ਮੁੱਖ ਮੰਤਰੀ ਨੇ ਸ਼ੁਭਕਰਨ ਦੇ ਕਤਲ ਦੇ ਮਾਮਲੇ ਵਿਚ ਹਰਿਆਣਾ ਪੁਲਿਸ ਮੁਲਾਜ਼ਮਾਂ ਖਿਲਾਫ ਕੇਸ ਦਰਜ ਨਾ ਕਰ ਕੇ ਪੰਜਾਬੀਆਂ ਨਾਲ ਧੋਖਾ ਕੀਤਾ: ਹਰਸਿਮਰਤ ਕੌਰ ਬਾਦਲ
ਸ਼ੁਭਕਰਨ ਦੇ ਪਿੰਡ ਵਿਚ ਪਰਿਵਾਰ ਨਾਲ ਕੀਤੀ ਮੁਲਾਕਾਤ
ਕਿਹਾਕਿ ਮੁੱਖ ਮੰਤਰੀ ਸ਼ੁਭਕਰਨ ਦੇ ਕਤਲ ਵਿਚ ਸ਼ਾਮਲ, ਉਹਨਾਂ ਦੇ ਖਿਲਾਫ ਵੀ ਮੁਕੱਦਮਾ ਦਰਜ ਹੋਵੇ
ਚੰਡੀਗੜ੍ਹ,/ਬਠਿੰਡਾ, 23 ਫਰਵਰੀ : ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ’ਤੇ ਦੋਸ਼ ਲਾਇਆ ਕਿ ਉਹ ਆਪਣੀ ਜ਼ੁਬਾਨ ਤੋਂ ਭੱਜ ਗਏ ਹਨ ਤੇ ਉਹਨਾਂ ਨੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਕਤਲ ਦੇ ਮਾਮਲੇ ਵਿਚ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਖਿਲਾਫ ਕੇਸ ਹੀ ਨਹੀਂ ਕੀਤਾ ਤੇ ਦੁੱਖ ਦੀ ਘੜੀ ਵਿਚ ਪਰਿਵਾਰ ਨੂੰ ਵੀ ਅਣਡਿੱਠ ਕੀਤਾ।
ਬਠਿੰਡਾ ਦੇ ਐਮ ਪੀ, ਜਿਹਨਾਂ ਨੇ ਪਿੰਡ ਬੱਲੋ ਵਿਖੇ ਸ਼ੁਭਕਰਨ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦੀ ਦਾਦੀ ਨਾਲ ਵੀ ਗੱਲਬਾਤ ਕੀਤੀ, ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਹਾਲੇ ਤੱਕ ਸਰਕਾਰ ਤੋਂ ਕੋਈ ਵੀ ਪੀੜਤ ਵਿਅਕਤੀ ਪਰਿਵਾਰ ਨੂੰ ਨਹੀਂ ਮਿਲਿਆ। ਉਹਨਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਨੇ ਸ਼ੁਭਕਰਨ ਦੇ ਕਤਲ ਲਈ ਜ਼ਿੰਮੇਵਾਰ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਖਿਲਾਫ ਕੇਸ ਦਰਜ ਨਾ ਕਰ ਕੇ ਸਾਰੀ ਕਿਸਾਨੀ ਨਾਲ ਧੋਖਾ ਕੀਤਾ ਹੈ।
ਸਰਦਾਰਨੀ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਸ਼ੁਭਕਰਨ ਸਿੰਘ ਨੂੰ ਹਰਿਆਣਾ ਸਰਕਾਰ ਨੇ ਕਤਲ ਕੀਤਾ ਹੈ ਤੇ ਇਸ ਕੰਮ ਵਿਚ ਆਪ ਸਰਕਾਰ ਹਰਿਆਣਾ ਦੇ ਨਾਲ ਰਲੀ ਹੋਈ ਹੈ। ਉਹਨਾਂ ਕਿਹਾ ਕਿ ਗ੍ਰਹਿ ਮੰਤਰੀ ਹੋਣ ਦੇ ਨਾਅਤੇ ਭਗਵੰਤ ਮਾਨ ਦੇ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ।
ਸਰਦਾਰਨੀ ਬਾਦਲ ਨੇ ਹੈਰਾਨੀ ਪ੍ਰਗਟ ਕੀਤੀ ਕਿ ਆਪ ਸਰਕਾਰ ਨੇ ਹਾਲੇ ਤੱਕ ਮਾਮਲੇ ਵਿਚ ਕੁਝ ਨਹੀਂ ਕੀਤਾ ਤੇ ਸਰਹੱਦ ਤੋਂ ਚੁੱਕੇ ਗਏ 7 ਕਿਸਾਨਾਂ ਦਾ ਥਹੁ ਪਤਾ ਲਗਾਉਣ ਵਾਸਤੇ ਕੱਖ ਨਹੀਂ ਕੀਤਾ ਜਦੋਂ ਕਿ ਇਹ ਕਿਸਾਨ ਹਰਿਆਣਾ ਵਿਚ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਉਹਨਾਂ ਕਿਹਾ ਕਿ ਸ੍ਰੀ ਭਗਵੰਤ ਮਾਨ ਕਿਸ ਗੱਲ ਦੀ ਉਡੀਕ ਕਰ ਰਹੇ ਹਨ ? ਉਹਨਾਂ ਕਿਹਾ ਕਿ ਉਹ ਸਾਡੇ ਅਗਵਾ ਕੀਤੇ ਗਏ ਨੌਜਵਾਨਾਂ ਦੇ ਮਾਮਲੇ ਵਿਚ ਕੀ ਕਰ ਰਹੇ ਹਨ ਅਤੇ ਕਿਸਾਨਾਂ ’ਤੇ ਹੰਝੂ ਗੈਸ ਦੇ ਗੋਲੇ, ਪੈਲਟ ਗੰਨ ਤੇ ਰਬੜ ਦੀਆਂ ਗੋਲੀਆਂ ਨਾਲ ਹਮਲੇ ਕਰਨ ਦੇ ਮਾਮਲੇ ਵਿਚ ਉਹਨਾਂ ਖਿਲਾਫ ਕੀ ਕੀਤਾ ਹੈ ?
ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਇਹ ਵੀ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਮੁੱਖ ਮੰਤਰੀ ਨੇ ਕਿਸਾਨ ਅੰਦੋਲਨ ਖਤਮ ਹੋਣ ਵੇਲੇ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਵਾਉਣ ਵਾਸਤੇ ਇਕ ਵਾਰ ਵੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਨਹੀਂ ਕੀਤੀ। ਉਹਨਾਂ ਕਿਹਾ ਕਿ ਇਹ ਵੀ ਹੈਰਾਨੀ ਹੈ ਕਿ ਮੁੱਖ ਮੰਤਰੀ ਨੇ ਹੁਣ ਵੀ ਪ੍ਰਧਾਨ ਮੰਤਰੀ ਤੱਕ ਪਹੁੰਚ ਨਹੀਂ ਕੀਤੀ। ਉਹਨਾਂ ਮੰਗ ਕੀਤੀ ਕਿ ਆਪ ਸਰਕਾਰ 1 ਮਾਰਚ ਤੋਂ ਸ਼ੁਰੂ ਹੋ ਰਹੇ ਪੰਜਾਬ ਵਿਧਾਨ ਸਭਾ ਦੇ ਇਜਲਾਸ ਵਿਚ ਸ੍ਰੀ ਭਗਵੰਤ ਮਾਨ ਵੱਲੋਂ ਵਾਰ-ਵਾਰ ਕੀਤੇ ਵਾਅਦੇ ਮੁਤਾਬਕ 23 ਫਸਲਾਂ ’ਤੇ ਐਮ ਐਸ ਪੀ ਦੇਣ ਦਾ ਕਾਨੂੰਨ ਪਾਸ ਕਰੇ।
ਸਰਦਾਰਨੀ ਬਾਦਲ ਨੇ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਦੋ ਸਾਲ ਪਹਿਲਾਂ ਕਿਸਾਨਾਂ ਲਈ ਐਮ ਐਸ ਪੀ ਨੂੰ ਕਾਨੂੰਨੀ ਗਰੰਟੀ ਬਣਾਉਣ ਦੇ ਸੰਯੁਕਤ ਕਿਸਾਨ ਮੋਰਚੇ ਨਾਲ ਕੀਤੇ ਵਾਅਦੇ ਨੂੰ ਪੂਰਾ ਕੀਤਾ ਜਾਵੇ। ਉਹਨਾਂ ਕੇਂਦਰ ਨੂੰ ਕਿਸਾਨ ਯੂਨੀਅਨਾਂ ਨਾਲ ਸਾਰਥਕ ਗੱਲਬਾਤ ਕਰ ਕੇ ਉਹਨਾਂ ਦੇ ਮਸਲੇ ਹੱਲ ਕਰਨ ਦੀ ਵੀ ਅਪੀਲ ਕੀਤੀ।
ਬਠਿੰਡਾ ਦੇ ਐਮ ਪੀ ਨੇ ਪੀੜਤ ਪਰਿਵਾਰ ਤੇ ਪਿੰਡ ਵਾਲਿਆਂ ਨੂੰ ਭਰੋਸਾ ਦੁਆਇਆ ਕਿ ਸੰਕਟ ਦੇ ਸਮੇਂ ਅਕਾਲੀ ਦਲ ਉਹਨਾਂ ਦੇ ਨਾਲ ਹੈ ਤੇ ਸ਼ੁਭਕਰਨ ਲਈ ਇਨਸਾਫ ਲੈ ਕੇ ਦੇਣ ਵਾਸਤੇ ਜੋ ਲੋੜੀਂਦਾ ਹੋਇਆ, ਹਰ ਉਹ ਕਦਮ ਚੁੱਕਿਆ ਜਾਵੇਗਾ।