ਕਿਹਾ ਕਿ ਸਿੱਧੂ ਧੱਕੇਸ਼ਾਹੀ ਤੇ ਗੁੰਡਾਗਰਦੀ ਦੀ ਰਾਜਨੀਤੀ ’ਤੇ ਉਤਰੇ
ਅੰਮ੍ਰਿਤਸਰ, 12 ਫਰਵਰੀ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿਘੰ ਮਜੀਠੀਆ ਨੇ ਅੱਜ ਵੱਲ੍ਹਾ ਸਬਜ਼ੀ ਮੰਡੀ ਦੀ ਖਸਤਾ ਹਾਲਤ ਵਿਖਾ ਕੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਅੰਮ੍ਰਿਤਸਰ ਪੂਰਬੀ ਹਲਕੇ ਵਿਚਲੀ ਕਾਰਗੁਜ਼ਾਰੀ ਦੀ ਪੋਲ ਖੋਲ੍ਹੀ।
ਵੱਲ੍ਹਾ ਸਬਜ਼ੀ ਮੰਡੀ ਵਿਚ ਮੌਕੇ ’ਤੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਨਵਜੋਤ ਸਿੱਧੂ ਆਪਣੇ ਅਖੌਤੀ ਪੰਜਾਬ ਮਾਡਲ ਦੇ ਦਾਅਵਿਆਂ ਨਾਲ ਲੋਕਾਂ ਨੁੰ ਮੂਰਖ ਬਣਾਉਣਾ ਚਾਹੁੰਦਾ ਹੈ ਜਦੋਂ ਕਿ ਅਸਲੀਅਤ ਇਹ ਹੈ ਕਿ ਉਸਨੇ ਆਪਣੇ ਹਲਕੇ ਵਿਚ ਬੁਨਿਆਦੀ ਸਹੂਲਤਾਂ ਵੀ ਪ੍ਰਦਾਨ ਨਹੀਂ ਕੀਤੀਆਂ। ਉਹਨਾਂ ਕਿਹਾ ਕਿ ਲੋਕ ਵੇਖ ਸਕਦੇ ਹਨ ਕਿ ਕਿਵੇਂ ਵਪਾਰੀਆਂ ਨੁੰ ਇੰਨੇ ਮਾੜੇ ਹਾਲਾਤ ਵਿਚ ਉਹ ਵੀ ਡਰੇਨੇਜ ਸਹੂਲਤਾਂ ਤੋਂ ਬਗੈਰ ਹੀ ਆਪਣਾ ਕੰਮ ਕਰਨਾ ਪੈ ਰਿਹਾ ਹੈ ਜਦੋਂ ਕਿ ਇਹ ਹਰ ਸਾਲ ਸੈਂਕੜੇ ਕਰੋੜ ਰੁਪਏ ਦੇ ਟੈਕਸ ਭਰ ਕੇ ਸੂਬੇ ਦੇ ਖ਼ਜ਼ਾਨੇ ਵਿਚ ਆਪਣਾ ਯੋਗਦਾਨ ਪਾਉਂਦੇ ਹਨ।
ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਵਾਲੀ ਗੱਲ ਹੈ ਕਿ ਨਵਜੋਤ ਸਿੱਧੂ ਇਹ ਦਾਅਵੇ ਕਰ ਰਿਹਾ ਹੈ ਕਿ ਉਸਨੇ ਅੰਮ੍ਰਿਤਸਰ ਪੂਰਬੀ ਹਲਕੇ ਦਾ ਇਸ ਤਰੀਕੇ ਵਿਕਾਸ ਕੀਤਾ ਹੈ ਜਿਵੇਂ ਕਿਸੇ ਹੋਰ ਹਲਕੇ ਦਾ ਨਹੀਂ ਹੋਇਆ ਜਦੋਂ ਕਿ ਅਸਲੀਅਤ ਵਿਚ ਲੋਕ ਬੁਨਿਆਦੀ ਸਹੂਲਤਾਂ ਲਈ ਧਾਹਾਂ ਮਾਰ ਰਹੇ ਹਨ ਅਤੇ ਤਰਸਯੋਗ ਹਾਲਾਤ ਹੁਣ ਪੱਕਾ ਕੰਮ ਹੀ ਬਣ ਗਿਆ ਹੈ। ਉਹਨਾਂ ਕਿਹਾ ਕਿ ਸਿੱਧੂ ਜੋੜੇ ਨੇ 18 ਸਾਲਾਂ ਤੱਕ ਸੱਤਾ ਹੰਢਾਈ ਹੈ ਤੇ ਸਿੱਧੂ ਆਪ ਐਮ ਪੀ ਤੇ ਸੂਬਾਈ ਕੈਬਨਿਟ ਮੰਤਰਹੇ ਹਨ। ਉਹਨਾਂ ਦੀ ਪਤਨੀ ਮੁੱਖ ਪਾਰਲੀਮਾਨੀ ਸਕੱਤਰ ਰਹੀ ਹੈ। ਇੰਨੀਆ ਅਹਿਮ ਥਾਵਾਂ ’ਤੇ ਬਣੇ ਰਹਿਣ ਦੇ ਬਾਵਜੂਦ ਜੋੜੇ ਨੇ ਹਲਕੇ ਦੇ ਲੋਕਾਂ ਲਈ ਆਪਣੇ ਦਰ ਬੰਦ ਕਰ ਕੇ ਰੱਖੇ।
ਸਿੱਧੂ ਵੱਲੋਂ ਬ੍ਰਾਹਮਣ ਸਮਾਜ ਲਈ ਵਰਤੀ ਮੰਦੀ ਭਾਸ਼ਾ ਬਾਰੇ ਸਵਾਲ ਦੇ ਜਵਾਬ ਵਿਚ ਸਰਦਾਰ ਮਜੀਠੀਆ ਨੇ ਕਿਹਾ ਕਿ ਸਿੱਧੂ ਨੇ ਆਪਣੀ ਮੰਦੀ ਸ਼ਬਦਾਵਲੀ ਨਾਲ ਇਕ ਵਾਰ ਫਿਰ ਸਾਬਤ ਕਰ ਦਿੰਤਾ ਹੈ ਕਿ ਉਹ ਕੱਟੜ ਹਿੰਦੂ ਵਿਰੋਧੀ ਹੈ ਅਤੇ ਸਮਾਜ ਨੁੰ ਫਿਰਕੂ ਲੀਹਾਂ ’ਤੇ ਵੰਡਣਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਪਹਿਲਾਂ ਸਿੱਧੂ ਨੇ ਸੁਨੀਲ ਜਾਖੜ ਨੁੰ ਮੁੱਖ ਮੰਤਰੀ ਬਣਾਉਣ ਦਾ ਇਸ ਕਰ ਕੇ ਵਿਰੋਧ ਕੀਤਾ ਸੀ ਕਿ ਉਹ ਹਿੰਦੂ ਹਨ ਤੇ ਹੁਣ ਬ੍ਰਾਹਮਣ ਸਮਾਜ ਦੇ ਖਿਲਾਫ ਅਪਸ਼ਬਦ ਬੋਲੇ ਹਨ। ਉਹਨਾਂ ਨੇ ਸਿੱਧੂ ਵੱਲੋਂ ਮੂਧਲ ਪਿੰਡ ਦੀ ਸਰਪੰਚ ਜਗਜੀਤ ਕੌਰ ਤੇ ਉਸਦੇ ਪਤੀ ਤੇ ਸਮਰਥਕਾਂ ਦੇ ਖਿਲਾਫ ਮੰਦੀ ਸ਼ਬਦਾਵਲੀ ਵਰਤਣ ਦੀ ਵੀ ਨਿਖੇਧੀ ਕੀਤੀੇ। ਉਹਨਾਂ ਕਿਹਾ ਕਿ ਨਫਰਤ ਤੇ ਧਮਕੀਆਂ ਵਾਲੀਆਂ ਰਾਜਨੀਤੀ ਸਿੱਧੂ ਲਈ ਤਬਾਹੀ ਸਾਬਤ ਹੋਵੇਗੀ।
ਰਵਨੀਤ ਬਿੱਟੂ ਵੱਲੋਂ ਸਿੱਧੂ ਦੇ ਪੰਜਾਬ ਮਾਡਲ ਨੁੰ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿਚ ਸ਼ਾਮਲ ਕਰਨ ਦੇ ਦਾਅਵੇ ਬਾਰੇ ਸਵਾਲ ਦੇ ਜਵਾਬ ਵਿਚ ਸਰਦਾਰ ਮਜੀਠੀਆ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਸਿੱਧੂ ਨੁੰ ਮੂਰਖ ਬਣਾਉਣ ਵਾਸਤੇ ਭੇਜਿਆ ਹੈ ਤਾਂ ਜੋ ਇਹ ਸਮਾਂ ਕੱਢਿਆ ਜਾ ਸਕੇ ਤੇ ਸਿੱਧੁ ਇਹਨਾਂ ਅਹਿਮ ਦਿਨਾਂ ਵਿਚ ਪਾਰਟੀ ਨੁੰ ਵੰਡ ਨਾ ਸਕੇ।
ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਹਨੀ ਦੇ ਘਰੋਂ 10 ਕਰੋੜ ਰੁਪਏ ਨਗਦ ਬਰਾਮਦ ਕਰਨ ਬਾਰੇ ਸਵਾਲ ਦੇ ਜਵਾਬ ਵਿਚ ਅਕਾਲੀ ਆਗੂ ਨੇ ਕਿਹਾ ਕਿ ਇਹ ਪੈਸਾ ਸਿਰਫ ਰੇਤ ਮਾਫੀਆ ਦਾ ਨਹੀਂ ਹੈ ਬਲਕਿ ਇਸ ਵਿਚ ਤਬਾਦਲਿਆਂ ਤੇ ਤਾਇਨਾਤੀਆਂ ਲਈ ਲਿਆ ਪੈਸਾ ਵੀ ਸ਼ਾਮਲ ਹੈ। ਉਹਨਾਂ ਕਿਹਾ ਕਿ ਹਨੀ ਨੁੰ ਇਹ ਜ਼ਿੰਮੇਵਾਰੀ ਸੌਂਪੀ ਗਈ ਸੀ ਕਿ ਉਹ ਮੁੱਖ ਮੰਤਰੀ ਦਾ ਬਣਦਾ ਹਿੱਸਾ ਸ਼ਰਾਬ ਮਾਫੀਆ ਤੋਂ ਇਲਾਵਾ ਜ਼ਮੀਨਾਂ ਲਈ ਸੀ ਐਲ ਯੂ ਕਰਵਾ ਕੇ ਦੇਣ ਅਤੇ ਐਸ ਐਸ ਪੀ ਤੇ ਆਈ ਜੀ ਸਮੇਤ ਹੋਰ ਅਫਸਰਾਂ ਦੇ ਤਬਾਦਲਿਆਂ ਲਈ ਮਿਲਦਾ ਪੈਸਾ ਇਕੱਠਾ ਕਰੇ।
ਆਮ ਆਦਮੀ ਪਾਰਟੀ ਗੱਲ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਦਿੱਲੀ ਮਾਡਲ ਇਕ ਵੱਡਾ ਫਰਾਡ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਉਹੋ ਜਿਹੀ ਕੋਈ ਸਹੂਲਤ ਨਹੀਂ ਦਿੱਤੀ ਜਿਸਦਾ ਵਾਅਦਾ ਪੰਜਾਬੀਆਂ ਨਾਲ ਕਰ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਦਿੱਲੀ ਮਾਡਲ ਲਾਗੂ ਕਰਨ ਦਾ ਮਤਲਬ ਹੈ ਕਿ ਕਿਸਾਨਾਂ ਲਈ ਮੁਫਤ ਬਿਜਲੀ ਅਤੇ ਸ਼ਗਨ ਸਕੀਮ, ਬੁਢਾਪਾ ਪੈਨਸ਼ਨ ਤੇ ਆਟਾ ਦਾਲ ਸਕੀਮ ਬੰਦ ਕਰਨਾ।
ਇਸ ਮੌਕੇ ਵੱਲ੍ਹਾ ਸਬਜ਼ੀ ਮੰਡੀ ਐਸੋਸੀਏਸ਼ਨ ਦੇ ਚੇਅਰਮੈਨ ਰਾਜਦੀਪ ਸਿੰਘ ਉੱਪਲ ਅਤੇ ਪ੍ਰਧਾਨ ਪਲਵਿੰਦਰ ਸਿੰਘ ਨੇ ਵੀ ਵਪਾਰੀਆਂ ਨੁੰ ਦਰਪੇਸ਼ ਮੁਸ਼ਕਿਲਾਂ ਤੋਂ ਮੀਡੀਆ ਨੁੰ ਜਾਣੂ ਕਰਵਾਇਆ। ਇਸ ਮੌਕੇ ਭੁਪਿੰਦਰ ਸਿੰਘ ਜੋਰਾ ਪ੍ਰਤਾਪ ਨਗਰ, ਕੌਂਸਲਰ ਰਾਜਿੰਦਰ ਸੈਣੀ, ਰਾਜੇਸ਼ ਮਦਾਨ ਤੇ ਲੱਡੂ ਪਹਿਲਵਾਨ ਤੋਂ ਇਲਾਵਾ ਹੋਰ ਆਗੂ ਵੀ ਮੌਕੇ ’ਤੇ ਮੌਜੂਦ ਸਨ।