ਸ਼ੋਕ ਮਤਾ ਸਵ: ਜਥੇਦਾਰ ਲਾਭ ਸਿੰਘ ਜੀ ਦੇਵੀਨਗਰ
ਅੱਜ ਦੀ ਇਹ ਇਕੱਤਰਤਾ ਸ਼੍ਰੋਮਣੀ ਅਕਾਲੀ ਦਲ ਦੇ ਬਾਜੀਗਰ ਵਿੰਗ ਦੇ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਲਾਭ ਸਿੰਘ ਦੇਵੀਨਗਰ ਦੇ ਅਕਾਲ ਚਲਾਣਾ ਕਰ ਜਾਣ ਉਪਰ ਗਹਿਰੇ ਦੁਖ ਦਾ ਪ੍ਰਗਟਾਵਾ ਕਰਦੀ ਹੈ। ਸਵ: ਜਥੇਦਾਰ ਲਾਭ ਸਿੰਘ ਜੀ ਦੇਵੀਨਗਰ ਕੁਝ ਸਮਾ ਬਿਮਾਰ ਰਹਿਣ ਪਿੱਛੋਂ 75 ਸਾਲ ਦੀ ਉਮਰ ਵਿੱਚ ਮਿਤੀ 16 ਸਤੰਬਰ, 2018 ਨੂੰ ਸਦੀਵੀਂ ਵਿਛੋੜਾ ਦੇ ਗਏ ਹਨ। ਸਵ: ਜਥੇਦਾਰ ਲਾਭ ਸਿੰਘ ਜੀ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਏ ਅਨੇਕਾਂ ਮੋਰਚਿਆਂ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਜੇਲ ਯਾਤਰਾ ਵੀ ਕੀਤੀ। ਸਵ: ਜਥੇਦਾਰ ਜੀ ਨੇ ਬਾਜੀਗਰ ਸਮਾਜ ਦੀ ਅਗਵਾਈ ਕੀਤੀ ਅਤੇ ਇਸ ਸਮਾਜ ਦੀਆਂ ਔਕੜਾਂ ਅਤੇ ਮੁਸ਼ਕਿਲਾਂ ਨੂੰ ਅੱਗੇ ਹੋ ਕੇ ਹੱਲ ਕਰਨ ਦਾ ਹਮੇਸ਼ਾਂ ਯਤਨ ਕੀਤਾ। ਉਹ ਰਾਜਨੀਤਕ ਕੰਮਾਂ ਦੇ ਨਾਲ-ਨਾਲ ਧਾਰਮਿਕ ਕੰਮਾਂ ਵਿੱਚ ਵੀ ਵਧ ਚੜ੍ਹ ਕੇ ਹਿੱਸਾ ਲੈਂਦੇ ਸਨ ਅਤੇ ਆਪਣੀ ਕੌਮ ਦੇ ਕੰਮਾਂ ਲਈ ਦਿਨ-ਰਾਤ ਤਤਪਰ ਰਹਿੰਦੇ ਸਨ। ਸਵ: ਜਥੇਦਾਰ ਲਾਭ ਸਿੰਘ ਜੀ ਮਿੱਠਬੋਲੜੇ, ਸਿਆਣੇ ਅਤੇ ਇਮਾਨਦਾਰ ਇਨਸਾਨ ਸਨ। ਉਹਨਾਂ ਦੇ ਅਕਾਲ ਚਲਾਣਾ ਕਰ ਜਾਣ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਹ ਇਕੱਤਰਤਾ ਵਿਛੜੀ ਆਤਮਾਂ ਦੀ ਸ਼ਾਂਤੀ ਲਈ ਅਰਦਾਸ ਕਰਦੀ ਹੈ ਅਤੇ ਪਿੱਛੇ ਉਹਨਾਂ ਦੇ ਪਰਿਵਾਰ ਅਤੇ ਸਾਕ ਸਬੰਧੀਆਂ ਨਾਲ ਦਿਲੀ ਹਮਦਰਦੀ ਦਾ ਪ੍ਰਗਟਾਵਾ ਕਰਦੀ ਹੈ।
ਸ਼ੋਕ ਮਤਾ ਸਵ: ਸ. ਜਸਵੰਤ ਸਿੰਘ ਜੀ ਗਾਬੜੀਆ
ਅੱਜ ਦੀ ਇਹ ਇਕੱਤਰਤਾ ਸ਼੍ਰੋਮਣੀ ਅਕਾਲੀ ਦਲ ਦੇ ਪਛੜੀਆਂ ਸ਼੍ਰੈਣੀਆਂ ਵਿੰਗ ਦੇ ਪ੍ਰਧਾਨ ਜਥੇਦਾਰ ਹੀਰਾ ਸਿੰਘ ਜੀ ਗਾਬੜੀਆਂ ਦੇ ਛੋਟੇ ਭਰਾ ਸ.ਜਸਵੰਤ ਸਿੰਘ ਜੀ ਗਾਬੜੀਆ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਉਪਰ ਗਹਿਰੇ ਦੁਖ ਦਾ ਪ੍ਰਗਟਾਵਾ ਕਰਦੀ ਹੈ। ਸਵ: ਸ .ਜਸਵੰਤ ਸਿੰਘ ਮਿਤੀ 7 ਸਤੰਬਰ, 2018 ਨੂੰ 69 ਸਾਲ ਦੀ ਉਮਰ ਵਿੱਚ ਸਦੀਵੀਂ ਵਿਛੋੜਾ ਦੇ ਗਏ ਸਨ। ਉਹ ਬਹੁਤ ਹੀ ਨੇਕ, ਮਿਹਨਤੀ ਅਤੇ ਸਿਆਣੇ ਇਨਸਾਨ ਸਨ। ਸਵ: ਸ. ਜਸਵੰਤ ਸਿੰਘ ਜੀ ਦੇ ਅਕਾਲ ਚਲਾਣੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਕਦੇ ਵੀ ਨਾ ਪੁਰਾ ਹੋਣ ਵਾਲਾ ਘਾਟਾ ਪਿਆ ਹੈ। ਇਹ ਇਕੱਤਰਤਾ ਜਥੇਦਾਰ ਹੀਰਾ ਸਿੰਘ ਜੀ ਗਾਬੜੀਆ ਅਤੇ ਉਹਨਾਂ ਦੇ ਸਮੂਹ ਪਰਿਵਾਰ ਨਾਲ ਦਿਲੀ ਹਮਦਰਦੀ ਦਾ ਪ੍ਰਗਟਾਵਾ ਕਰਦੀ ਹੈ ਅਤੇ ਵਿਛੜੀ ਆਤਮਾਂ ਦੀ ਸ਼ਾਂਤੀ ਲਈ ਅਰਦਾਸ ਕਰਦੀ ਹੈ।
ਮਤਾ
ਅੱਜ ਦੀ ਇਹ ਇਕੱਤਰਤਾ ਪੰਜਾਬ ਦੀ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਚਾਇਤ ਸੰਮਤੀ ਅਤੇ ਜਿਲਾ ਪ੍ਰੀਸ਼ਦ ਚੋਣਾਂ ਵਿੱਚ ਲੋਕੰਤਤਰ ਦੇ ਕੀਤੇ ਗਏ ਘਾਣ ਦੀ ਸਖਤ ਲਫਜਾਂ ਵਿੱਚ ਨਿਖੇਧੀ ਕਰਦੀ ਹੈ। ਜਿਸ ਤਰੀਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਚੋਣ ਪ੍ਰਕ੍ਰਿਆ ਦੀਆਂ ਧੱਜੀਆਂ ਉਡਾਈਆਂ ਗਈਆਂ ਉਸਦੀ ਉਦਾਹਰਣ ਮਿਲਣੀ ਸੰਭਵ ਨਹੀਂ। ਸਭ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਪੰਜਾਬ ਰਾਜ ਚੋਣ ਕਮਿਸ਼ਨ ਨਾਲ ਰਲ ਕੇ ਜਿਸ ਸਾਜਿਸ਼ੀ ਤਰੀਕੇ ਨਾਲ ਚੋਣਾਂ ਦਾ ਐਲਾਨ ਕੀਤਾ ਉਸ ਤੋਂ ਹੀ ਚੋਣਾਂ ਵਿੱਚ ਹੋਣ ਵਾਲੀ ਹੇਰਾਫੇਰੀ ਦੇ ਅੰਦਾਜੇ ਲੱਗਣੇ ਸ਼ੁਰੂ ਹੋ ਗਏ ਸਨ। ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂਨੂੰ ਚੋਣ ਲੜਨ ਤੋਂ ਰੋਕਣ ਲਈ ਪਹਿਲਾਂ ਜੋਨਾਂ ਦੀ ਹੱਦਬੰਦੀ ਕਰਦੇ ਸਮੇ ਹੇਰਾਫੇਰੀਆਂ ਕੀਤੀਆਂ ਗਈਆਂ। ਉਸ ਤੋਂ ਬਾਅਦ ਰਾਖਵੇਂਕਰਨ ਦੀ ਪ੍ਰਕ੍ਰਿਆ ਹੁਕਮਰਾਨ ਪਾਰਟੀ ਦੇ ਆਗੂਆਂ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਕੀਤੀ ਗਈ। ਵਿਰੋਧੀ ਉਮੀਦਵਾਰਾਂ ਨੂੰ ਨੋ ਡਿਊਜ ਸਰਟੀਫਿਕੇਟ ਅਤੇ ਹੋਰ ਲੋੜੀਂਦੇ ਦਸਤਾਵੇਜ ਜਾਰੀ ਕਰਨ ਵਿੱਚ ਹਰ ਤਰ੍ਹਾਂ ਦੇ ਅੜਿੱਕੇ ਡਾਹੇ ਗਏ। ਇੱਥੇ ਹੀ ਬੱਸ ਨਹੀਂ ਸੈਂਕੜਿਆਂ ਦੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਜਬਰਦਸਤੀ ਨਾਮਜਦਗੀ ਪੱਤਰ ਦਾਖਲ ਕਰਨ ਤੋਂ ਰੋਕਿਆ ਗਿਆ ਅਤੇ 249 ਉਮੀਦਵਾਰਾਂ ਦੇ ਨਾਮਜਦਗੀ ਪੱਤਰਾਂ ਦੀ ਪੜਤਾਲ ਸਮੇ ਧੱਕੇਸ਼ਾਹੀ ਕਰਦੇ ਹੋਏ ਨਾਮਜਦਗੀ ਪੱਤਰ ਰੱਦ ਕਰ ਦਿੱਤੇ। ਚੋਣ ਪ੍ਰਚਾਰ ਦੌਰਾਨ ਵੀ ਵਿਰੋਧੀ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਨੂੰ ਡਰਾਉਣ-ਧਮਕਾਉਣ ਅਤੇ ਉਹਨਾਂ ਉੂਪਰ ਝੂਠੇ ਕੇਸ ਦਰਜ ਕਰਨ ਦਾ ਦੌਰ ਜਾਰੀ ਰਿਹਾ ਅਤੇ ਵੋਟਾਂ ਵਾਲੇ ਦਿਨ ਸੈਂਕੜਿਆਂ ਦੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਮੰਤਰੀਆਂ, ਵਿਧਾਇਕਾਂ ਅਤੇ ਹੋਰ ਆਗੂਆਂ ਨੇ ਗੁੰਡਾ ਅਨਸਰਾਂ ਦੀਆਂ ਭੀੜਾਂ ਲੈ ਕੇ ਬੂਥਾਂ ਉਪਰ ਕਬਜੇ ਕੀਤੇ ਅਤੇ ਜਾਅਲੀ ਵੋਟਾਂ ਪਾਈਆਂ।
ਅੱਜ ਦੀ ਇਹ ਇਕੱਤਰਤਾ ਜਿੱਥੇ ਕਾਂਗਰਸ ਪਾਰਟੀ ਦੀ ਇਸ ਗੁੰਡਾਗਰਦੀ ਦੀ ਸਖਤ ਨਿਖੇਧੀ ਕਰਦੀ ਹੈ ਉਥੇ ਪੰਜਾਬ ਰਾਜ ਚੋਣ ਕਮਿਸ਼ਨ ਦੀ ਨਿਭਾਈ ਗਈ ਭੂਮਿਕਾ ਨੂੰ ਵੀ ਬੇਹੱਦ ਗੈਰ-ਜਿੰਮੇਵਾਰਾਨਾ ਅਤੇ ਕਾਂਗਰਸ ਸਰਕਾਰ ਨਾਲ ਮਿਲੀਭੁਗਤ ਵਾਲੀ ਕਾਰਵਾਈ ਕਰਾਰ ਦਿੰਦੀ ਹੈ। ਇਹ ਇਕੱਤਰਤਾ ਇਸ ਗੱਲ ਤੇ ਚਿੰਤਤ ਹੈ ਕਿ ਸੂਬਾ ਸਰਕਾਰ ਅਤੇ ਕਾਂਗਰਸ ਪਾਰਟੀ ਦੀ ਜਬਰਦਸਤ ਦਹਿਸ਼ਤ ਦੇ ਸਦਕਾ ਪਿਛਲੀਆਂ ਚੋਣਾਂ ਦੇ ਮੁਕਾਬਲੇ 12 ਤੋਂ 13 ਪ੍ਰਤੀਸ਼ਤ ਘੱਟ ਪੋਲਿੰਗ ਹੋਈ ਹੈ ਜੋ ਕਿ ਚਿੰਤਾਜਨਕ ਹੈ। ਅਗਰ ਸਾਰੇ ਲੋਕਾਂ ਨੂੰ ਵੋਟਾਂ ਪਾਉਣ ਵਾਸਤੇ ਅਮਨ-ਅਮਾਨ ਅਤੇ ਸ਼ਾਂਤੀ ਦਾ ਮਾਹੌਲ ਮਿਲ ਜਾਂਦਾ ਤਾ ਇਹਨਾਂ ਵੋਟਾਂ ਦੇ ਨਤੀਜੇ ਕਾਂਗਰਸ ਪਾਰਟੀ ਨੂੰ ਉਸਦੀ ਅਸਲੀਅਤ ਦਿਖਾ ਸਕਦੇ ਸੀ।
ਅੱਜ ਦੀ ਇਹ ਇਕੱਤਰਤਾ ਇਸ ਗੱਲ ਦੀ ਵੀ ਸਖਤ ਲਫਜਾਂ ਵਿੱਚ ਨਿਖੇਧੀ ਕਰਦੀ ਹੈ ਕਿ ਕਾਂਗਰਸ ਪਾਰਟੀ ਨੇ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕਰਦੇ ਹੋਏ ਚੋਣ ਧਾਂਦਲੀਆਂ ਦਾ ਕੰਮ ਨਤੀਜੇ ਘੋਸ਼ਿਤ ਕਰਨ ਤੱਕ ਵੀ ਜਾਰੀ ਰੱਖਿਆ। ਪੰਜਾਬ ਭਰ ਵਿੱਚ ਵੱਡੀ ਪੱਧਰ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਗਿਣਤੀ ਕੇਂਦਰਾਂ ਵਿੱਚ ਜਾਣ ਤੋਂ ਰੋਕਿਆ ਗਿਆ । ਕੁਝ ਥਾਵਾਂ ਉਤੇ ਵੋਟਾਂ ਦੀ ਗਿਣਤੀ ਵੱਧ ਹੋਣ ਦੇ ਬਾਵਜੂਦ ਵੀ ਧੱਕੇ ਨਾਲ ਕਾਂਗਰਸ ਦੇ ਉਮੀਦਵਾਰਾਂ ਨੂੰ ਜੇਤੂ ਘੋਸ਼ਿਤ ਕੀਤਾ ਗਿਆ। ਸਾਡੇ ਉਮੀਦਵਾਰਾਂ ਦੀਆਂ ਵੱਡੀ ਪੱਧਰ ਤੇ ਜਾਇਜ ਵੋਟਾਂ ਨੂੰ ਵੀ ਧੱਕੇ ਨਾਲ ਰੱਦ ਕਰ ਦਿੱਤਾ ਗਿਆ।
ਇਹ ਇਕੱਤਰਤਾ ਦ੍ਰਿੜ ਹੈ ਕਿ ਇਹਨਾਂ ਚੋਣਾਂ ਵਿੱਚ ਪੰਜਾਬੀਆਂ ਵੱਲੋਂ ਮਿਉਂਸਪਲ ਕਮੇਟੀ ਦੀਆਂ ਚੋਣਾਂ ਦੀ ਤਰਾਂ ਆਮ ਆਦਮੀ ਪਾਰਟੀ ਨੂੰ ਪੂਰੀ ਤਰਾਂ ਰੱਦ ਕਰ ਦਿੱਤਾ ਹੈ ਅਤੇ ਪਿਛਲੇ ਸਮਿਆਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਬੋਲੇ ਗਏ ਵੱਡੇ ਝੂਠ, ਕੁੜ ਪ੍ਰਚਾਰ ਅਤੇ ਵਿਸ਼ਵਾਸਘਾਤ ਕਰਨ ਲਈ ਉਹਨਾਂ ਨੂੰ ਬਣਦੀ ਸਜਾ ਦੇ ਦਿੱਤੀ ਹੈ।
ਅਖੀਰ ਤੇ ਇਹ ਇਕੱਤਰਤਾ ਸਮੂਹ ਪੰਜਾਬੀਆਂ ਅਤੇ ਵਿਸ਼ੇਸ਼ ਕਰਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦਾ ਫਿਰ ਵੀ ਧੰਨਵਾਦ ਕਰਦੀ ਹੈ ਕਿ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਵੀ ਉਹਨਾਂ ਨੇ ਆਪਣਾ ਸਿਰੜ ਨਹੀਂ ਛੱਡਿਆ ਅਤੇ ਹਰ ਬੂਥ ਤੇ ਸਾਰੀਆਂ ਮੁਸ਼ਕਲਾਂ ਨੂੰ ਝੱਲਦੇ ਹੋਏ ਡਟ ਕੇ ਜ਼ਾਲਮ ਹੁਕਮਰਾਨ ਪਾਰਟੀ ਦਾ ਕਰੜਾ ਮੁਕਾਬਲਾ ਕੀਤਾ।