ਚੰਡੀਗੜ•/05 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਿੰਨੇ ਸ਼ਰਮ ਦੀ ਗੱਲ ਹੈ ਕਿ ਕਾਂਗਰਸ ਸਰਕਾਰ ਕਰਜ਼ਾ ਮੁਆਫੀ ਦੇ ਨਾਂ ਉੱਤੇ ਕਿਸਾਨਾਂ ਦਾ ਅਪਮਾਨ ਕਰ ਰਹੀ ਹੈ ਜਦਕਿ ਇਸ ਵੱਲੋਂ ਕਿਸਾਨਾਂ ਜਾਂ ਖੇਤ ਮਜ਼ਦੂਰਾਂ ਲਈ ਕੁੱਝ ਨਹੀਂ ਕੀਤਾ ਜਾ ਰਿਹਾ ਹੈ। ਇੱਥੋਂ ਤਕ ਕਿ ਕਿਸਾਨ ਖੁਦਕੁਸ਼ੀਆਂ ਵੀ ਲਗਾਤਾਰ ਵਧ ਰਹੀਆਂ ਹਨ ਅਤੇ ਪਿਛਲੇ ਇੱਕ ਸਾਲ ਵਿਚ 400 ਕਿਸਾਨਾਂ ਵੱਲੋਂ ਖੁਦਕੁਸ਼ੀ ਕੀਤੀ ਜਾ ਚੁੱਕੀ ਹੈ।
ਇੱਥੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਕਾਂਗਰਸ ਸਰਕਾਰ ਉੱਘੇ ਗਾਇਕਾਂ ਅਤੇ ਇਸ਼ਤਿਹਾਰਬਾਜ਼ੀ ਰਾਂਹੀ ਪੰਜਾਬੀਆਂ ਅੱਗੇ ਇਹ ਭੁਲੇਖਾ ਖੜ•ਾ ਕਰ ਰਹੀ ਹੈ ਕਿ ਪੰਜਾਬ ਵਿਚ ਕਰਜ਼ਾ ਮੁਆਫ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਕਾਂਗਰਸ ਸਰਕਾਰ ਵਾਅਦੇ ਮੁਤਾਬਿਕ ਕਿਸਾਨਾਂ ਦੇ ਰਾਸ਼ਟਰੀ, ਸਹਿਕਾਰੀ ਬੈਂਕਾਂ ਅਤੇ ਆੜ•ਤੀਆਂ ਕੋਲੋਂ ਲਏ 90 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਮੁਆਫ ਕਰਨ ਵਿਚ ਨਾਕਾਮ ਹੋ ਚੁੱਕੀ ਹੈ।
ਇਹ ਟਿੱਪਣੀ ਕਰਦਿਆਂ ਕਿ ਕਾਂਗਰਸੀ ਆਗੂ ਕਿਸਾਨਾਂ ਦੀਆਂ ਲਾਸ਼ਾਂ ਉੱਤੇ ਜ਼ਸਨ ਮਨਾ ਰਹੇ ਹਨ, ਸਰਦਾਰ ਮਜੀਠੀਆ ਨੇ ਕਿਹਾ ਕਿ ਝੂਠੇ ਤੌਰ ਤੇ ਕਰਜ਼ਾ ਮੁਆਫੀ ਵਜੋਂ ਪ੍ਰਚਾਰੇ ਜਾ ਰਹੇ ਪ੍ਰੋਗਰਾਮਾਂ ਵਿਚ ਚੋਟੀ ਦੇ ਗਾਇਕ ਸੱਦੇ ਜਾਂਦੇ ਹਨ, ਜਿਵੇਂ ਕਿ ਗੁਰਦਾਸਪੁਰ ਵਿਚ ਹੋਇਆ ਸੀ। ਉਹਨਾਂ ਕਿਹਾ ਕਿ ਕਿਸਾਨਾਂ ਦੀ ਦੁਰਦਸ਼ਾ ਦਾ 'ਇਸ਼ਕ ਦਾ ਗਿੱਧਾ' ਵਰਗੇ ਗੀਤਾਂ ਨਾਲ ਜਸ਼ਨ ਮਨਾਉਣ ਤੋਂ ਇਲਾਵਾ ਕੁੱਝ ਕਿਸਾਨਾਂ ਨੂੰ 6-6 ਫੁੱਟ ਦੇ ਲੰਬੇ ਚੈਕ ਦਿੱਤੇ ਗਏ ਸਨ , ਪਰ ਉਹਨਾਂ ਉੱਤੇ ਲਿਖੀ ਹੋਈ ਰਕਮ ਬਹੁਤ ਥੋੜ•ੀ ਸੀ। ਉਹਨਾਂ ਕਿਹਾ ਕਿ ਕਿਸਾਨਾਂ ਨੇ ਤਦ ਖੁਸ਼ ਹੋਣਾ ਸੀ ਜੇਕਰ ਚੈਕ ਭਾਂਵੇ ਛੋਟੇ ਹੁੰਦੇ ਪਰ ਉੁਹਨਾਂ ਉੱਤੇ ਕਿਸਾਨਾਂ ਸਿਰ ਚੜ•ੇ ਕਰਜ਼ੇ ਵਾਲੀ ਰਾਸ਼ੀ ਲਿਖੀ ਹੁੰਦੀ।
ਮੌਜੂਦਾ ਸੱਭਿਆਚਾਕ ਮੇਲੇ ਨੂੰ ਸੂਬੇ ਦੇ ਇਤਿਹਾਸ ਵਿਚ ਕਿਸਾਨਾਂ ਨਾਲ ਕੀਤਾ ਸਭ ਤੋਂ ਵੱਡਾ ਧੋਖਾ ਕਰਾਰ ਦਿੰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਸਰਕਾਰ ਫਸਲੀ ਕਰਜ਼ਾ ਮੁਆਫੀ ਸਕੀਮ ਨੂੰ ਵੀ ਲਾਗੂ ਕਰਨ ਵਿਚ ਨਾਕਾਮ ਸਾਬਿਤ ਹੋਈ ਹੈ। ਉਹਨਾਂ ਕਿਹਾ ਕਿ ਮੌਜੂਦਾ ਸਕੀਮ ਸਿਰਫ ਉਹਨਾਂ 5 ਫੀਸਦੀ ਕਿਸਾਨਾਂ ਨੂੰ ਆਪਣੇ ਘੇਰੇ ਵਿਚ ਲੈਂਦੀ ਹੈ, ਜਿਹਨਾਂ ਕੋਲੋਂ ਫਸਲੀ ਕਰਜ਼ਾ ਮੋੜ ਨਹੀਂ ਹੋਇਆ। ਇਸ ਸਕੀਮ ਵਿਚ 2ਥ5 ਏਕੜ ਜ਼ਮੀਨ ਵਾਲੇ ਸੀਮਾਂਤ ਕਿਸਾਨ ਸ਼ਾਮਿਲ ਨਹੀਂ ਹਨ।
ਅਕਾਲੀ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਭਰੋਸੇ ਦੇ ਬਾਵਜੂਦ ਕਾਂਗਰਸ ਸਰਕਾਰ ਵੱਡੀ ਗਿਣਤੀ ਵਿਚ ਖੁਦਕੁਸ਼ੀਆਂ ਕਰ ਰਹੇ ਖੇਤ ਮਜ਼ਦੂਰਾਂ ਨੂੰ ਕੋਈ ਵੀ ਰਾਹਤ ਦੇਣ ਵਿਚ ਨਾਕਾਮ ਸਾਬਿਤ ਹੋਈ ਹੈ। ਉਹਨਾਂ ਕਿਹਾ ਕਿ ਸਰਕਾਰ ਦੇ ਇਰਾਦਿਆਂ ਦੀ ਝਲਕ ਇਸ ਤੱਥ ਤੋਂ ਵੀ ਮਿਲਦੀ ਹੈ ਕਿ ਕਿਸਾਨ ਕਰਜ਼ਾ ਮੁਆਫੀ ਦੇ ਮੁੱਖ ਚਿਹਰੇ ਗੁਰਦਾਸਪੁਰ ਵਾਸੀ ਬੁੱਧ ਸਿੰਘ ਦਾ ਵੀ ਅਜੇ ਕਰਜ਼ਾ ਮੁਆਫ ਨਹੀਂ ਹੋਇਆ ਹੈ। ਬੁੱਧ ਸਿੰਘ ਦੀ ਜ਼ਮੀਨ ਦੀ ਹੁਣ ਨੀਲਾਮੀ ਹੋਣ ਵਾਲੀ ਹੈ, ਜਦਕਿ ਕਾਂਗਰਸੀ ਫਸਲੀ ਕਰਜ਼ਾ ਮੁਆਫੀ ਦੇ ਸਮਾਗਮਾਂ ਉੱਤੇ ਨੱਚਣ-ਗਾਉਣ ਵਿਚ ਮਸਤ ਹਨ।
ਸਰਕਾਰ ਨੂੰ ਨਿਰਾਸ਼ ਹੋ ਕੇ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਲਈ ਰਤੀ-ਭਰ ਵੀ ਲਾਹੇਵੰਦ ਨਾ ਸਾਬਿਤ ਹੋਈ ਮੌਜੂਦਾ ਜਾਅਲੀ ਸਕੀਮ ਨੂੰ ਰੱਦ ਕਰਨ ਲਈ ਆਖਦਿਆਂ ਅਕਾਲੀ ਆਗੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਨੂੰ ਹਲਫੀਆ ਬਿਆਨ ਦੇ ਕੇ ਕੀਤੇ ਵਾਅਦੇ ਮੁਤਾਬਿਕ ਸਰਕਾਰ ਨੂੰ 90 ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਮੁਆਫੀ ਸਕੀਮ ਲਾਗੂ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦਾ ਸਾਰਾ ਕਰਜ਼ਾ ਮੁਆਫ ਕਰਵਾਉਣ ਲਈ ਇਹ ਲੜਾਈ ਜਾਰੀ ਰੱਖੇਗਾ ਅਤੇ ਜਲਦੀ ਹੀ ਇਸ ਮੁੱਦੇ ਉੱਤੇ ਇਕ ਅੰਦੋਲਨ ਦੀ ਯੋਜਨਾ ਦਾ ਐਲਾਨ ਕਰੇਗਾ।