ਹੁਸ਼ਿਆਰਪੁਰ/09 ਮਾਰਚ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ ਪੰਜਾਬ ਵਿਚ ਬੇਰੋਕ ਹੋ ਰਹੀ ਗੈਰ-ਕਾਨੂੰਨੀ ਖਣਨ ਲਈ ਕਾਂਗਰਸੀ ਵਿਧਾਇਕਾਂ ਅਤੇ ਅਧਿਕਾਰੀਆਂ ਦਾ ਗਠਜੋੜ ਜ਼ਿੰਮੇਵਾਰ ਹੈ। ਇਸੇ ਵਜ•ਾ ਕਰਕੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ।
ਇੱਥੇ ਇੱਕ ਵੱਡੀ ਪੋਲ ਖੋਲ• ਰੈਲੀ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਨੇ ਕੁੱਝ ਸਮਾਂ ਪਹਿਲਾਂ ਇਹ ਗੱਲ ਯਕੀਨੀ ਬਣਾਉਣ ਲਈ ਜ਼ਿਲ•ਾ ਪੁਲਿਸ ਮੁਖੀਆਂ ਅਤੇ ਡਿਪਟੀ ਕਮਿਸ਼ਨਰਾਂ ਦੀ ਮੀਟਿੰਗ ਸੱਦੀ ਸੀ ਕਿ ਉਹਨਾਂ ਦੇ ਇਲਾਕਿਆਂ ਵਿਚ ਗੈਰ-ਕਾਨੂੰਨੀ ਖਣਨ ਨਹੀਂ ਹੋਣੀ ਚਾਹੀਦੀ । ਉਹਨਾ ਕਿਹਾ ਕਿ ਇਸ ਦੇ ਬਾਵਜੂਦ ਇਹ ਗੈਰ-ਕਾਨੂੰਨੀ ਖਣਨ ਬੇਰੋਕ ਚੱਲ ਰਹੀ ਹੈ। ਹੁਣ ਤਾਂ ਮੁੱਖ ਮੰਤਰੀ ਨੇ ਆਪਣੇ ਅੱਖੀਂ ਵੀ ਵੇਖ ਲਈ ਹੈ। ਇਸ ਦਾ ਇਹੀ ਅਰਥ ਹੈ ਕਿ ਵਿਧਾਇਕ ਅਧਿਕਾਰੀਆਂ ਨੂੰ ਗੈਰ-ਕਾਨੂੰਨੀ ਖਣਨ ਦੇ ਖ਼ਿਲਾਫ ਕਾਰਵਾਈ ਕਰਨ ਤੋਂ ਰੋਕ ਰਹੇ ਹਨ।
ਆ ਰਹੇ ਬੱਜਟ ਸੈਸ਼ਨ ਬਾਰੇ ਬੋਲਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਬਹਿਸ ਤੋਂ ਇਸ ਲਈ ਭੱਜ ਰਹੀ ਹੈ, ਕਿਉਂਕਿ ਇਸ ਕੋਲ ਇੱਕ ਸਾਲ ਦੇ ਕਾਰਜਕਾਲ ਦੀ ਇੱਕ ਵੀ ਦੱਸਣਯੋਗ ਪ੍ਰਾਪਤੀ ਨਹੀਂ ਹੈ। ਉਹਨਾਂ ਕਿਹਾ ਕਿ ਸਰਕਾਰ ਜਾਣਦੀ ਹੈ ਕਿ ਇਹ ਹਰ ਫਰੰਟ ਉੱਤੇ ਨਾਕਾਮ ਸਾਬਿਤ ਹੋਈ ਹੈ। ਇਹ ਚਾਹੇ ਕਿਸਾਨਾਂ ਨੂੰ ਕਰਜ਼ਾ ਮੁਆਫੀ ਦੀ ਗੱਲ ਹੋਵੇ ਜਾਂ ਫਿਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ। ਇਹੀ ਵਜਾ ਹੈ ਕਿ ਇਹ 6 ਦਿਨ ਦਾ ਬਜਟ ਸੈਸ਼ਨ ਰੱਖ ਰਹੀ ਹੈ। ਇਹ ਜਾਣਦੀ ਹੈ ਕਿ ਇਸ ਨੇ ਪਿਛਲੇ ਬਜਟ ਵਿਚ ਕੀਤੇ ਪ੍ਰਬੰਧਾਂ ਵਿਚੋਂ ਕਿਸੇ ਨੂੰ ਵੀ ਲਾਗੂ ਨਹੀਂ ਕੀਤਾ। ਇਹ ਇੱਕ ਹੋਰ ਝੂਠਾ ਦਸਤਾਵੇਜ਼ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ, ਜਿਸ ਨੂੰ ਲਾਗੂ ਨਹੀਂ ਕੀਤਾ ਜਾਵੇਗਾ।
ਸਰਕਾਰ ਦੇ ਕੰਮਕਾਜ ਬਾਰੇ ਟਿੱਪਣੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਰਕਾਰ ਨੇ ਇਸ ਸਾਲ ਜਨਵਰੀ ਤੋਂ ਬੁਢਾਪਾ ਪੈਨਸ਼ਨ ਅਤੇ ਸ਼ਗਨ ਸਕੀਮ ਵਂੰਡਣ ਦਾ ਐਲਾਨ ਕਰਕੇ ਲੋਕਾਂ ਨਾਲ ਇੱਕ ਹੋਰ ਧੋਖਾ ਕੀਤਾ ਹੈ । ਉਹਨਾਂ ਕਿਹਾ ਕਿ ਇਹ ਪ੍ਰਭਾਵ ਦਿੱਤਾ ਗਿਆ ਹੈ ਕਿ ਜਨਵਰੀ 2017 ਤਕ ਦੇ ਸਾਰੇ ਬਕਾਏ ਚੁਕਤਾ ਕਰ ਦਿਤੇ ਜਾਣਗੇ। ਪਰ ਸੱਚਾਈ ਇਹ ਹੈ ਕਿ ਸਰਕਾਰ ਨੇ ਪੂਰੇ ਇੱਕ ਸਾਲ ਦੀਆਂ ਪੈਨਸ਼ਨਾਂ ਅਤੇ ਸ਼ਗਨ ਨਾ ਦੇਣ ਦਾ ਫੈਸਲਾ ਕੀਤਾ ਹੈ। ਇਹ ਜਨਵਰੀ 2018 ਤੋਂ ਨਵੇਂ ਸਿਰੇ ਤੋਂ ਪੈਨਸ਼ਨਾਂ ਅਤੇ ਸ਼ਗਨ ਦੇਣੇ ਸ਼ੁਰੂ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਇਸੇ ਤਰਾਂ ਸਰਕਾਰ ਨੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ। ਪਰ ਨਵੀਆਂ ਨੌਕਰੀਆਂ ਦੇਣੀਆਂ ਤਾਂ ਦੂਰ ਦੀ ਗੱਲ ਹੈ , ਇਸ ਨੇ ਠੇਕੇ ਉੱਤੇ ਭਰਤੀ ਹੋਏ ਅਤੇ 30 ਹਜ਼ਾਰ ਤੋਂ 50 ਹਜ਼ਾਰ ਤਕ ਦੀ ਤਨਖਾਹ ਲੈ ਰਹੇ 15 ਹਜ਼ਾਰ ਅਧਿਅਪਕਾਂ ਨੂੰ ਇਹ ਕਹਿ ਦਿੱਤਾ ਹੈ ਕਿ ਜੇ ਉਹਨਾਂ ਨੇ ਪੱਕੇ ਹੋਣਾ ਹੈ ਤਾਂ 10,300 ਰੁਪਏ ਪ੍ਰਤੀ ਮਹੀਨਾ ਤਨਖਾਹ ਉੱਤੇ ਕੰਮ ਕਰਨਾ ਮਨਜ਼ੂਰ ਕਰਨ।
ਇਸ ਮੌਕੇ ਉੱਤੇ ਬੋਲਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਕੇਂਦਰ ਵੱਲੋਂ ਦਲਿਤ ਵਿਦਿਆਰਥੀਆਂ ਨੂੰ ਵਜ਼ੀਫੇ ਦੇਣ ਵਾਸਤੇ ਭੇਜੀ ਗਈ ਗਰਾਂਟ ਵੀ ਜਾਰੀ ਨਹੀਂ ਕੀਤੀ ਹੈ। ਉਹਨਾਂ ਕਿਹਾ ਕਿ ਸੂਬੇ ਦਾ ਵਿੱਤੀ ਪ੍ਰਬੰਧ ਇੰਨਾ ਖਰਾਬ ਕਰ ਦਿੱਤਾ ਹੈ ਕਿ ਸਕੂਲਾਂ ਦੇ ਬਿਜਲੀ ਦੇ ਕੁਨੈਕਸ਼ਨ ਕੱਟੇ ਜਾ ਰਹੇ ਹਨ। ਸਕੂਲੀ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਦੇਣ ਤੋਂ ਵੀ ਹੱਥ ਖੜੇ ਕੀਤੇ ਜਾ ਰਹੇ ਹਨ।
ਇਸ ਮੌਕੇ ਉੱਤੇ ਬੋਲਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਕਾਲੀ-ਭਾਜਪਾ ਦੇ ਕਾਰਜਕਾਲ ਦੌਰਾਨ ਕੰਡੀ ਏਰੀਏ ਦਾ ਚੋਖਾ ਵਿਕਾਸ ਹੋਇਆ ਸੀ। ਉਹਨਾਂ ਕਿਹਾ ਕਿ ਉਸ ਸਮੇਂ ਕੰਡੀ ਏਰੀਏ ਵਿਚ 24 ਘੰਟੇ ਬਿਜਲੀ ਰਹਿੰਦੀ ਸੀ। ਹੁਣ ਬਿਜਲੀ ਦੀ ਸਪਲਾਈ ਘਟਾ ਕੇ 8 ਘੰਟੇ ਕਰਨ ਦੇ ਹੁਕਮ ਕੱਢੇ ਜਾ ਰਹੇ ਹਨ। ਇੱਥੋਂ ਤਕ ਕਿ ਘਰੇਲੂ ਖਪਤਕਾਰਾਂ ਉੱਤੇ ਵੀ ਪੱਕੀਆਂ ਦਰਾਂ ਦਾ ਬੋਝ ਪਾਇਆ ਜਾ ਰਿਹਾ ਹੈ, ਜਿਹੜਾ ਪਹਿਲਾ ਕਦੇ ਨਹੀਂ ਸੀ ਪਾਇਆ ਗਿਆ।
ਇਸ ਮੌਕੇ ਸੰਬੋਧਨ ਕਰਨ ਵਾਲਿਆਂ ਵਿਚ ਹੋਰਨਾਂ ਤੋਂ ਇਲਾਵਾ ਸ਼ਾਮ ਚੁਰਾਸੀ ਦੇ ਸਾਬਕਾ ਵਿਧਾਇਕ ਬੀਬੀ ਮਹਿੰਦਰ ਕੌਰ ਜੋਸ਼, ਸੋਹਨ ਸਿੰਘ ਠੰਡਲ, ਸੁਰਿੰਦਰ ਸਿੰਘ ਭੂਲੇਵਾਲਾ ਰਾਠਾਂ ਅਤੇ ਅਰਵਿੰਦਰ ਸਿੰਘ ਰਸੂਲਪੁਰ ਹਾਜ਼ਿਰ ਸਨ।