ਸਿੱਧੂ ਨੂੰ ਪਾਕਿ ਸਰਕਾਰ ਵੱਲੋਂ ਕਰਤਾਰਪੁਰ ਲਾਂਘਾ ਖੋਲ•ਣ ਲਈ ਦਿੱਤੀ ਪ੍ਰਵਾਨਗੀ ਦਾ ਸਬੂਤ ਪੇਸ਼ ਕਰਨ ਦੀ ਦਿੱਤੀ ਚੁਣੌਤੀ
ਚੰਡੀਗੜ•/18 ਸਤੰਬਰ:ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਪੁੱਛਿਆ ਕਿ ਆਪਣੀ ਗੱਦਾਰੀ ਭਰੇ ਵਿਵਹਾਰ ਨੂੰ ਲੁਕੋਣ ਲਈ ਦੇਸ਼ ਦੇ ਲੋਕਾਂ ਨੂੰ ਧੋਖਾ ਦੇਣ ਅਤੇ ਕਰਤਾਰਪੁਰ ਲਾਂਘੇ ਦੇ ਮੁੱਦੇ ਉੱਤੇ ਸਿੱਖਾਂ ਦੇ ਜਜ਼ਬਾਤਾਂ ਨਾਲ ਖੇਡਣ ਵਾਲੇ ਕਾਂਗਰਸੀ ਮੰਤਰੀ ਨਵਜੋਤ ਸਿੱਧੂ ਦੇ ਖ਼ਿਲਾਫ ਉਹ ਕੀ ਕਾਰਵਾਈ ਕਰਨਗੇ?
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਿੱਲੀ ਥੈਲੇ ਵਿਚੋਂ ਬਾਹਰ ਆ ਗਈ ਹੈ। ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘਾ ਖੋਲ•ਣ ਦਾ ਕੋਈ ਪ੍ਰਸਤਾਵ ਨਹੀਂ ਹੈ। ਇਹੀ ਗੱਲ ਸਰਕਾਰੀ ਤੌਰ ਵਿਦੇਸ਼ ਮੰਤਰੀ ਬੀਬੀ ਸੁਸ਼ਮਾ ਸਵਰਾਜ ਵੱਲੋਂ ਕਹੀ ਜਾ ਚੁੱਕੀ ਹੈ। ਇਹ ਗੱਲ ਸਾਫ ਹੋ ਗਈ ਹੈ ਕਿ ਸਿੱਧੂ ਨੇ ਜਾਣਬੁੱਝ ਕੇ ਲੋਕਾਂ ਨੂੰ ਝੂਠ ਬੋਲਿਆ ਸੀ ਅਤੇ ਦਾਅਵਾ ਕੀਤਾ ਸੀ ਕਿ ਉਸ ਨੂੰ ਪਾਕਿਸਤਾਨੀ ਸੈਨਾ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਵੱਲੋਂ ਕਰਤਾਰਪੁਰ ਲਾਂਘਾ ਖੋਲ•ਣ ਬਾਰੇ ਭਰੋਸਾ ਦਿੱਤਾ ਗਿਆ ਹੈ। ਇਹ ਝੂਠ ਉੁਸ ਨੇ ਜੱਫੀ ਵਾਲੇ ਵਿਵਾਦ ਤੋਂ ਖਹਿੜਾ ਛੁਡਾਉਣ ਲਈ ਬੋਲਿਆ ਸੀ। ਉਹਨਾਂ ਕਿਹਾ ਕਿ ਹੁਣ ਰਾਹੁਲ ਗਾਂਧੀ ਨੂੰ ਵੀ ਖੁਲਾਸਾ ਕਰਨਾ ਚਾਹੀਦਾ ਹੈ ਕਿ ਕੀ ਸਿੱਧੂ ਪਾਕਿਸਤਾਨ ਵਿਚ ਆਪਣੇ ਦੋਸਤ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਉਸ ਦੇ ਅਸ਼ੀਰਵਾਦ ਨਾਲ ਗਿਆ ਸੀ ਅਤੇ ਕੀ ਸਿੱਖਾਂ ਦੇ ਜਜ਼ਬਾਤਾਂ ਨਾਲ ਖੇਡਣ ਦੀ ਇਸ ਸਾਜ਼ਿਸ਼ ਦਾ ਉਹ ਵੀ ਇੱਕ ਹਿੱਸਾ ਸੀ। ਜੇ ਨਹੀਂ ਤਾਂ ਰਾਹੁਲ ਗਾਂਧੀ ਨੂੰ ਤੁਰੰਤ ਸਿੱਧੂ ਨੂੰ ਦੇਸ਼ ਦੇ ਲੋਕਾਂ ਨੂੰ ਧੋਖਾ ਦੇਣ ਅਤੇ ਸਾਡੇ ਸ਼ਹੀਦਾਂ ਦਾ ਅਪਮਾਨ ਕਰਨ ਲਈ ਕਾਂਗਰਸ ਪਾਰਟੀ ਵਿਚੋਂ ਕੱਢਣਾ ਚਾਹੀਦਾ ਹੈ।
ਸਿੱਧੂ ਉੱਤੇ ਸਿੱਧਾ ਹਮਲਾ ਕਰਦਿਆਂ ਕੇਂਦਰੀ ਮੰਤਰੀ ਨੇ ਉਸ ਨੂੰ ਪਾਕਿਸਤਾਨ ਸਰਕਾਰ ਦੁਆਰਾ ਕਰਤਾਰਪੁਰ ਲਾਂਘਾ ਖੋਲ•ਣ ਨੂੰ ਦਿੱਤੀ ਮਨਜ਼ੂਰੀ ਦਾ ਸਬੂਤ ਪੇਸ਼ ਕਰਨ ਦੀ ਚੁਣੌਤੀ ਦਿੱਤੀ। ਉਹਨਾਂ ਕਿਹਾ ਕਿ ਜਿਸ ਤਰ•ਾਂ ਉਹ ਦਾਅਵਾ ਕਰਦਾ ਹੈ, ਜੇਕਰ ਸਿੱਧੂ ਸੱਚਮੁੱਚ ਇਮਰਾਨ ਖਾਨ ਦਾ ਕਰੀਬੀ ਦੋਸਤ ਹੈ ਤਾਂ ਉਸ ਨੂੰ ਆਪਣੇ ਦੋਸਤ ਨੂੰ ਇੱਕ ਅਜਿਹੀ ਚਿੱਠੀ ਦੇਣ ਬਾਰੇ ਕਹਿਣਾ ਚਾਹੀਦਾ ਹੈ, ਜਿਸ ਵਿਚ ਲਿਖਿਆ ਹੋਵੇ ਕਿ ਪਾਕਿ ਸਰਕਾਰ ਕਰਤਾਰਪੁਰ ਲਾਂਘਾ ਖੋਲ•ਣ ਲਈ ਤਿਆਰ ਹੈ। ਅਸੀਂ ਇਹ ਮੁੱਦਾ ਆਪਣੀ ਸਰਕਾਰ ਕੋਲ ਉਠਾਵਾਂਗੇ ਅਤੇ ਇਸ ਕੋਲੋਂ ਰਸਮੀ ਪ੍ਰਵਾਨਗੀ ਲੈ ਲਵਾਂਗੇ। ਉਹਨਾਂ ਕਿਹਾ ਕਿ ਸਿੱਧੂ ਨੂੰ ਆਪਣੇ ਦੋਸਤ ਨੂੰ ਇਹ ਵੀ ਕਹਿਣਾ ਚਾਹੀਦਾ ਹੈ ਕਿ ਉਹ ਅੰਤਰਰਾਸ਼ਟਰੀ ਸਰਹੱਦ ਉੱਤੇ ਕਤਲੋਗਾਰਤ ਬੰਦ ਕਰੇ ਅਤੇ ਭਾਰਤ ਵਿਚ ਦਹਿਸ਼ਤ ਨਾ ਫੈਲਾਵੇ।
ਇਹ ਟਿੱਪਣੀ ਕਰਦਿਆਂ ਕਿ ਸਿੱਧੂ ਪਾਕਿਸਤਾਨੀ ਸੈਨਾ ਮੁਖੀ ਨੂੰ ਪਾਈ ਜੱਫੀ ਦੇ ਪਾਪ ਨੂੰ ਲੁਕੋਣ ਵਾਸਤੇ ਕਪਟ ਦਾ ਸਹਾਰਾ ਲੈ ਰਿਹਾ ਹੈ, ਬੀਬੀ ਬਾਦਲ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਨੂੰ ਖੋਲ•ਣ ਦਾ ਮੁੱਦਾ ਕੋਈ ਨਵਾਂ ਨਹੀਂ ਹੈ। ਲਾਂਘੇ ਨੂੰ ਖੋਲ•ਣ ਬਾਰੇ ਪਾਕਿਸਤਾਨ ਨਾਲ ਇੱਕ ਦੋਪਾਸੀ ਸਮਝੌਤਾ ਹੋਇਆ ਸੀ, ਜਿਸ ਦੀ ਉਸ ਨੇ ਕਦੇ ਪਾਲਣਾ ਨਹੀਂ ਕੀਤੀ। ਉਹਨਾਂ ਕਿਹਾ ਕਿ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਇਸ ਸੰਬੰਧੀ ਵਿਧਾਨ ਸਭਾ ਵਿਚ ਇੱਕ ਮਤਾ ਪਾਸ ਕੀਤਾ ਸੀ।ਇਕ ਸੰਸਦੀ ਵਫ਼ਦ ਵੀ ਇਹ ਮੁੱਦਾ ਪਾਕਿਸਤਾਨ ਦੀ ਸਰਕਾਰ ਕੋਲ ਉਠਾ ਚੁੱਕਿਆ ਹੈ। ਸ਼੍ਰੋਮਣੀ ਕਮੇਟੀ ਵੀ ਲਗਾਤਾਰ ਇਹ ਮੁੱਦਾ ਉਠਾਉਂਦੀ ਆ ਰਹੀ ਹੈ ਅਤੇ ਹੁਣ ਵੀ ਇਸ ਮੰਗ ਨੂੰ ਪੂਰਾ ਕਰਵਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨਾਲ ਪਾਕਿਸਤਾਨ ਜਾਣ ਦੀ ਤਿਆਰੀ ਵਿਚ ਹੈ।
ਬੀਬੀ ਬਾਦਲ ਨੇ ਇਹ ਵੀ ਖੁਲਾਸਾ ਕੀਤਾ ਕਿ ਕੱਲ• ਵੀ ਸਿੱਧੂ ਨੇ ਸੀਨੀਅਰ ਕਾਂਗਰਸੀ ਆਗੂ ਐਮ ਐਸ ਗਿੱਲ ਦਾ ਨਾਂ ਵਰਤਦਿਆਂ ਵਿਦੇਸ਼ ਮੰਤਰੀ ਤੋਂ ਮਿਲਣ ਦਾ ਸਮਾਂ ਲਿਆ ਸੀ ਅਤੇ ਬਾਅਦ ਵਿਚ 'ਸਰਦਾਰ ਗਿੱਲ ਨਾਲ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਮਿਲਿਆ' ਲਿਖ ਕੇ ਸੋਸ਼ਲ ਮੀਡੀਆ ਉੱਤੇ ਪਾ ਦਿੱਤਾ ਸੀ। ਉਹਨਾਂ ਕਿਹਾ ਕਿ ਇਹੀ ਕਾਰਣ ਹੈ ਕਿ ਸੁਸ਼ਮਾ ਜੀ ਨੇ ਸਿੱਧੂ ਨੂੰ ਝਿੜਕਿਆ ਸੀ ਅਤੇ ਪੁੱਛਿਆ ਸੀ ਕਿ ਉਸ ਨੇ ਪਾਕਿਸਤਾਨ ਜਾਣ ਲਈ ਮਿਲੀ ਸਿਆਸੀ ਮਨਜ਼ੂਰੀ ਦਾ ਗੈਰਜ਼ਿੰਮੇਵਾਰਾਨਾ ਵਿਵਹਾਰ ਕਰਕੇ ਗਲਤ ਇਸਤੇਮਾਲ ਕਿਉਂ ਕੀਤਾ ਸੀ, ਜਿਸ ਨਾਲ ਮੁਲਕ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਸੀ। ਉਹਨਾਂ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਸਿੱਧੂ ਨੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਬਾਰੇ ਵੀ ਇਹ ਦਾਅਵਾ ਕਰਦਿਆਂ ਝੂਠ ਬੋਲਿਆ ਸੀ ਕਿ ਮੰਤਰਾਲਾ ਉਸ ਦੀ ਬੇਨਤੀ ਉੱਤੇ ਕਾਰਵਾਈ ਕਰੇਗਾ। ਸੱਚਾਈ ਇਹ ਹੈ ਕਿ ਸੁਸ਼ਮਾ ਜੀ ਨੇ ਉਸ ਨੂੰ ਮਿਲਣ ਤੋਂ ਵੀ ਇਨਕਾਰ ਕਰ ਦਿੱਤਾ ਸੀ।
ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਤੋਂ ਸਾਬਿਤ ਹੋ ਗਿਆ ਕਿ ਸਿੱਧੂ ਨੇ ਆਪਣੇ ਗੱਦਾਰੀ ਭਰੇ ਵਿਵਹਾਰ ਨੂੰ ਕਰਤਾਰਪੁਰ ਲਾਂਘੇ ਵਾਲੇ ਝੂਠ ਨਾਲ ਲੁਕੋਣ ਦੀ ਕੋਸ਼ਿਸ਼ ਕਰਕੇ ਸਿਰਫ ਸਿੱਖ ਭਾਈਚਾਰੇ ਨੂੰ ਹੀ ਨਹੀਂ ਸਗੋਂ ਪੂਰੇ ਮੁਲਕ ਨੂੰ ਧੋਖਾ ਦਿੱਤਾ ਹੈ। ਸਿੱਧੂ ਨੂੰ ਭਵਿੱਖ ਵਿਚ ਜ਼ਿੰਮੇਵਾਰੀ ਨਾਲ ਕੰਮ ਕਰਨ ਲਈ ਆਖਦਿਆਂ ਬੀਬੀ ਬਾਦਲ ਨੇ ਕਿਹਾ ਕਿ ਰਾਜਨੀਤੀ ਕੋਈ ਕਾਮੇਡੀ ਸਰਕਸ ਨਹੀਂ ਹੈ। ਸੌੜੇ ਸਿਆਸੀ ਹਿੱਤਾਂ ਲਈ ਦੇਸ਼ ਦੀ ਏਕਤਾ ਅਤੇ ਅਖੰਡਤਾ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। ਹੁਣ ਤੁਹਾਨੂੰ ਈਮਾਨਦਾਰੀ ਵਿਖਾਉਂਦੇ ਹੋਏ ਸਿੱਖ ਧਰਮ ਦੇ ਮੋਢੀ ਨਾਲ ਜੁੜੇ ਇਸ ਬੇਹੱਦ ਸੰਵੇਦਨਸ਼ੀਲ ਮੁੱਦੇ ਉੱਤੇ ਗੁੰਮਰਾਹ ਕਰਨ ਲਈ ਦੇਸ਼ ਦੇ ਲੋਕਾਂ ਅਤੇ ਸਿੱਖ ਭਾਈਚਾਰੇ ਤੋਂ ਮੁਆਫੀ ਮੰਗਣੀ ਚਾਹੀਦੀ ਹੈ