰ ਲਾ ਕੇ ਜਾਣਬੁੱਝ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਇਆ ਹੈ। ਉਹਨਾਂ ਕਿਹਾ ਕਿ ਅਮਿਤਾਭ ਸਿਨਹਾ ਜਾਣਬੁੱਝ ਕੇ ਉੱਘੇ ਪਰਉਪਕਾਰੀ ਦਿਆਲ ਸਿੰਘ ਮਜੀਠੀਆ ਦੀ ਵਿਰਾਸਤ ਨੂੰ ਖਤਮ ਕਰਨ ਲਈ ਵੰਦੇ ਮਾਤਰਮ ਨਾਂ ਦਾ ਇਸਤੇਮਾਲ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸਰਦਾਰ ਮਜੀਠੀਆ ਇੱਕ ਉੱਘੇ ਸਮਾਜ ਸੁਧਾਰਕ ਸਨ, ਜਿਹਨਾਂ ਨੇ ਆਪਣੀ ਸਾਰੀ ਦੌਲਤ ਲੋਕਾਂ ਦੀ ਭਲਾਈ ਦੇ ਕੰਮਾਂ ਵਾਸਤੇ ਦਾਨ ਕਰ ਦਿੱਤੀ ਸੀ।
ਕੇਂਦਰੀ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਯੋਗੇਸ਼ ਕੁਮਾਰ ਤਿਆਗੀ ਖ਼ਿਲਾਫ ਵੀ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਤਿਆਗੀ ਨੇ ਅਸਿੱਧੇ ਤੌਰ ਤੇ ਅਮਿਤਾਭ ਸਿਨਹਾ ਦੀ ਮੱਦਦ ਕੀਤੀ ਹੈ ਅਤੇ ਸਿਨਹਾ ਖਿਲਾਫ ਬਹੁਤ ਸਾਰੀਆਂ ਸ਼ਿਕਾਇਤਾਂ ਆਉਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ।
ਬੀਬੀ ਬਾਦਲ ਨੇ ਇਹ ਵੀ ਸਪੱਸ਼ਟ ਕੀਤਾ ਕਿ ਪਿਛਲੇ ਸਾਲ 17 ਨਵੰਬਰ ਨੂੰ ਕਾਲਜ ਦੀ ਗਵਰਨਿੰਗ ਕੌਂਸਲ ਵੱਲੋਂ ਇਸ ਦਾ ਨਾਂ ਵੰਦੇ ਮਾਤਰਮ ਕਾਲਜ ਰੱਖ ਕੇ ਕਾਲਜ ਤਬਾਦਲਾ ਸੰਧੀ ਦੀ ਵੀ ਉਲੰਘਣਾ ਕੀਤੀ ਗਈ ਸੀ। ਉਹਨਾਂ ਕਿਹਾ ਕਿ ਤਬਾਦਲਾ ਸੰਧੀ ਵਿਚ ਸਪੱਸ਼ਟ ਲਿਖਿਆ ਸੀ ਕਿ ਇਹ ਸੰਸਥਾ 1978 ਵਿਚ ਦਿੱਲੀ ਯੂਨੀਵਰਸਿਟੀ ਦੇ ਪ੍ਰਬੰਧਾਂ ਹੇਠ ਚਲੇ ਜਾਣ ਮਗਰੋਂ ਵੀ ਇਸੇ ਨਾਂ ਨਾਲ ਜਾਣੀ ਜਾਵੇਗੀ। ਉਹਨਾਂ ਇਹ ਵੀ ਦੱਸਿਆ ਕਿ ਜਿਸ ਜ਼ਮੀਨ ਉੱਤੇ ਇਹ ਕਾਲਜ ਬਣਿਆ ਹੋਇਆ ਹੈ, ਉਹ ਅਜੇ ਵੀ ਦਿਆਲ ਸਿੰਘ ਕਾਲਜ ਟਰੱਸਟ ਸੁਸਾਇਟੀ ਦੇ ਨਾਂ ਉੱਤੇ ਹੈ।
ਕੇਂਦਰੀ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਕਾਲਜ ਦੀ ਗਵਰਨਿੰਗ ਕੌਂਸਲ ਦੀਆਂ ਕਾਰਵਾਈਆਂ ਨੂੰ ਇੱਕ ਘੱਟ ਗਿਣਤੀ ਖਿਲ਼ਾਫ ਧੱਕੇਸ਼ਾਹੀ ਵਜੋਂ ਵੇਖਿਆ ਜਾ ਰਿਹਾ ਹੈ। ਇਸ ਪ੍ਰਭਾਵ ਨੂੰ ਤੁਰੰਤ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਪ੍ਰਧਾਨ ਮੰਤਰੀ ਨੂੰ ਇਹ ਵੀ ਦੱਸਿਆ ਕਿ ਇਹ ਮੁੱਦਾ ਸਿੱਖ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਣ ਤੋਂ ਇਲਾਵਾ ਸਰਦਾਰ ਦਿਆਲ ਸਿੰਘ ਦੀ ਯਾਦ ਲਈ ਬਣਦੇ ਸਨਮਾਨ ਨਾਲ ਵੀ ਜੁੜਿਆ ਹੈ, ਜਿਹਨਾਂ ਨੇ 'ਦ ਟ੍ਰਿਬਿਊਨ' ਅਖਬਾਰ ਅਤੇ ਪੰਜਾਬ ਨੈਸ਼ਨਲ ਬੈਂਕ ਦੀ ਸਥਾਪਨਾ ਤੋਂ ਇਲਾਵਾ ਸਮਾਜ ਦੀ ਉਨੱਤੀ ਵਿਚ ਢੇਰ ਸਾਰਾ ਯੋਗਦਾਨ ਪਾਇਆ ਹੈ।
ਬੀਬੀ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਤੌਖਲਿਆਂ ਨੂੰ ਧਿਆਨ ਨਾਲ ਸੁਣਿਆ ਅਤੇ ਇਸ ਮਾਮਲੇ ਦੀ ਪੜਤਾਲ ਕਰਕੇ ਲੋੜੀਂਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।