ਡਾਕਟਰ ਦਲਜੀਤ ਚੀਮਾ ਨੇ ਝੂਠੇ ਅਤੇ ਈਰਖਾਪੂਰਨ ਦੋਸ਼ ਲਾਉਣ ਵਿਰੁੱਧ ਆਪ ਆਗੂ ਅਮਰਜੀਤ ਸੰਦੋਆ ਨੂੰ ਕਾਨੂੰਨੀ ਨੋਟਿਸ ਭੇਜਿਆ
ਚੰਡੀਗੜ•/03 ਜੁਲਾਈ: ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਸੋਸ਼ਲ ਮੀਡੀਆ ਉੱਤੇ ਆਪਣੇ ਖ਼ਿਲਾਫ ਝੂਠੇ ਦੋਸ਼ ਲਾਉਣ ਵਿਰੁੱਧ ਆਮ ਆਦਮੀ ਪਾਰਟੀ ਦੇ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਇੱਕ ਕਾਨੂੰਨੀ ਨੋਟਿਸ ਭੇਜਿਆ ਹੈ। ਉਹਨਾਂ ਸੰਦੋਆ ਨੂੰ ਇੱਕ ਹਫ਼ਤੇ ਦੇ ਅੰਦਰ ਦੋਸ਼ਾਂ ਨੂੰ ਵਾਪਸ ਲੈਣ ਜਾਂ ਫਿਰ ਮਾਣਹਾਨੀ ਦੇ ਕੇਸ ਦਾ ਸਾਹਮਣਾ ਕਰਨ ਲਈ ਆਖਿਆ ਹੈ।
ਅੱਜ ਸਾਬਕਾ ਅਕਾਲੀ ਮੰਤਰੀ ਦੀ ਤਰਫੋਂ ਵਕੀਲਾਂ ਅਰਸ਼ਦੀਪ ਸਿੰਘ ਕਲੇਰ ਅਤੇ ਭਵੀਸ਼ ਜੀਥ ਰੌਣੀ ਨੇ ਸੰਦੋਆ ਨੂੰ ਕਾਨੂੰਨੀ ਨੋਟਿਸ ਸੌਂਪ ਦਿੱਤਾ ਹੈ। ਜੇਕਰ ਆਪ ਵਿਧਾਇਕ ਡਾਕਟਰ ਚੀਮਾ ਖ਼ਿਲਾਫ ਲਾਏ ਗਏ ਦੋਸ਼ਾਂ ਨੂੰ ਵਾਪਸ ਨਹੀਂ ਲੈਂਦਾ ਅਤੇ ਇਸ ਵਾਸਤੇ ਜਨਤਕ ਤੌਰ ਤੇ ਮੁਆਫੀ ਨਹੀਂ ਮੰਗਦਾ ਤਾਂ ਉਸ ਖ਼ਿਲਾਫ ਭਾਰਤੀ ਦੰਡ ਧਾਰਾ ਦੇ ਸੈਕਸ਼ਨ 499/500/501 ਤਹਿਤ ਮਾਣਹਾਨੀ ਦਾ ਮੁਕੱਦਮਾ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਾਬਕਾ ਮੰਤਰੀ ਨੂੰ ਪਹੁੰਚਾਏ ਨੁਕਸਾਨ ਲਈ ਸਿਵਲ ਕਾਰਵਾਈ ਵੀ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਆਪ ਵਿਧਾਇਕ ਨੇ 24 ਜੂਨ ਨੂੰ ਇੱਕ ਵੀਡੀਓ ਰਾਹੀਂ ਸੋਸ਼ਲ ਮੀਡੀਆ ਉੱਤੇ ਡਾਕਟਰ ਦਲਜੀਤ ਸਿੰਘ ਚੀਮਾ ਖ਼ਿਲਾਫ ਝੂਠੇ ਅਤੇ ਈਰਖਾਪੂਰਨ ਦੋਸ਼ ਲਗਾਏ ਸਨ।