ਲਹਿਰਾਗਾਗਾ (ਸੰਗਰੂਰ)/10 ਮਾਰਚ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬੀਆਂ ਮੂਹਰੇ ਝੂਠ ਬੋਲ ਰਹੇ ਹਨ ਕਿ ਪਿਛਲੇ ਸਾਲ ਵਿਚ ਨੌਜਵਾਨਾਂ ਨੂੰ 1.6 ਲੱਖ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਜਦਕਿ ਸੱਚਾਈ ਇਹ ਹੈ ਕਿ ਸਰਕਾਰ ਲੋਕਾਂ ਨੂੰ ਰੁਜ਼ਗਾਰ ਦੇਣ ਤੋਂ ਭੱਜ ਚੁੱਕੀ ਹੈ ਅਤੇ ਪ੍ਰਾਈਵੇਟ ਵਿਦਿਅਕ ਅਦਾਰਿਆਂ ਦੇ ਕੈਪਸਾਂ ਵਿਚ ਹੁੰਦੀ ਭਰਤੀ ਦਾ ਸਿਹਰਾ ਹੁਣ ਆਪਣੇ ਸਿਰ ਲੈ ਰਹੀ ਹੈ।
ਇੱਥੇ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਂਸਦ ਸੁਖਦੇਵ ਸਿੰਘ ਢੀਂਡਸਾ ਨਾਲ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਆ ਰਹੇ ਵਿਧਾਨ ਸਭਾ ਸੈਸ਼ਨ ਦੌਰਾਨ ਸਰਕਾਰ ਤੋਂ ਨੌਕਰੀ ਲੈਣ ਵਾਲੇ ਨੌਜਵਾਨਾਂ ਦੇ ਨਾਂ,ਪਤੇ ਅਤੇ ਤਨਖਾਹਾਂ ਦੇ ਬਿਓਰੇ ਸਮੇਤ ਪੂਰੀ ਸੂਚੀ ਮੰਗ ਇਸ ਝੂਠ ਦਾ ਪਰਦਾਫਾਸ਼ ਕਰੇਗਾ।
ਸਰਦਾਰ ਬਾਦਲ ਨੇ ਕਿਹਾ ਕਿ ਜਿੱਥੋਂ ਤਕ ਸਰਕਾਰ ਦੇ ਦਾਅਵੇ ਦਾ ਸੰਬੰਧ ਹੈ, ਇਸ ਨੂੰ ਉਹਨਾਂ ਨੌਜਵਾਨਾਂ ਨੇ ਪੂਰੀ ਤਰ•ਾਂ ਰੱਦ ਕਰ ਦਿੱਤਾ ਹੈ, ਜਿਹਨਾਂ ਨੇ ਇਸ ਅਖੌਤੀ ਨੌਕਰੀ ਮੇਲੇ ਵਿਚ ਭਾਗ ਲਿਆ ਸੀ। ਉਹਨਾਂ ਕਿਹਾ ਕਿ ਨੌਜਵਾਨਾਂ ਨੇ ਖੁਲਾਸਾ ਕੀਤਾ ਹੈ ਕਿ ਉਹਨਾਂ ਨੇ ਘਰ ਘਰ ਨੌਕਰੀ ਯੋਜਨਾ ਤਹਿਤ ਕਦੇ ਵੀ ਅਪਲਾਈ ਨਹੀਂ ਕੀਤਾ ਅਤੇ ਉਹਨਾਂ ਦੀ ਨਿਯੁਕਤੀ ਕਾਲਜ ਪਲੇਸਮੈਂਟ ਪ੍ਰੋਗਰਾਮ ਤਹਿਤ ਕੀਤੀ ਗਈ ਹੈ। ਨੌਜਵਾਨਾਂ ਨੇ ਇਹ ਵੀ ਦੱਸਿਆ ਹੈ ਕਿ ਕੱਲ• ਉਹਨਾਂ ਨੂੰ ਆਪਣੇ ਨਿਯੁਕਤੀ ਪੱਤਰ ਲੈਣ ਵਾਸਤੇ ਸੱਦਿਆ ਗਿਆ ਸੀ ਜਦਕਿ ਸੱਚਾਈ ਇਹ ਹੈ ਕਿ ਉਹ ਕਾਫੀ ਸਮੇਂ ਤੋਂ ਪ੍ਰਾਈਵੇਟ ਕੰਪਨੀਆਂ ਕੰਮ ਕਰ ਰਹੇ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਿਰਫ ਇਹੀ ਨਹੀਂ ਹੈ। ਕਾਂਗਰਸ ਸਰਕਾਰ ਪਿਛਲੇ ਇੱਕ ਸਾਲ ਵਿਚ ਕੋਈ ਵੀ ਸਰਕਾਰੀ ਨੌਕਰੀ ਦੇਣ ਵਿਚ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਸਰਕਾਰ 15 ਹਜ਼ਾਰ ਅਧਿਆਪਕਾਂ ਨੂੰ ਇਹ ਕਹਿ ਕਹਿ ਰਹੀ ਹੈ ਕਿ ਜੇਕਰ ਉਹ ਪੱਕੇ ਹੋਣ ਚਾਹੁੰਦੇ ਹਨ ਤਾਂ ਘੱਟ ਤਨਖਾਹਾਂ ਉੱਤੇ ਕੰਮ ਕਰਨ ਲਈ ਰਾਜ਼ੀ ਹੋ ਜਾਣ। ਸਰਦਾਰ ਬਾਦਲ ਨੇ ਕਿਹਾ ਕਿ ਇਸ ਦੇ ਉਲਟ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ 2.50 ਲੱਖ ਕਰਮਚਾਰੀਆਂ ਅਤੇ 40 ਹਜ਼ਾਰ ਪੁਲਿਸ ਕਰਮੀਆਂ ਦੀ ਭਰਤੀ ਕੀਤੀ ਸੀ।
ਇਹ ਟਿੱਪਣੀ ਕਰਦਿਆਂ ਕਿ ਕੁਝ ਕਰਨ ਦੀ ਥਾਂ ਸਰਕਾਰ ਵੱਲੋਂ ਸਰਕਾਰੀ ਸਕੀਮਾਂ ਬੰਦ ਕੀਤੀਆਂ ਜਾ ਰਹੀਆਂ ਹਨ, ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਬੁਢਾਪਾ ਪੈਨਸ਼ਨ ਅਤੇ ਸ਼ਗਨ ਸਕੀਮਾਂ ਬੰਦ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ 800 ਪ੍ਰਾਇਮਰੀ ਸਕੂਲਾਂ ਅਤੇ ਸੇਵਾ ਕੇਂਦਰਾਂ ਨੂੰ ਤਾਲੇ ਲਗਾ ਦਿੱਤੇ ਹਨ। ਉਹਨਾਂ ਕਿਹਾ ਕਿ ਇਸ ਨੇ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਬੰਦ ਕਰ ਦਿੱਤੀ ਹੈ। ਕਿਸਾਨਾਂ ਨੂੰ ਮੈਡੀਕਲ ਬੀਮਾ ਦੇਣਾ ਬੰਦ ਕਰ ਦਿੱਤਾ ਹੈ। ਇੱਥੋਂ ਤਕ ਕਿ ਦਲਿਤ ਵਿਦਿਆਰਥੀਆਂ ਨੂੰ ਵਜ਼ੀਫੇ ਦੇਣੇ ਵੀ ਬੰਦ ਕਰ ਦਿੱਤੇ ਹਨ।
ਇਸ ਮੌਕੇ ਉੱਪਰ ਬੋਲਦਿਆਂ ਸਾਂਸਦ ਸੁਖਦੇਵ ਸਿੰਘ ਢੀਂਡਸਾ ਨੇ ਕਾਂਗਰਸ ਸਰਕਾਰ ਨੂੰ ਕਿਹਾ ਕਿ ਉਹ ਅਕਾਲੀ-ਭਾਜਪਾ ਦੇ ਕਾਰਜਕਾਲ ਅਤੇ ਕਾਂਗਰਸ ਦੇ ਕਾਰਜਕਾਲ ਦੌਰਾਨ ਵਾਪਰੀਆਂ ਸਾਰੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਸੁਪਰੀਮ ਕੋਰਟ ਨੂੰ ਕਿਸੇ ਜੱਜ ਕੋਲੋਂ ਕਰਵਾਉਣ ਦੀ ਬੇਨਤੀ ਕਰਨ। ਉਹਨਾਂ ਕਿਹਾ ਕਿ ਅਕਾਲੀ ਦਲ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਨੂੰ ਮਾਨਤਾ ਨਹੀਂ ਦਿੰਦਾ, ਕਿਉਂਕਿ ਇਹ ਕਾਂਗਰਸ-ਪੱਖੀ ਕਮਿਸ਼ਨ ਹੈ। ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਕਾਂਗਰਸ ਸਰਕਾਰ ਵੱਲੋਂ ਲਹਿਰਾਗਾਗਾ ਵਿਚ ਸਾਰੇ ਵਿਕਾਸ ਕਾਰਜਾਂ ਨੂੰ ਬੰਦ ਕਰ ਦਿੱਤਾ ਗਿਆ ਹੈ।
ਇਸ ਮੌਕੇ ਉੱਤੇ ਬੋਲਦਿਆਂ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਕਿਸ ਤਰ•ਾਂ ਪਿਛਲੇ ਇੱਕ ਸਾਲ ਵਿਚ ਸਰਕਾਰ ਨੇ ਸਿਰਫ ਇੱਕ ਨੌਕਰੀ ਦਿੱਤੀ ਹੈ। ਜਿਸ ਤਹਿਤ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਉਮਰ ਲੰਘਾ ਚੁੱਕੇ ਅਤੇ ਵਿਦਿਅਕ ਯੋਗਤਾ ਪੂਰੀਆਂ ਨਾ ਕਰਦੇ ਪੋਤੇ ਨੂੰ ਡੀਐਸਪੀ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਸੰਬੋਧਨ ਕਰਨ ਵਾਲਿਆਂ ਵਿਚ ਹੋਰਨਾਂ ਤੋਂ ਇਲਾਵਾ ਬਲਦੇਵ ਸਿੰਘ ਮਾਨ, ਗਗਨਜੀਤ ਸਿੰਘ ਬਰਨਾਲਾ, ਇਕਬਾਲ ਸਿੰਘ ਝੂੰਦਾਂ ਅਤੇ ਪ੍ਰਕਾਸ਼ ਚੰਦ ਗਰਗ ਵੀ ਸ਼ਾਮਿਲ ਸਨ।