ਕਿਹਾ ਕਿ ਗੰਨਾ ਉਤਪਾਦਕਾਂ ਦੇ ਬਕਾਏ ਅਤੇ ਦਲਿਤ ਵਿਦਿਆਰਥੀਆਂ ਦੇ ਵਜ਼ੀਫੇ ਦੇਣ ਦੀ ਥਾਂ ਮੁੱਖ ਮੰਤਰੀ ਵੱਲੋਂ ਮਨਾਲੀ ਵਿਚ ਜਨਮ ਦਿਨ ਮਨਾਏ ਜਾ ਰਹੇ ਹਨ
ਮਹਿਤਪੁਰ/21 ਮਈ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਸਰਕਾਰ ਦੀ ਉਹਨਾਂ ਹਜ਼ਾਰਾਂ ਖ਼ਰਬੂਜਾ ਉਤਪਾਦਕਾਂ ਦੀਆਂ ਤਕਲੀਫਾਂ ਪ੍ਰਤੀ ਅੱਖਾਂ ਮੁੰਦ ਲੈਣ ਲਈ ਨਿਖੇਧੀ ਕੀਤੀ, ਜਿਹਨਾਂ ਦੀਆਂ ਫਸਲਾਂ ਝੱਖੜ ਨੇ ਤਬਾਹ ਕਰ ਦਿੱਤੀਆਂ ਹਨ। ਉਹਨਾਂ ਪੁੱਛਿਆ ਕਿ ਖ਼ਰਬੂਜਾ ਉਤਪਾਦਕਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਗਿਰਦਵਾਰੀ ਕਿਉਂ ਕਰਵਾਈ ਗਈ ਅਤੇ ਉਹਨਾਂ ਨੂੰ ਬਣਦਾ ਮੁਆਵਜ਼ਾ ਕਿਉਂ ਨਹੀਂ ਦਿੱਤਾ ਗਿਆ ਹੈ?
ਸਰਦਾਰ ਬਾਦਲ ਨੇ ਅੱਜ ਪੂਨੀਆ, ਲਸੂਰੀ, ਕੋਟਲੀ ਗਾਜਰਾਂ, ਕਾਨੀਆ ਕਲਾਂ ਅਤੇ ਕਾਕੜਾ ਪਿੰਡਾਂ ਵਿਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਨੂੰ ਇਹ ਜਾਣ ਕੇ ਬਹੁਤ ਝਟਕਾ ਲੱਗਿਆ ਕਿ ਇਸ ਹਲਕੇ ਅਤੇ ਨੇੜਲੇ ਇਲਾਕਿਆਂ ਵਿਚ ਝੱਖੜ ਨਾਲ ਹਜ਼ਾਰਾਂ ਏਕੜ ਖ਼ਰਬੂਜਿਆਂ ਦੀ ਫਸਲ ਨੁਕਸਾਨੀ ਜਾਣ ਦੇ ਬਾਵਜੂਦ ਜ਼ਿਲ•ਾ ਪ੍ਰਸਾਸ਼ਨ ਨੇ ਕਿਸੇ ਗਿਰਦਵਾਰੀ ਦੇ ਹੁਕਮ ਨਹੀਂ ਦਿੱਤੇ। ਇਹਨਾਂ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕਰਦਿਆਂ ਉਹਨਾਂ ਕਿਹਾ ਕਿ ਅਕਾਲੀ ਦਲ ਵੱਲੋਂ ਪੀੜਤ ਕਿਸਾਨਾਂ ਦਾ ਮੁੱਦਾ ਵਿਧਾਨ ਸਭਾ ਵਿਚ ਵੀ ਉਠਾਇਆ ਜਾਵੇਗਾ।
ਸਰਦਾਰ ਬਾਦਲ ਨੇ ਕਿਹਾ ਕਿ ਪਰੰਤੂ ਕਾਂਗਰਸ ਅਤੇ ਇਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਜਿਹਾ ਵਿਵਹਾਰ ਕਰਨਾ ਕੋਈ ਨਵੀਂ ਗੱਲ ਨਹੀਂ ਹੈ। ਉਹਨਾਂ ਕਿਹਾ ਕਿ ਜਦੋਂ ਮਾਲਵਾ ਖੇਤਰ ਵਿਚ ਚਿੱਟੀ ਮੱਖੀ ਦੇ ਹਮਲੇ ਨਾਲ ਕਪਾਹ ਦੀ ਫਸਲ ਤਬਾਹ ਹੋ ਗਈ ਸੀ ਤਾਂ ਅਕਾਲੀ-ਭਾਜਪਾ ਸਰਕਾਰ ਨੇ ਕਿਸਾਨਾਂ ਨੂੰ 600 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਸੀ। ਉਹਨਾਂ ਕਿਹਾ ਕਿ ਪਰ ਪਿਛਲੇ ਸਾਲ ਜਿਹਨਾਂ ਕਿਸਾਨਾਂ ਦੀ ਚਿੱਟੀ ਮੱਖੀ ਦੇ ਹਮਲੇ ਨਾਲ ਹਜ਼ਾਰਾਂ ਏਕੜ ਕਪਾਹ ਦੀ ਫਸਲ ਤਬਾਹ ਹੋਈ ਸੀ, ਕਾਂਗਰਸ ਸਰਕਾਰ ਨੇ ਉਹਨਾਂ ਨੂੰ ਧੇਲਾ ਵੀ ਨਹੀਂ ਸੀ ਦਿੱਤਾ।
ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਨਾ ਕੀਤੇ ਜਾਣ ਬਾਰੇ ਬੋਲਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸ਼ਾਹਕੋਟ ਹਲਕੇ ਵਿਚ ਸਭ ਤੋਂ ਵੱਧ ਕਿਸਾਨਾਂ ਦੇ ਗੰਨੇ ਦੇ ਬਕਾਏ ਸਰਕਾਰ ਵੱਲ ਖੜ•ੇ ਹਨ। ਉਹਨਾਂ ਕਿਹਾ ਕਿ ਕਿਸਾਨਾਂ ਦੇ ਸਰਕਾਰ ਵੱਲ ਰਹਿੰਦੇ 300 ਕਰੋੜ ਰੁਪਏ ਦੇ ਬਕਾਏ ਵਿਚੋਂ 30 ਕਰੋੜ ਰੁਪਏ ਬਕਾਇਆ ਸਿਰਫ ਸ਼ਾਹਕੋਟ ਦੇ ਕਿਸਾਨਾਂ ਦਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਮਨਾਲੀ ਵਿਚ ਜਨਮ ਦਿਨ ਪਾਰਟੀਆਂ ਮਨਾਉਣ ਦੀ ਥਾਂ ਇੱਥੇ ਆ ਕੇ ਕਿਸਾਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਅਤੇ ਕਿਸਾਨਾਂ ਦੇ ਗੰਨੇ ਦੀ ਫਸਲ ਦੇ ਬਕਾਏ ਕਿਉਂ ਨਹੀਂ ਦੇ ਰਹੇ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਨੁੰ ਦੱਸਣਾ ਚਾਹੀਦਾ ਹੈ ਕਿ ਉਹ ਉਹਨਾਂ ਨੂੰ ਇਸ ਤਰੀਕੇ ਨਾਲ ਕਿਉਂ ਤੰਗ ਕਰ ਰਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਕਿਸਾਨਾਂ ਦੇ ਰਾਸ਼ਟਰੀ ਅਤੇ ਸਹਿਕਾਰੀ ਬੈਕਾਂ ਤੋਂ ਇਲਾਵਾ ਆੜ•ਤੀਆਂ ਤੋਂ ਲਏ ਕਰਜ਼ੇ ਮੁਆਫ ਕਰਨ ਦਾ ਵਾਅਦੇ ਤੋਂ ਮੁਕਰਨ ਕਰਕੇ ਪਹਿਲਾਂ ਹੀ ਸੂਬੇ ਦਾ ਖੇਤੀ ਸੰਕਟ ਗਹਿਰਾ ਹੋ ਚੁੱਕਿਆ ਹੈ ਅਤੇ ਕਰੀਬ 450 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਦਲਿਤਾਂ ਲਈ ਸਾਰੀਆਂ ਲੋਕ ਭਲਾਈ ਸਕੀਮਾਂ ਨੂੰ ਲਾਗੂ ਕਰਵਾਇਆ ਜਾਵੇ। ਉਹਨਾਂ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਪਿਛਲੇ ਇੱਕ ਸਾਲ ਤੋਂ ਦਲਿਤ ਵਿਦਿਆਰਥੀਆਂ ਨੂੰ ਵਜ਼ੀਫੇ ਨਹੀਂ ਦਿੱਤੇ ਜਾ ਰਹੇ ਹਨ। ਇਸ ਨਾਲ ਦਲਿਤ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਉੱਤੇ ਅਕਹਿ ਬੋਝ ਪੈ ਰਿਹਾ ਹੈ।
ਅਕਾਲੀ ਦਲ ਦੇ ਪ੍ਰਧਾਨ ਵੱਲੋਂ ਸੰਬੋਧਤ ਕੀਤੀਆਂ ਗਈਆਂ ਮੀਟਿੰਗਾਂ ਵਿਚ ਸਾਬਕਾ ਕਾਂਗਰਸੀ ਆਗੂ ਸ੍ਰੀ ਬ੍ਰਿਜ ਭੁਪਿੰਦਰ ਸਿੰਘ ਲਾਲੀ, ਸੀਨੀਅਰ ਸਿਆਸਤਸਾਨ ਕਰਨਲ (ਸੇਵਾ ਮੁਕਤ) ਸੀਡੀ ਸਿੰਘ ਕੰਬੋਜ, ਹੰਸ ਰਾਜ ਹੰਸ ਵੀ ਹਾਜ਼ਿਰ ਸਨ। ਇਹਨਾਂ ਮੀਟਿੰਗਾਂ ਦੌਰਾਨ ਅਕਾਲੀ ਵਰਕਰਾਂ ਅਤੇ ਸਮਰਥਕਾਂ ਅੰਦਰ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਉਹ ਅਕਾਲੀ ਦਲ ਦੇ ਹੱਕ ਵਿਚ ਨਾਅਰੇ ਲਾਉਣ ਦੇ ਨਾਲ ਨਾਲ ਗੁੰਡਾਗਰਦੀ ਕਰਨ ਵਾਸਤੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਦੀ ਨਿਖੇਧੀ ਵੀ ਕਰ ਰਹੇ ਸਨ। ਇਹਨਾਂ ਮੀਟਿੰਗਾਂ ਨੂੰ ਹੋਰਨਾਂ ਤੋਂ ਇਲਾਵਾ ਸਿਕੰਦਰ ਸਿੰਘ ਮਲੂਕਾ ਅਤੇ ਜੀਤ ਮਹਿੰਦਰ ਸਿੰਘ ਸਿੱਧੂ ਨੇ ਵੀ ਸੰਬੋਧਨ ਕੀਤਾ।