ਚੰਡੀਗੜ੍ਹ/28 ਸਤੰਬਰ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਅੰਮ੍ਰਿਤਰ ਪੁਲਿਸ ਵੱਲੋਂ ਯੂਥ ਕਾਂਗਰਸ ਆਗੂ ਗੁਰਇਕਬਾਲ ਸਿੰਘ ਉਰਫ ਰੂਪਾ ਦੀ ਹੈਰੋਇਨ ਸਮੇਤ ਕੀਤੀ ਗਿਰਫਤਾਰੀ ਨੇ ਆਮ ਲੋਕਾਂ ਅਤੇ ਸੂਬੇ ਵਿਚੋਂ ਨਸ਼ਿਆਂ ਦੇ ਖਾਤਮੇ ਲਈ ਕੰਮ ਕਰ ਰਹੀਆਂ ਸਮਾਜ ਭਲਾਈ ਸੰਸਥਾਵਾਂ ਦੇ ਪੈਰਾਂ ਥੱਲੋਂ ਜ਼ਮੀਨ ਕੱੱਢ ਦਿੱਤੀ ਹੈ। ਪਾਰਟੀ ਨੇ ਕਿਹਾ ਕਿ ਇਸ ਤੋਂ ਇਲਾਵਾ ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨਾਲ ਇੱਕ ਸਮਾਗਮ ਵਿਚ ਵੇਖੇ ਗਏ ਅਪਰਾਧੀਆਂ ਦੇ ਟੋਲੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਾਂਗਰਸੀ ਆਗੂਆਂ ਦੀਆਂ ਅਪਰਾਧੀਆਂ ਨਾਲ ਗੂੜ੍ਹੀਆਂ ਯਾਰੀਆਂ ਹਨ ਅਤੇ ਜੋ ਕੁੱਝ ਮੀਡੀਆ ਰਾਹੀਂ ਸਾਹਮਣੇ ਆਇਆ ਹੈ , ਇਹ ਤਾਂ ਇੱਕ ਛੋਟਾ ਜਿਹਾ ਨਮੂਨਾ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕਿੰਨੇ ਦੁਖ ਦੀ ਗੱਲ ਹੈ ਕਿ ਪੰਜਾਬ ਵਿਚ ਨਸ਼ੇ ਖਤਮ ਕਰਨ ਦਾ ਹੋਕਾ ਦੇ ਕੇ ਸੱਤਾ ਵਿਚ ਆਉਣ ਵਾਲੀ ਕਾਂਗਰਸ ਪਾਰਟੀ ਦੇ ਆਗੂ ਹੁਣ ਖੁਦ ਨਸ਼ਿਆਂ ਦੀ ਤਸਕਰੀ ਕਰ ਰਹੇ ਹਨ। ਸਰਦਾਰ ਗਰੇਵਾਲ ਨੇ ਕਿਹਾ ਕਿ ਰੂਪਾ ਕੋਈ ਆਮ ਕਾਂਗਰਸੀ ਵਰਕਰ ਨਹੀਂ ਹੈ, ਸਗੋਂ ਘਰਿੰਡਾ ਬਲਾਕ ਦੇ ਯੂਥ ਕਾਂਗਰਸ ਨਸ਼ਾ-ਵਿਰੋਧੀ ਸੈਲ ਦਾ ਮੁਖੀ ਹੈ।
ਉਹਨਾਂ ਕਿਹਾ ਕਿ ਜੇਕਰ ਨਸ਼ਿਆਂ ਨੂੰ ਰੋਕਥਾਮ ਦੇ ਕੰਮ ਉੱਤੇ ਲਾਏ ਆਗੂ ਖੁਦ ਹੀ ਨਸ਼ਿਆਂ ਦੀ ਤਸਕਰੀ ਕਰਨ ਲੱਗ ਜਾਣ ਤਾਂ ਇਹ ਅਲਾਮਤ ਕਈ ਗੁਣਾ ਵੱਡੀ ਹੋ ਜਾਂਦੀ ਹੈ। ਪੰਜਾਬ ਵਿਚ ਮੌਜੂਦਾ ਸਮੇਂ ਇਹੀ ਕੁੱਝ ਵਾਪਰ ਰਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸੀ ਆਗੂਆਂ ਵੱਲੋਂ ਨਸ਼ਿਆਂ ਦਾ ਇਹ ਕਾਰੋਬਾਰ ਪਾਰਟੀ ਦੇ ਵੱਡੇ ਆਗੂਆਂ ਦੀ ਸਰਪ੍ਰਸਤੀ ਨਾਲ ਕੀਤਾ ਜਾ ਰਿਹਾ ਹੈ। ਜਿਸ ਨਾਲ ਆਮ ਲੋਕਾਂ ਅੰਦਰ ਡਰ ਪੈਦਾ ਹੋ ਗਿਆ ਹੈ, ਕਿਉਂਕਿ ਉਹਨਾਂ ਦੇ ਸ਼ਹਿਰਾਂ ਅਤੇ ਪਿੰਡਾਂ ਵਿਚ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਮੌਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।
ਸਰਦਾਰ ਗਰੇਵਾਲ ਨੇ ਕਿਹਾ ਕਿ ਬੁਲਾਰੀਆ ਦਾ ਨਾਮੀ ਅਪਰਾਧੀਆਂ ਨਾਲ ਉੱਠਣਾ ਬੈਠਣਾ ਅਪਰਾਧੀਆਂ ਦੇ ਹੌਂਸਲੇ ਬੁਲੰਦ ਕਰਦਾ ਹੈ। ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੁਆਰਾ ਅਪਰਾਧੀਆਂ ਦੀ ਕੀਤੀ ਅਜਿਹੇ ਸਰਪ੍ਰਸਤੀ ਨੇ ਸੂਬੇ ਅੰਦਰ ਅਮਨ ਅਤੇ ਕਾਨੂੰਨ ਦੀ ਹਾਲਤ ਵੀ ਵਿਗਾੜ ਦਿੱਤੀ ਹੈ।
ਅਕਾਲੀ ਆਗੂ ਨੇ ਕਿਹਾ ਕਿ ਸਰਕਾਰ ਅਤੇ ਸੱਤਾਧਾਰੀ ਪਾਰਟੀ ਨੇ ਅਪਰਾਧੀ ਤੱਤਾਂ ਨਾਲ ਇੱਕ ਨਾਪਾਕ ਗਠਜੋੜ ਬਣਾ ਰੱਖਿਆ ਹੈ , ਜਿਸ ਕਰਕੇ ਸੂਬੇ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਕਾਬੂ ਕਰਨਾ ਮੁਸ਼ਕਿਲ ਹੋ ਰਿਹਾ ਹੈ।
ਉਹਨਾਂ ਨੇ ਸੱਤਾਧਾਰੀ ਪਾਰਟੀ ਨੂੰ ਈਮਾਨਦਾਰੀ ਨਾਲ ਇਹ ਦੱਸਣ ਲਈ ਕਿਹਾ ਕਿ ਇਸ ਦੇ ਆਗੂ ਨਸ਼ਾ ਤਸਕਰੀ ਕਿਉਂ ਕਰ ਰਹੇ ਹਨ ਅਤੇ ਕਿਉਂ ਅਪਰਾਧੀਆਂ ਦੀ ਸੰਗਤ ਮਾਣ ਰਹੇ ਹਨ। ਉੁਹਨਾਂ ਕਿਹਾ ਕਿ ਕਾਂਗਰਸ ਨੂੰ ਅਜਿਹੇ ਆਗੂਆਂ ਨੂੰ ਪਾਰਟੀ ਚੋਂ ਕੱਢਣ ਦਾ ਹੌਂਸਲਾ ਵਿਖਾਉਣਾ ਚਾਹੀਦਾ ਹੈ।