ਚੰਡੀਗੜ੍ਹ/16 ਸਤੰਬਰ:ਅਕਾਲੀ-ਭਾਜਪਾ ਦੀ ਫਰੀਦਕੋਟ ਰੈਲੀ ਦੀ ਸ਼ਾਨਦਾਰ ਕਾਮਯਾਬੀ ਤੋਂ ਬਾਅਦ ਪਹਿਲੀ ਵਾਰ ਟਿੱਪਣੀ ਕਰਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਇਹ ਰੈਲੀ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਵਾਸਤੇ ਲੜਾਈ ਲਈ ਇੱਕ ਵੱਡਾ ਮੋੜ ਸਾਬਿਤ ਹੋਵੇਗੀ ਅਤੇ ਭਵਿੱਖ ਦੇ ਇਤਿਹਾਸਕਾਰਾਂ ਵੱਲੋਂ ਇਸ ਦਾ ਜ਼ਿਕਰ 'ਸੂਬੇ ਦੀ ਸਿਆਸਤ ਅੰਦਰ ਨਿਰਣਾਇਕ ਮੋੜ' ਵਜੋ ਕੀਤਾ ਜਾਵੇਗਾ।
ਪੰਜਾਬ ਦੇ ਲੋਕਾਂ ਅਤੇ ਅਕਾਲੀ-ਭਾਜਪਾ ਦੇ ਸਿਪਾਹੀਆਂ ਦਾ ਬੇਮਿਸਾਲ ਹੌਂਸਲੇ ਅਤੇ ਜੋਸ਼ ਨਾਲ ਦਰਪੇਸ਼ ਚੁਣੌਤੀ ਦਾ ਸਾਹਮਣਾ ਕਰਨ ਲਈ ਧੰਨਵਾਦ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅਸੀਂ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੇ ਦੁਸ਼ਮਣਾਂ ਬੜੀ ਸਫਲਤਾ ਨਾਲ ਨਿਖੇੜਾ ਕਰ ਦਿੱਤਾ ਹੈ। ਅਸੀਂ ਖਾਲਸਾ ਪੰਥ ਅੰਦਰ ਘਰੇਲੂ ਜੰਗ ਸ਼ੁਰੂ ਕਰਵਾਉਣ, ਪੰਜਾਬੀਆਂ ਵਿਚਕਾਰ ਫਿਰਕੂ ਵੰਡੀਆਂ ਪਾਉਣ ਅਤੇ ਵੱਡੀਆਂ ਔਂਕੜਾਂ ਨਾਲ ਹਾਸਿਲ ਕੀਤੀ ਸੂਬੇ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਨਾਲ ਖਿਲਵਾੜ ਕਰਨ ਦੀਆਂ ਸਾਜ਼ਿਸ਼ਾਂ ਵਿਰੁੱਧ ਉਹਨਾਂ ਨਾਲ ਸਿੱਧੀ ਟੱਕਰ ਲੈਣ ਦਾ ਫੈਸਲਾ ਕੀਤਾ ਅਤੇ ਪੰਜਾਬ ਦੇ ਲੋਕਾਂ ਨੇ ਸਾਡਾ ਦਿਲ ਖੋਲ੍ਹ ਕੇ ਸਾਥ ਦਿੱਤਾ। ਉਹਨਾਂ ਕਿਹਾ ਕਿ ਇਹ ਖਾਲਸਾ ਪੰਥ, ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦੀ ਜਿੱਤ ਹੈ।
ਰੈਲੀ ਹੋਣ ਤੋਂ ਕੁੱਝ ਘੰਟਿਆਂ ਮਗਰੋਂ ਇੱਥੇ ਚੰਡੀਗੜ੍ਹ ਵਿਚ ਪਾਰਟੀ ਦੇ ਮੁੱਖ ਦਫ਼ਤਰ ਵਿਚੋਂ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਬੱਸ ਹੁਣ ਬਹੁਤ ਹੋ ਗਿਆ। ਸਾਨੂੰ ਉਹਨਾਂ ਸਿਆਸੀ ਮੌਕਾਪ੍ਰਸਤਾਂ ਨੂੰ ਇੱਕ ਸਖ਼ਤ ਸੁਨੇਹਾ ਦੇਣ ਦੀ ਲੋੜ ਸੀ, ਜਿਹੜੇ ਇੱਕ ਪਾਸੇ ਤਾਂ ਸੱਤਾ ਉੱਤੇ ਕਾਬਿਜ਼ ਹਨ ਅਤੇ ਦੂਜੇ ਪਾਸੇ ਆਪਣੇ ਭਾੜੇ ਦੇ ਪਿੱਠੂਆਂ ਰਾਹੀਂ ਸਿੱਖਾਂ ਨੂੰ ਸਿੱਖਾਂ ਅਤੇ ਹੋਰ ਭਾਈਚਾਰਿਆਂ ਨਾਲੋਂ ਨਿਖੇੜਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਪੰਜਾਬ ਦੇ ਲੋਕਾਂ ਨੇ ਸਾਡੀ ਲੜਾਈ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ ਅਤੇ ਮੈਂ ਪੂਰੇ ਭਰੋਸੇ ਨਾਲ ਕਹਿ ਸਕਦਾ ਹਾਂ ਕਿ ਪੰਜਾਬੀਆਂ 'ਚ ਵੰਡੀਆਂ ਪਾਉਣ ਅਤੇ ਸੂਬੇ ਦੀ ਸ਼ਥਾਂਤੀ ਭੰਗ ਕਰਨ ਉੱਤੇ ਤੁਲੀਆਂ ਤਾਕਤਾਂ ਦਾ ਅੱਜ ਪੂਰੀ ਤਰ੍ਹਾਂ ਨਿਖੇੜਾ ਹੋ ਗਿਆ ਹੈ।