ਕਾਂਗਰਸ ਤੇ ਆਪ ਵਿਚ ਗੈਰ ਰਸਮੀ ਗਠਜੋੜ, ਅਸਿੱਧੀ ਜੰਗ ਨਾਲ ਪੰਜਾਬੀਆਂ ਨੂੰ ਮੂਰਖ ਬਣਾਉਣ ਲਈ ਪੱਬਾਂ ਭਾਰ: ਸੁਖਬੀਰ ਸਿੰਘ ਬਾਦਲ
ਲੰਬੀ/ਬਠਿੰਡਾ, 16 ਮਾਰਚ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦਾ ਪੰਜਾਬ ਵਿਚ ਗੈਰ ਰਸਮੀ ਗਠਜੋੜ ਹੈ ਤੇ ਇਹ ਅਸਿੱਧੀ ਜੰਗ ਲੜ ਕੇ ਪੰਜਾਬੀਆਂ ਨੂੰ ਮੂਰਖ ਬਣਾਉਣ ਲਈ ਪੱਬਾਂ ਭਾਰ ਹਨ ਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਨੂੰ ਵੋਟਾਂ ਪਾਉਣ ਤਾਂ ਜੋ ਸਰਵ ਪੱਖੀ ਵਿਕਾਸ, ਸ਼ਾਂਤੀ ਤੇ ਫਿਰਕੂ ਸਦਭਾਵਨਾ ਦਾ ਯੁੱਗ ਵਾਪਸ ਲਿਆਂਦਾ ਜਾ ਸਕੇ।
ਪਾਰਟੀ ਦੀ ਚਲ ਰਹੀ ਪੰਜਾਬ ਬਚਾਓ ਯਾਤਰਾ ਦੇ ਤਹਿਤ ਹਰ ਪੜਾਅ ’ਤੇ ਯਾਤਰਾ ਨੂੰ ਲਾਮਿਸਾਲ ਹੁੰਗਾਰਾ ਮਿਲ ਰਿਹਾ ਹੈ ਅਤੇ ਇਸੇ ਕੜੀ ਤਹਿਤ ਲੰਬੀ ਅਤੇ ਬਠਿੰਡਾ ਦਿਹਾਤੀ ਹਲਕਿਆਂ ਵਿਚ ਅਕਾਲੀ ਦਲ ਦੇ ਪ੍ਰਧਾਨ ਦਾ ਲੋਕਾਂ ਨੇ ਫੁੱਲ ਪੱਤੀਆਂ ਦੀ ਪਰਖਾ ਕਰ ਕੇ ਪਟਾਖੇ ਚਲਾ ਕੇ ਅਤੇ ਢੋਲ ਵਜਾ ਕੇ ਪੂਰੇ ਉਤਸ਼ਾਹ ਨਾਲ ਸਵਾਗਤ ਕੀਤਾ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਫਲਸਫੇ ਅਨੁਸਾਰ ਸਭ ਨੂੰ ਨਾਲ ਲੈ ਕੇ ਵਿਕਾਸ ਦੇ ਰਾਹ ’ਤੇ ਚੱਲਣ ਲਈ ਦ੍ਰਿੜ੍ਹ ਸੰਕਲਪ ਹੈ। ਉਹਨਾਂ ਕਿਹਾ ਕਿ ਪੰਜਾਬੀ ਹੁਣ ਖੇਤਰੀ ਪਾਰਟੀ ਦੀ ਲੋੜ ਮਹਿਸੂਸ ਕਰ ਰਹੇ ਹਨ ਜੋ ਉਹਨਾਂ ਦੇ ਹੱਕਾਂ ਦੀ ਰਾਖੀ ਕਰ ਸਕਦੀ ਹੋਵੇ ਕਿਉਂਕਿ ਲੋਕਾਂ ਨੇ ਵੇਖ ਲਿਆ ਹੈ ਕਿ ਦਿੱਲੀ ਦੇ ਲੁਟੇਰਿਆਂ ਨੇ ਆਪਣੇ ਸਿਆਸੀ ਟੀਚਿਆਂ ਦੀ ਪੂਰੀ ਵਾਸਤੇ ਸੂਬੇ ਤੋਂ ਇਸਦਾ ਸਰਮਾਇਆ ਲੁੱਟ ਲਿਆ ਹੈ। ਇਸ ਦੌਰਾਨ ਹਜ਼ਾਰਾਂ ਲੋਕਾਂ ਨੇ ਸੜਕਾਂ ’ਤੇ ਨਿਤਰ ’ਤੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਤੇ ਅਕਾਲੀ ਦਲ ਦੇ ਪ੍ਰਧਾਨ ਨੂੰ ਭਰੋਸਾ ਦੁਆਇਆ ਕਿ ਉਹ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਹਨ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਅਤੇ ਆਪ ਦੋਵਾਂ ਤੋਂ ਸੁਚੇਤ ਰਹਿਣ ਅਤੇ ਕਿਹਾ ਕਿ ਦੋਵੇਂ ਪਾਰਟੀਆਂ ਪੰਜਾਬ ਵਿਚ ਅਸਿੱਧੀ ਜੰਗ ਲੜ ਰਹੀਆਂ ਹਨ ਜਦੋਂ ਕਿ ਕੌਮੀ ਪੱਧਰ ’ਤੇ ਇਹਨਾਂ ਦਾ ਰਸਮੀ ਤੌਰ ’ਤੇ ਗਠਜੋੜ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਜਿਥੇ ਕਿਤੇ ਵੀ ਲੋੜ ਹੋਵੇ ਆਮ ਆਦਮੀ ਪਾਰਟੀ ਕਾਂਗਰਸ ਤੋਂ ਉਮੀਦਵਾਰ ਲੈ ਰਹੀ ਹੈ ਤੇ ਇਸਨੇ ਸੀਨੀਅਰ ਕਾਂਗਰਸੀ ਆਗੂਆਂ ਖਿਲਾਫ ਭ੍ਰਿਸ਼ਟਾਚਾਰ ਦੀ ਕਾਰਵਾਈ ਵੀ ਠੰਢੇ ਬਸਤੇ ਵਿਚ ਪਾ ਦਿੱਤੀ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਅਤੇ ਆਪ ਦੋਵਾਂ ਨੇ ਸੂਬੇ ਨੂੰ ਲੁੱਟਿਆ ਹੈ ਅਤੇ ਸਮਾਜ ਦੇ ਹਰ ਵਰਗ ਨਾਲ ਵਿਤਕਰਾ ਕੀਤਾ ਹੈ। ਉਹਨਾਂ ਕਿਹਾ ਕਿ ਅਸੀਂ ਵੇਖਿਆ ਹੈ ਕਿ ਪਿਛਲੀ ਕਾਂਗਰਸ ਸਰਕਾਰ ਦੇ ਰਾਜ ਵੇਲੇ ਸੂਬੇ ਵਿਚ ਕੋਈ ਵਿਕਾਸ ਨਹੀ਼ ਹੋਇਆ ਤੇ ਹੁਣ ਵੀ ਇਹੋ ਕੁਝ ਹੋ ਰਿਹਾ ਹੈ। ਉਹਨਾਂ ਕਿਹਾ ਕਿ ਆਪ ਤਾਂ ਕਾਂਗਰਸ ਨਾਲੋਂ ਇਕ ਕਦਮ ਅੱਗੇ ਲੰਘ ਗਈ ਹੈ ਅਤੇ ਇਸਨੇ ਵਿਕਾਸ ਕਾਰਜਾਂ ਤੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦਾ ਪੈਸਾ ਆਪਣੇ ਝੂਠੇ ਪ੍ਰਾਪੇਗੰਡੇ ਅਤੇ ਜੈਟ ਜਹਾਜ਼ ਕਿਰਾਏ ’ਤੇ ਲੈਣ ਲਈ ਖਰਚ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਕਾਂਗਰਸ ਤੇ ਆਪ ਦੋਵਾਂ ਨੂੰ ਪਹਿਲਾਂ ਵੀ ਚੁਣੌਤੀ ਦਿੱਤੀ ਹੈ ਕਿ ਉਹ ਉਹਨਾਂ ਦੇ ਰਾਜਕਾਲ ਦੌਰਾਨ ਲਿਆਂਦਾ ਕੋਈ ਇਕ ਵੀ ਵੱਡਾ ਪ੍ਰਾਜੈਕਟ ਵਿਖਾ ਦੇਣ। ਉਹਨਾਂ ਕਿਹਾ ਕਿ ਬਜਾਏ ਲੋਕਾਂ ਲਈ ਕੁਝ ਕਰਨ ਦੇ, ਦੋਵਾਂ ਸਰਕਾਰਾਂ ਨੇ ਗਰੀਬਾਂ ਲਈ ਸਮਾਜ ਭਲਾਈ ਲਾਭ ਵਾਪਸ ਲੈ ਕੇ ਗਰੀਬ ਵਰਗ ਨਾਲ ਧੱਕਾ ਕੀਤਾ ਤੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਇਹਨਾਂ ਦੇ ਰਾਜਕਾਲ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਈ ਹੈ।
ਲੰਬੀ ਹਲਕੇ ਨਾਲ ਆਪਣੀ ਪੁਰਾਣੀ ਤੇ ਗੂੜੀ ਸਾਂਝ ਦਾ ਜ਼ਿਕਰ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਉਹਨਾਂ ਇਸ ਹਲਕੇ ਨੂੰ ਧੂੜ ਫੱਕਣ ਵਾਲੇ ਹਲਕੇ ਤੋਂ ਆਧੁਨਿਕ ਹਲਕੇ ਵਿਚ ਤਬਦੀਲ ਹੁੰਦਿਆਂ ਵੇਖਿਆ ਹੈ ਕਿ ਜਿਸ ਵਿਚ ਸਭ ਆਧੁਨਿਕ ਸਹੂਲਤਾਂ ਹਨ। ਉਹਨਾਂ ਕਿਹਾ ਕਿ ਇਹ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਪਿਛਲੀ ਕਾਂਗਰਸ ਸਰਕਾਰ ਤੇ ਮੌਜੂਦਾ ਆਪ ਸਰਕਾਰ ਦੇ ਰਾਜ ਵਿਚ ਇਸ ਹਲਕੇ ਨੂੰ ਪੂਰੀ ਤਰ੍ਹਾਂ ਅਣਗੌਲਿਆ ਗਿਆ।
ਉਹਨਾਂ ਕਿਹਾ ਕਿ ਸੜਕਾਂ, ਸਟ੍ਰੀਟ ਲਾਈਟਾਂ ਤੇ ਜਲ ਸਪਲਾਈ ਵਰਗੀਆਂ ਬੁਨਿਆਦੀ ਸਹੂਲਤਾਂ ਦਾ ਵੀ ਬੁਰਾ ਹਾਲ ਹੈ। ਉਹਨਾਂ ਨੇ ਲੋਕਾਂ ਨੂੰ ਭਰੋਸਾ ਦੁਆਇਆ ਕਿ ਉਹ ਇਸ ਹਲਕੇ ਦੀ ਭਲਾਈ ਵਾਸਤੇ ਉਸੇ ਤਰੀਕੇ ਕੰਮ ਕਰਨ ਲਈ ਵਚਨਬੱਧ ਹਨ ਜਿਵੇਂ ਸਾਬਕਾ ਮੁੱਖ ਮੰਤਰੀ ਕਰਦੇ ਸਨ।
ਸਰਦਾਰ ਬਾਦਲ ਦੇ ਨਾਲ ਲੰਬੀ ਹਲਕੇ ਵਿਚ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਅਤੇ ਜ਼ਿਲ੍ਹਾ ਪ੍ਰਧਾਨ ਪ੍ਰੀਤਇੰਦਰ ਸਿੰਘ ਸੰਮੇਵਾਲੀ ਤੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਵਜਿੰਦਰ ਸਿੰਘ ਮਾਨ ਅਤੇ ਬਠਿੰਡਾ ਦਿਹਾਤੀ ਹਲਕੇ ਵਿਚ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਅਤੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਕਮਲਦੀਪ ਸਿੰਘ ਵੀ ਮੌਜੂਦ ਸਨ।