ਚੰਡੀਗੜ੍ਹ/14 ਅਗਸਤ:ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ 'ਰਾਇਸ਼ੁਮਾਰੀ 2020' ਦਾ ਆਯੋਜਨ ਕਰਨ ਵਾਲਿਆਂ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਕਾਰਵਾਈ ਨੂੰ ਪੰਜਾਬ ਨੂੰ ਭਾਰਤ ਤੋਂ ਵੱਖ ਕਰਨ ਅਤੇ ਮੁਲਕ ਦੇ ਟੁਕੜੇ ਕਰਨ ਵਾਸਤੇ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਨਾਲ ਮਿਲ ਕੇ ਰਚੀ ਗਈ ਖਤਰਨਾਕ ਸਾਜਿਸ਼ ਕਰਾਰ ਦਿੱਤਾ ਹੈ।
ਅੱਜ ਇਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਭਾਰਤ ਤੋਂ ਵੱਖ ਹੋਣ ਦੀ ਅਜਿਹੀ ਘਿਣਾਉਣੀ ਮੰਗ ਸਿੱਖ ਧਰਮ ਦੇ ਸਿਧਾਂਤਾਂ ਨਾਲ ਮੇਲ ਨਹੀਂ ਖਾਂਦੀ, ਜਿੱਥੇ ਅਸੀਂ 'ਸਰਬਤ ਦੇ ਭਲੇ' ਲਈ ਅਰਦਾਸ ਕਰਦੇ ਹੋਏ ਭਾਈਚਾਰਕ ਸੁਲ੍ਹਾ ਅਤੇ ਸਦਭਾਵਨਾ ਲਈ ਕੰਮ ਕਰਦੇ ਹਾਂ। ਉਹਨਾਂ ਕਿਹਾ ਕਿ ਇਹ ਰਾਇਸ਼ੁਮਾਰੀ ਭਾਰਤ ਦੇ ਉਸ ਲੋਕਤੰਤਰੀ ਕਿਰਦਾਰ ਦਾ ਨਿਰਾਦਰ ਹੈ, ਜਿਸ ਤਹਿਤ ਲੋਕ ਸਵੈ ਸਾਸ਼ਣ ਵਾਸਤੇ ਹਰ ਪੰਜ ਸਾਲ ਮਗਰੋਂ ਆਪਣੀ ਸਰਕਾਰ ਚੁਣਦੇ ਹਨ ਅਤੇ ਇਹ ਪ੍ਰਕਿਰਿਆ ਕਿਸੇ ਵੀ ਰੂਪ ਵਿਚ ਰਾਇਸ਼ੁਮਾਰੀ ਤੋਂ ਘੱਟ ਨਹੀਂ ਹੁੰਦੀ ਹੈ। ਉਹਨਾਂ ਕਿਹਾ ਕਿ ਅਸੀਂ ਭਾਰਤੀ ਸੰਵਿਧਾਨ ਨੂੰ ਮੰਨਦੇ ਹਾਂ ਅਤੇ ਇਸ ਰਾਇਸ਼ੁਮਾਰੀ ਦੀ ਮੰਗ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਾਂ।
ਅਕਾਲੀ ਆਗੂ ਨੇ ਪੰਜਾਬ ਸਰਕਾਰ ਨੂੰ ਰਾਇਸ਼ੁਮਾਰੀ 2020 ਵਾਸਤੇ ਪੈਸਾ ਲਾਉਣ ਵਾਲਿਆਂ ਦੀ ਜਾਂਚ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਇਹ ਵੀ ਚਰਚਾ ਹੈ ਕਿ ਕਾਂਗਰਸ ਅਤੇ ਕੁੱਝ ਹੋਰ ਪਾਰਟੀਆਂ ਨੇ ਵੀ ਇਸ ਰਾਇਸ਼ੁਮਾਰੀ ਦਾ ਸ਼ਰੇਆਮ ਸਮਰਥਨ ਕੀਤਾ ਸੀ, ਜਿਹੜੀ ਨਾ ਸਿਰਫ ਇੱਕ ਠੁੱਸ ਕਾਰਤੂਸ ਸਾਬਿਤ ਹੋਈ ਹੈ, ਸਗੋਂ ਦੇਸ਼ਭਗਤੀ ਦੀ ਭਾਵਨਾ ਰੱਖਣ ਵਾਲੇ ਸਿੱਖਾਂ ਨੇ ਇਸ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ।
ਉਹਨਾਂ ਕਿਹਾ ਕਿ ਲੰਡਨ ਰੈਲੀ ਵਿਚ ਭਾਗ ਲੈਣ ਵਾਲੇ ਬਹੁਗਿਣਤੀ ਲੋਕ ਆਈਐਸਆਈ ਦੇ ਕੂੜ ਪ੍ਰਚਾਰ ਨਾਲ ਗੁਮਰਾਹ ਹੋਏ ਭੋਲੇਭਾਲੇ ਵਿਅਕਤੀ ਸਨ ਜਦਕਿ ਅਸਲੀ ਦੋਸੀਥ ਗਿਣਤੀ ਦੇ ਅਜਿਹੇ ਲੋਕ ਹਨ, ਜਿਹੜੇ ਬਾਹਰ ਬੈਠੇ ਮਾਹੌਲ ਨੂੰ ਵਿਗਾੜਣ ਅਤੇ ਸਿੱਖ ਭਾਈਚਾਰੇ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਸਾਡੇ ਮੁਲਕ ਨੂੰ ਤੋੜਣ ਦੀ ਸਾਜਿਸ਼ ਰਚ ਰਹੇ ਹਨ। ਅਕਾਲੀ ਆਗੂ ਨੇ ਰਾਇਸ਼ੁਮਾਰੀ 2020 ਦੀ ਸਾਜ਼ਿਸ਼ ਰਚਣ ਵਾਲਿਆਂ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਇਸ ਦੌਰਾਨ ਜਸਟਿਸ ਰਣਜੀਤ ਸਿੰਘ ਰਿਪੋਰਟ ਉੱਤੇ ਟਿੱਪਣੀ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਇਹ 'ਨਾਇਨਸਾਫੀ ਦੀ ਰਿਪੋਰਟ' ਹੈ, ਜਿਸ ਨੂੰ ਸੱਤਾਧਾਰੀ ਪਾਰਟੀ ਦੇ ਹੁਕਮਾਂ ਉੱਤੇ ਪੰਜਾਬ ਕਾਂਗਰਸ ਭਵਨ ਵਿਚ ਬੈਠ ਕੇ ਤਿਆਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸ੍ਰ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਅਸਲੀ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ, ਪਰ ਕਾਂਗਰਸ ਇਸ ਬੇਹੱਦ ਸੰਵੇਦਨਸ਼ੀਲ ਮਸਲੇ ਉੱਤੇ ਵੀ ਰਾਜਨੀਤੀ ਕਰਨ ਤੋਂ ਬਾਜ ਨਹੀਂ ਆ ਰਹੀ ਹੈ। ਉਹਨਾਂ ਕਿਹਾ ਕਿ ਅਸੀਂ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਦੀ ਸਜ਼ਾ ਵਧਾ ਕੇ 10 ਸਾਲ ਕਰ ਦਿੱਤੀ ਸੀ, ਪਰੰਤੂ ਕਾਂਗਰਸ ਸਰਕਾਰ ਨੇ ਇਹ ਸਜ਼ਾ ਘਟਾ ਕੇ 2 ਸਾਲ ਕਰ ਦਿੱਤੀ ਹੈ।
ਪੰਜਾਬ ਕਾਂਗਰਸ ਦੇ ਆਗੂਆਂ ਉੱਤੇ ਨਿਸ਼ਾਨਾ ਸੇਧਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਉਹਨਾਂ ਨੇ 1984 ਵਿਚ ਸਿੱਖਾਂ ਦਾ ਕਤਲੇਆਮ ਕਰਵਾਉਣ ਵਾਲੇ ਜਗਦੀਸ਼ ਟਾਇਟਲਰ ਅਤੇ ਸੱਜਣ ਕੁਮਾਰ ਦੀ ਗਿਰਫ਼ਤਾਰੀ ਦੀ ਕਦੇ ਮੰਗ ਨਹੀਂ ਕੀਤੀ ਹੈ। ਨਾ ਹੀ ਉਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਚ ਫੌਜ ਭੇਜਣ ਵਾਲੀ ਸ੍ਰੀਮਤੀ ਇੰਦਰਾਗਾਂਧੀ ਦੀ ਤਸਵੀਰ ਕਾਂਗਰਸ ਭਵਨ ਵਿਚੋਂ ਉਤਰਵਾਈ ਹੈ।
ਆਪ ਅੰਦਰ ਹੋ ਰਹੇ ਕਾਟੋ ਕਲੇਸ਼ ਬਾਰੇ ਟਿੱਪਣੀ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਬਗਾਵਤ ਦਾ ਝੰਡਾ ਚੁੱਕ ਕੇ ਇੱਕ ਦੂਜੇ ਉੱਤੇ ਦੋਸ਼ ਲਗਾ ਰਹੇ ਆਪ ਵਿਧਾਇਕਾਂ ਨੂੰ ਹੁਣ ਕਦਰਾਂ ਕੀਮਤਾਂ ਦੀ ਡੌਂਡੀ ਪਿੱਟਣ ਦਾ ਕੋਈ ਹੱਕ ਨਹੀ ਹੈ, ਕਿਉਂਕਿ ਜਦੋਂ ਪਾਰਟੀ ਅੰਦਰ ਇਹ ਸਾਰੀਆਂ ਮਾੜੀਆਂ ਗੱਲਾਂ ਹੋ ਰਹੀਆਂ ਸਨ ਤਾਂ ਉਹ ਚੁੱਪ ਧਾਰੀ ਬੈਠੇ ਸਨ।