ਦੇਸ਼ ਦੀ ਸੇਵਾ ਕਰਦਿਆਂ ਕਰਜ਼ੇ ਵਿਚ ਡੁੱਬੇ ਪੰਜਾਬ ਦੇ ਕਿਸਾਨਾਂ ਦੀ ਕਰਜ਼ਾ ਮੁਆਫੀ ਲਈ ਯੋਜਨਾ ਲਿਆਂਦੀ ਜਾਵੇ: ਸੁਖਬੀਰ ਸਿੰਘ ਬਾਦਲ
ਸੰਸਦ ਵਿਚ ਔਸਤਨ ਕਰਜ਼ੇ ਬਾਰੇ ਚੁੱਕਿਆ ਸਵਾਲ ਤੇ ਇਹ ਵੀ ਪੁੱਛਿਆ ਕਿ ਕੀ ਕੇਂਦਰ ਸਰਕਾਰ ਕੋਲ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੀ ਕੋਈ ਯੋਜਨਾ ਹੈ
ਚੰਡੀਗੜ੍ਹ, 14 ਫਰਵਰੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਪੰਜਾਬ ਦੇ ਉਹਨਾਂ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੀ ਯੋਜਨਾ ਲਿਆਂਦੀ ਜਾਵੇ ਜਿਹਨਾਂ ਨੇ ਦੇਸ਼ ਦੀ ਸੇਵਾ ਕਰਦਿਆਂ ਆਪਣੇ ਸਿਰ ਕਰਜ਼ਾ ਚੜ੍ਹਾ ਲਿਆ ਅਤੇ ਕਿਹਾ ਕਿ ਪੰਜਾਬ ਦੇ ਕਿਸਾਨ ਦੇਸ਼ ਵਿਚ ਤੀਜੇ ਸਭ ਤੋਂ ਵੱਧ ਕਰਜ਼ਈ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਬੀਤੇ ਕੱਲ੍ਹ ਸੰਸਦ ਵਿਚ ਸਵਾਲ ਪੁੱਛਿਆ ਅਤੇ ਵਿੱਤ ਰਾਜ ਮੰਤਰੀ ਨੂੰ ਬੇਨਤੀਕੀਤੀ ਕਿ ਉਹ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਕਿਸਾਨਾਂ ਸਿਰ ਚੜ੍ਹੇ ਔਸਤਨ ਕਰਜ਼ੇ ਦੇ ਵੇਰਵੇ ਸਾਂਝੇ ਕਰਨ ਅਤੇ ਇਹ ਵੀ ਦੱਸਣ ਕਿ ਕੀ ਪਿਛਲੇ ਦੋ ਸਾਲਾਂ ਵਿਚ ਚੜ੍ਹੇ ਕਰਜ਼ੇ ਦੇ ਮਿਆਰ ਦੀ ਜਾਂਚ ਲਈ ਕੋਈ ਅਧਿਐਨ ਕਰਵਾਇਆ ਗਿਆ ਹੈ ਅਤੇ ਕੀ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੀ ਕੋਈ ਯੋਜਨਾ ਰੱਖਦੀ ਹੈ ?
ਵਿੱਤ ਰਾਜ ਮੰਤਰੀ ਡਾ. ਭਗਵਤ ਕਰਦ ਨੇ 2019 ਮੁਤਾਬਕ ਦੇਸ਼ ਵਿਚ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਦੇ ਵੇਰਵੇ ਸਾਂਝੇ ਕੀਤੇ ਅਤੇ ਖੇਤੀਬਾੜੀ ਕਰਦੇ ਘਰਾਂ ਅਤੇ ਉਹਨਾਂ ਕੋਲ ਉਪਲਬਧ ਪਸ਼ੂ ਧਨ ਦੇ ਵੇਰਵੇ ਸਾਂਝੇ ਕੀਤੇ। ਇਸ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਪੰਜਾਬ ਦੇ ਕਿਸਾਨ ਦੇਸ਼ ਵਿਚ ਤੀਜੇ ਸਭ ਤੋਂ ਵੱਧ ਕਰਜ਼ਈ ਹਨ ਜਿਹਨਾਂ ਸਿਰ ਔਸਤਨ 2.03 ਲੱਖ ਰੁਪਏ ਦਾ ਕਰਜ਼ਾ ਹੈ ਅਤੇ ਇਹ ਕੇਰਲਾ ਦੇ ਕਿਸਾਨਾਂ ਤੋਂ ਪਿੱਛੇ ਹਨ ਜਿਹਨਾਂ ਸਿਰ 2.42 ਲੱਖ ਰੁਪਏ ਦਾ ਕਰਜ਼ਾ ਹੈ ਅਤੇ ਆਂਧਰਾ ਪ੍ਰਦੇਸ਼ ਦੇ ਕਿਸਾਨਾਂ ਸਿਰ 2.45 ਲੱਖ ਰੁਪਏ ਦਾ ਕਰਜ਼ਾ ਹੈ। ਉਹਨਾਂ ਕਿਹਾ ਕਿ ਹਰਿਆਣਾ ਦੇ ਕਿਸਾਨਾਂ ਸਿਰ 1.82 ਲੱਖ ਰੁਪਏ ਪ੍ਰਤੀ ਕਿਸਾਨ ਦਾ ਕਰਜ਼ਾ ਹੈ।ਰਾਸ਼ਟਰੀ ਔਸਤਨ ਮੁਤਾਬਕ ਹਰ ਕਿਸਾਨ 74000 ਰੁਪਏ ਦਾ ਕਰਜ਼ਈ ਹੈ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਕਰਜ਼ੇ ਦਾ ਪੱਧਰ ਵੱਧ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਨੇ ਸੰਸਦ ਵਿਚ ਇਹ ਕਿਹਾ ਹੈ ਕਿ ਉਸ ਕੋਲ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੀ ਕੋਈ ਤਜਵੀਜ਼ ਨਹੀਂ ਹੈ।ਉਹਨਾਂ ਕਿਹਾ ਕਿ ਇਹ ਪੰਜਾਬ ਦੇ ਉਹਨਾਂ ਮਿਹਨਤੀ ਕਿਸਾਨਾਂ ਨਾਲ ਧੱਕਾ ਹੈ ਜਿਹਨਾਂ ਨੇ ਦੇਸ਼ ਦਾ ਅਨਾਜ ਭੰਡਾਰ ਭਰਨ ਵਾਸਤੇ ਆਪਣੇ ਸਿਰ ਕਰਜ਼ੇ ਚੜ੍ਹਾ ਲਏ। ਉਹਨਾਂ ਕਿਹਾ ਕਿ ਅਜਿਹਾ ਕਰਦਿਆਂ ਕਿਸਾਨਾਂ ਨੇ ਜ਼ਮੀਨ ਹੇਠਲਾਂ ਪਾਣੀਦਾ ਪੱਧਰ ਵੀ ਹੋਰ ਹੇਠਾਂ ਕਰ ਲਿਆ ਤੇ ਉਹਨਾਂ ਦਾ ਭਵਿੱਖ ਧੁੰਦਲਾ ਹੈ। ਉਹਨਾਂ ਕਿਹਾ ਕਿ ਇਹਨਾਂ ਨੂੰ ਕਣਕ-ਝੋਨੇ ਦੇ ਚੱਕਰ ਵਿਚੋਂ ਨਿਕਲਣ ਵਾਸਤੇ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਤੇ ਇਸ ਵਾਸਤੇ ਇਹਨਾਂ ਦੇ ਕਰਜ਼ੇ ਮੁਆਫ ਕਰ ਕੇ ਇਹਨਾਂ ਨੂੰ ਢੁਕਵਾਂ ਪ੍ਰੋਤਸਾਹਨ ਦਿੱਤਾ ਜਾਣਾ ਚਾਹੀਦਾ ਹੈ।