ਕਿਹਾ ਕਿ ਪੰਜਾਬ ਸਰਕਾਰ ਕੋਲ ਝੋਨੇ ਅਤੇ ਕਪਾਹ ਉੱਤੇ ਬੋਨਸ ਦੇਣ ਦੇ ਸਰੋਤ ਮੌਜੂਦ ਹਨ, ਕਿਉਂਕਿ ਸਮਰਥਨ ਮੁੱਲ ਵਿਚ ਵਾਧੇ ਨਾਲ ਸਰਕਾਰ ਮਾਰਕੀਟ ਫੀਸ ਅਤੇ ਦਿਹਾਤੀ ਵਿਕਾਸ ਫੀਸ ਦੇ ਰੂਪ ਵਿਚ ਵਾਧੂ ਆਮਦਨ ਹੋਣੀ ਹੈ
ਚੰਡੀਗੜ•/12 ਜੁਲਾਈ:ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਜੇਕਰ ਉਹ ਕਿਸਾਨਾਂ ਦੀ ਆਮਦਨ ਵਧਾਉਣ ਬਾਰੇ ਸੰਜੀਦਾ ਹਨ ਤਾਂ ਤੁਰੰਤ ਝੋਨੇ ਉੱਤੇ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦਾ ਐਲਾਨ ਕਰਕੇ ਆਪਣੀ ਕਥਨੀ ਨੂੰ ਕਰਨੀ ਵਿਚ ਬਦਲ ਕੇ ਵਿਖਾਉਣ। ਉਹਨਾਂ ਨੇ ਮੁੱਖ ਮੰਤਰੀ ਨੂੰ ਝੋਨੇ ਦੇ ਘੱਟੋ ਘੱਟ ਸਮਰਥਨ ਮੁੱਲ ਵਿਚ 200 ਰੁਪਏ ਪ੍ਰਤੀ ਕੁਇੰਟਲ ਦੇ ਇਤਿਹਾਸਕ ਵਾਧੇ ਨੂੰ ਫਜ਼ੂਲ ਕਹਿ ਕੇ ਸੌੜੀ ਸਿਆਸਤ ਕਰਨ ਤੋਂ ਪਰਹੇਜ ਕਰਨ ਲਈ ਆਖਿਆ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬੀ ਹਰਸਿਮਰਤ ਬਾਦਲ ਨੇ ਕਿਹਾ ਕਿ ਇਹ ਗੱਲ ਬਹੁਤ ਹੀ ਨਿੰਦਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਝੋਨੇ ਅਤੇ ਕਪਾਹ ਦੇ ਸਮਰਥਨ ਮੁੱਲ ਵਿਚ ਕੀਤੇ ਗਏ ਰਿਕਾਰਡ ਵਾਧੇ ਨੂੰ ਮਾਮੂਲੀ ਕਹਿ ਰਹੇ ਹਨ। ਉਹਨਾਂ ਕਿਹਾ ਕਿ ਕਪਾਹ ਦੇ ਘੱਟੋ ਘੱਟ ਸਮਰਥਨ ਮੁੱਲ ਵਿਚ 1100 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ, ਕਾਂਗਰਸੀ ਮੁੱਖ ਮੰਤਰੀ ਘੱਟੋ ਘੱਟ ਸਮਝਾਉਣ ਤਾਂ ਸਹੀ ਇਹ ਵਾਧਾ ਮਾਮੂਲੀ ਕਿਵੇਂ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਨੂੰ ਕਪਾਹ ਉੱਤੇ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦਾ ਐਲਾਨ ਕਰਨਾ ਚਾਹੀਦਾ ਹੈ।
ਬਠਿੰਡਾ ਤੋਂ ਪਾਰਟੀ ਸਾਂਸਦ ਬੀਬੀ ਬਾਦਲ ਨੇ ਕਿਹਾ ਕਿ ਮੁੱਖ ਮੁੱਦਾ ਇਹ ਹੈ ਕਿ ਕੀ ਕੈਪਟਨ ਅਮਰਿੰਦਰ ਸੂਬੇ ਅੰਦਰ ਕਿਸਾਨੀ ਸੰਕਟ ਨੂੰ ਹੱਲ ਕਰਨ ਲਈ ਸੰਜੀਦਾ ਹਨ ਜਾਂ ਫਿਰ 90 ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਮੁਆਫੀ ਦੇ ਵਾਅਦੇ ਤੋਂ ਮੁਕਰ ਕੇ ਪੈਦਾ ਕੀਤੇ ਸੰਕਟ ਨੂੰ ਹੱਲ ਕਰਨ ਦੀ ਜ਼ਿੰਮੇਵਾਰੀ ਲੈਣ ਦੀ ਥਾਂ ਬੱਸ ਰੌਲਾ ਪਾ ਕੇ ਅੱਗੇ ਖਿਸਕ ਜਾਣਾ ਹੀ ਪਸੰਦ ਕਰਦੇ ਹਨ। ਉਹਨਾਂ ਕਿਹਾ ਕਿ ਮੁੱਦਾ ਇਹ ਹੈ ਕਿ ਕੀ ਅਮਰਿੰਦਰ ਪੰਜਾਬੀ ਕਿਸਾਨ ਦੇ ਹਿੱਤਾਂ ਦੀ ਰਾਖੀ ਲਈ ਸਿਰਫ ਸ਼ਬਦੀ ਹਮਦਰਦੀ ਕਰਨਗੇ ਜਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਨੂੰ ਪੈਦਾਵਰੀ ਲਾਗਤਾਂ ਉੱਤੇ 50 ਫੀਸਦੀ ਮੁਨਾਫਾ ਯਕੀਨੀ ਬਣਾਉਣ ਲਈ ਕੀਤੀ ਮੱਦਦ ਵਿਚ ਹੋਰ ਵਾਧਾ ਕਰਨਗੇ। ਅਮਰਿੰਦਰ ਕੋਲ ਇਸ ਮੱਦਦ ਵਿਚ ਹੋਰ ਵਾਧਾ ਕਰਨ ਵਾਸਤੇ ਸਰੋਤ ਮੌਜੂਦ ਹਨ, ਕਿਉਂਕਿ ਸਮਰਥਨ ਮੁੱਲ ਵਿਚ ਕੀਤੇ ਗਏ ਤਾਜ਼ਾ ਵਾਧੇ ਸਦਕਾ ਸੂਬੇ ਨੂੰ ਮਾਰਕੀਟ ਫੀਸ ਅਤੇ ਦਿਹਾਤੀ ਵਿਕਾਸ ਫੀਸ ਦੇ ਰੂਪ ਵਿਚ 200 ਕਰੋੜ ਰੁਪਏ ਦੀ ਵਾਧੂ ਆਮਦਨ ਹੋਵੇਗੀ। ਹੁਣ ਵੇਖਣਾ ਇਹ ਹੈ ਕਿ ਇਹ ਲਾਭ ਕਿਸਾਨਾਂ ਨੂੰ ਦਿੱਤਾ ਜਾਂਦਾ ਹੈ ਜਾਂ ਨਹੀਂ।
ਬੀਬੀ ਬਾਦਲ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਦੇ ਪਿਛਲੇ ਰਿਕਾਰਡ ਉਤੇ ਝਾਤ ਮਾਰੀ ਜਾਵੇ ਤਾਂ ਉਸ ਵੱਲੋਂ ਪੰਜਾਬ ਦੇ ਕਿਸਾਨਾਂ ਲਈ ਕੁੱਝ ਵੀ ਕੀਤੇ ਜਾਣ ਦੀ ਕੋਈ ਉਮੀਦ ਨਹੀਂ ਹੈ। ਉਹਨਾਂ ਕਿਹਾ ਕਿ ਅਮਰਿੰਦਰ ਨੇ ਹੁਣ ਸਭ ਤੋਂ ਵਧੀਆ ਕੰਮ ਇਹੋ ਕੀਤਾ ਹੈ ਕਿ 2002 ਵਿਚ ਉਸ ਨੇ ਝੋਨੇ ਉੱਤੇ 30 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਦਾ ਵਾਅਦਾ ਕਰਕੇ 10 ਰੁਪਏ ਪ੍ਰਤੀ ਕੁਇੰਟਲ ਦਾ ਬੋਨਸ ਦਿੱਤਾ ਸੀ। ਇਸ ਤੋਂ ਇਲਾਵਾ ਉਹ 2002-07 ਦੇ ਕਾਰਜਕਾਲ ਦੌਰਾਨ ਸਰਦਾਰ ਪਰਕਾਸ਼ ਸਿੰਘ ਬਾਦਲ ਵੱਲੋਂ ਕਿਸਾਨਾਂ ਨੂੰ ਦਿੱਤੀ ਮੁਫਤ ਬਿਜਲੀ ਦੀ ਸਹੂਲਤ ਵਾਪਸ ਲੈਣ ਵਾਸਤੇ ਜਾਣਿਆ ਜਾਂਦਾ ਹੈ ਅਤੇ ਆਪਣੇ ਮੌਜੂਦਾ ਕਾਰਜਕਾਲ ਦੌਰਾਨ ਉਸ ਨੇ ਕਿਸਾਨਾਂ ਦੀਆਂ ਜ਼ਮੀਨਾਂ ਦੀ ਕੁਰਕੀ ਕਰਵਾ ਕੇ ਨਾਮਣਾ ਖੱਟਿਆ ਹੈ।
ਇਹ ਟਿੱਪਣੀ ਕਰਦਿਆਂ ਕਿ ਅਮਰਿੰਦਰ ਹੁਣ ਕਰਜ਼ਾ ਮੁਆਫੀ ਦੀ ਜ਼ਿੰਮੇਵਾਰੀ ਕੇਂਦਰ ਉੱਤੇ ਸੁੱਟ ਕੇ ਆਪਣੇ ਵਾਅਦੇ ਮੁਤਾਬਿਕ 90 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਮੁਆਫ ਕਰਨ ਤੋਂ ਮੁਕਰਨ ਦੀ ਜ਼ਿੰਮੇਵਾਰੀ ਉਠਾਉਣ ਤੋਂ ਭੱਜ ਰਿਹਾ ਹੈ, ਬੀਬੀ ਬਾਦਲ ਨੇ ਕਿਹਾ ਕਿ ਇਹ ਤੁਸੀਂ ਹੀ ਸੀ, ਜਿਹਨਾਂ ਨੇ ਮੁਕੰਮਲ ਕਰਜ਼ਾ ਮੁਆਫੀ ਦਾ ਵਾਅਦਾ ਕੀਤਾ ਸੀ। ਇਸ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਹੈ। ਉਹਨਾਂ ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ ਉਹ ਸਵਾਮੀਨਾਥਨ ਰਿਪੋਰਟ ਦੇ ਮੁੱਦੇ 1ੁੱਤੇ ਪੰਜਾਬੀਆਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਨਾ ਕਰਨ। ਉਹਨਾਂ ਕਿਹਾ ਕਿ ਇਹ ਇੱਕ ਤੱਥ ਹੈ ਕਿ ਸਵਾਮੀਨਾਥਨ ਰਿਪੋਰਟ ਦਾ ਮੁੱਖ ਟੀਚਾ ਕਿਸਾਨਾਂ ਲਈ ਪੈਦਾਵਰੀ ਲਾਗਤਾਂ ਉੱਤੇ 50 ਫੀਸਦੀ ਮੁਨਾਫਾ ਯਕੀਨੀ ਬਣਾਉਣਾ ਹੈ। ਇਸ ਨੂੰ ਪੂਰਾ ਕਰ ਲਿਆ ਗਿਆ ਹੈ।ਇੱਥੋਂ ਤਕ ਡਾਕਟਰ ਸਵਾਮੀਨਾਥਨ ਨੇ ਵੀ ਇਸ ਫੈਸਲੇ ਨੂੰ ਸਰਾਹਿਆ ਹੈ। ਪਰੰਤੂ ਸਿਰਫ ਤੁਸੀਂ ਸਨਕੀ ਬਣੇ ਹੋਏ ਹੋ।
ਬੀਬੀ ਬਾਦਲ ਨੇ ਕਿਹਾ ਕਿ ਜੇ ਹੋਰ ਕੁੱਝ ਨਹੀਂ ਤਾਂ ਕੈਪਟਨ ਅਮਰਿੰਦਰ ਉਹਨਾਂ ਲੱਖਾਂ ਕਿਸਾਨਾਂ ਤੋਂ ਹੀ ਸੱਚ ਦੀ ਜਾਣਕਾਰੀ ਲੈ ਸਕਦਾ ਹੈ, ਜਿਹਨਾ ਨੇ ਕੱਲ• ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨ ਲਈ ਮਲੋਟ ਰੈਲੀ ਵਿਚ ਭਾਗ ਲਿਆ ਸੀ। ਉਹਨਾਂ ਕਿਹਾ ਕਿ ਕਿਸਾਨ ਰੈਲੀ ਵਿਚ ਇਸ ਲਈ ਆਏ ਸਨ, ਕਿਉਂਕਿ ਉਹ ਸਮਝਦੇ ਸਨ ਕਿ ਉਹ ਝੋਨੇ ਵਿਚ ਪ੍ਰਤੀ ਏਕੜ 6 ਹਜ਼ਾਰ ਰੁਪਏ ਅਤੇ ਕਪਾਹ ਵਿਚ ਪ੍ਰਤੀ ਏਕੜ 10 ਹਜ਼ਾਰ ਰੁਪਏ ਦੀ ਵਾਧੂ ਕਮਾਈ ਕਰਨਗੇ। ਇਸ ਲਈ ਮੁੱਖ ਮੰਤਰੀ ਵਾਸਤੇ ਇਹ ਸਹੀ ਮੌਕਾ ਹੈ ਕਿ ਉਹ ਇਸ ਤੱਥ ਨੂੰ ਸਵੀਕਾਰ ਕਰ ਲਵੇ ਅਤੇ ਸੌੜੀ ਸਿਆਸਤ ਤੋਂ ਉੱਪਰ ਉੱਠ ਕੇ ਇਸ ਦਲੇਰਾਨਾ ਫੈਸਲੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰੇ।