ਬਿਕਰਮ ਸਿੰਘ ਮਜੀਠੀਆ ਨੇ ਐਸ ਐਸ ਪੀ ਵਿਵੇਕਸ਼ੀਲ ਸੋਨੀ-ਹਰਜੋਤ ਬੈਂਸ ਦੀ ਟੀਮ ਵੱਲੋਂ ਰੇਤੇ ਦੀ ਵਿਆਪਕ ਨਜਾਇਜ਼ ਮਾਇਨਿੰਗ ਦੀ ਸੀ ਬੀ ਆਈ ਜਾਂਚ ਮੰਗੀ
ਪੁਲਿਸ ਅਫਸਰ ’ਤੇ ਈ ਡੀਜ਼ ਵੱਲੋਂ ਜ਼ਬਤ ਕੀਤੀ ਜ਼ਮੀਨ ’ਤੇ ਗੈਰ ਕਾਨੂੰਨੀ ਮਾਇਨਿੰਗ ਦੀ ਐਫ ਆਈ ਆਰ ਦਰਜ ਕਰ ਕੇ ਮਾਮਲੇ ’ਤੇ ਪਰਦਾ ਪਾਉਣ ਦੇ ਯਤਨ ਕਰਨ ਦਾ ਵੀ ਲਾਇਆ ਦੋਸ਼
ਚੰਡੀਗੜ੍ਹ, 22 ਨਵੰਬਰ: ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਦੋਸ਼ ਲਾਇਆ ਕਿ ਰੋਪੜ ਜ਼ਿਲ੍ਹੇ ਵਿਚ ਹਾਲ ਹੀ ਵਿਚ ਤਬਾਦਲਾ ਕੀਤੇ ਐਸ ਐਸ ਪੀ ਵਿਵੇਕਸ਼ੀਲ ਸੋਨੀ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ’ਟੀਮ’ ਨੇ ਵਿਆਪਕ ਨਜਾਇਜ਼ ਮਾਇਨਿੰਗ ਕੀਤੀ ਹੈ ਤੇ ਉਹਨਾਂ ਨੇ ਦੋਵਾਂ ਦੀਆਂ ਜਾਇਦਾਦਾਂ ਦੇ ਨਾਲ-ਨਾਲ ਉਹਨਾਂ ਵੱਲੋਂ ਕੀਤੀ ਗੈਰ ਕਾਨੂੰਨੀ ਮਾਇਨਿੰਗ ਦੀ ਸੀ ਬੀ ਆਈ ਜਾਂਚ ਦੀ ਮੰਗ ਕੀਤੀ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਸ੍ਰੀ ਵਿਵੇਕਸ਼ੀਲ ਸੋਨੀ ਨੇ ਨਾ ਸਿਰਫ ਐਨ ਜੀ ਟੀ ਬਲਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਦੀ ਵੀ ਉਲੰਘਣਾ ਕੀਤੀ ਤੇ ਸ੍ਰੀ ਹਰਜੋਤ ਬੈਂਸ ਦੇ ਪਰਿਵਾਰ ਦੇ ਮਾੜੇ ਕਰਮਾਂ ’ਤੇ ਪਰਦਾ ਪਾਉਣ ਦਾ ਵੀ ਯਤਨ ਕੀਤਾ ਜਦੋਂ ਕਿ ਮੰਤਰੀ ਸਮੇਤ ਉਹਨਾਂ ਦਾ ਸਾਰਾ ਪਰਿਵਾਰ ਗੈਰ ਕਾਨੂੰਨੀ ਮਾਇਨਿੰਗ ਵਿਚ ਸ਼ਾਮਲ ਹੈ। ਉਹਨਾਂ ਕਿਹਾ ਕਿ ਇਹਨਾਂ ਸਾਰੇ ਲੋਕਾਂ ਵੱਲੋਂ ਵਿਦੇਸ਼ਾਂ ਵਿਚ ਬਣਾਈਆਂ ਜਾਇਦਾਦਾਂ ਸਮੇਤ ਸਾਰੀਆਂ ਬੇਨਾਮੀ ਜਾਇਦਾਦਾਂ ਦੀ ਜਾਂਚ ਹੋਣੀ ਚਾਹੀਦੀ ਹੈ।
ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਸ੍ਰੀ ਵਿਵੇਕਸ਼ੀਲ ਸੋਨੀ ਨੇ ਉਸ ਥਾਂ ’ਤੇ ਨਜਾਇਜ਼ ਮਾਇਨਿੰਗ ਦੀ ਐਫ ਆਈ ਆਰ ਦਰਜ ਕਰ ਕੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸਨੂੰ ਈ ਡੀ ਨੇ ਜ਼ਬਤ ਕੀਤਾ ਹੋਇਆ ਹੈ। ਉਹਨਾਂ ਦੱਸਿਆ ਕਿ ਜਦੋਂ ਇਹ ਗੱਲ ਜੱਗ ਜ਼ਾਹਰ ਹੋਈ ਕਿ ਰੋਪੜ ਪੁਲਿਸ ਨੇ ਕੇਸ ਵਿਚ ਐਫ ਆਈ ਆਰ ਦਰਜ ਕੀਤੀ ਹੈ ਤਾਂ ਜਿਸ ਪਿੰਡ ਦੀ ਉਹ ਥਾਂ ਹੈ, ਉਸਦਾ ਐਫ ਆਈ ਆਰ ਵਿਚ ਨਾਂ ਬਦਲ ਕੇ ਐਫ ਆਈ ਆਰ ਨੂੰ ਹੀ ਬੇਲੋੜੀ ਬਣਾ ਦਿੱਤਾ ਗਿਆ।
ਸਰਦਾਰ ਮਜੀਠੀਆ ਨੇ ਕਿਹਾ ਕਿ ਪਹਿਲਾਂ ਵੀ ਇਸ ਪੁਲਿਸ ਅਫਸਰ ਦੀ ਹਾਈ ਕੋਰਟ ਨੇ ਐਫ ਆਈ ਆਰਾਂ ਵਿਚ ਨਸ਼ਾ ਤਸਕਰਾਂ ਦੇ ਨਾਂ ਸ਼ਾਮਲ ਨਾ ਕਰਨ ’ਤੇ ਖਿਚਾਈ ਕੀਤੀ ਸੀ। ਉਹਨਾਂ ਕਿਹਾ ਕਿ ਜਸਟਿਸ ਸਹਿਰਾਵਤ ਨੇ ਐਸ ਐਸ ਪੀ ਨੂੰ ਇਹ ਵੀ ਕਿਹਾ ਸੀ ਕਿ ਉਹ ਗੈਰ ਕਾਨੂੰਨੀ ਮਾਇਨਿੰਗ ਮਾਮਲੇ ਵਿਚ ਦਰਜ ਐਫ ਆਈ ਆਰ ਦੇ ਨਾਲ-ਨਾਲ ਅਪਰਾਧ ਮੀਟਿੰਗਾਂ ਦੇ ਵੇਰਵੇ ਪੇਸ਼ ਕਰਨ ਤੇ ਇਹ ਵੀ ਦੱਸਣ ਕਿ ਨਸ਼ਾ ਤਸਕਰੀ ਵਿਚ ਸ਼ਾਮਲ ਲੋਕਾਂ ਖਿਲਾਫ ਕਾਰਵਾਈ ਵਿਚ ਦੇਰੀ ਕਿਉਂ ਹੋਈ।
ਅਕਾਲੀ ਆਗੂ ਨੇ ਕਿਹਾ ਕਿ ਸਰਕਾਰੀ ਖ਼ਜ਼ਾਨੇ ਨੂੰ ਹਜ਼ਾਰਾਂ ਕਰੋੜਾਂ ਰੁਪਏ ਦਾ ਨੁਕਸਾਨ ਪਹੁੰਚਾਉਣ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜਿਹਨਾਂ ਨੇ ਰੇਤ ਮਾਇਨਿੰਗ ਤੋਂ 20 ਹਜ਼ਾਰ ਕਰੋੜ ਰੁਪਏ ਦੀ ਗਰੰਟੀ ਦਿੱਤੀ ਸੀ, ਸ੍ਰੀ ਵਿਵੇਕਸ਼ੀਲ ਸੋਨੀ ਨੂੰ ਐਸ ਐਸ ਪੀ ਮੋਗਾ ਲਗਾ ਕੇ ਇਨਾਮ ਦਿੱਤਾ ਗਿਆ।
ਸਰਦਾਰ ਮਜੀਠੀਆ ਨੇ ਇਹ ਵੀ ਦੱਸਿਆ ਕਿ ਕਿਵੇਂ ਨਜਾਇਜ਼਼ ਮਾਇਨਿੰਗ ਨਾਲ ਪ੍ਰਮੁੱਖ ਬੁਨਿਆਦੀ ਢਾਂਚੇ ਖ਼ਤਰੇ ਵਿਚ ਹਨ ਤੇ ਉਹਨਾਂ ਨੇ ਸ੍ਰੀ ਆਨੰਦਪੁਰ ਸਾਹਿਬ ਵਿਚ ਸਤਲੁਜ ਦਰਿਆ ’ਤੇ ਬਣੇ ਪੁੱਲ ਦੀ ਉਦਾਹਰਣ ਦਿੱਤੀ ਜੋ ਗੈਰ ਕਾਨੂੰਨੀ ਮਾਇਨਿੰਗ ਕਾਰਨ ਢਹਿ ਢੇਰੀ ਹੋਣ ਕੰਢੇ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ਦੇ ਨਾਲ-ਨਾਲ ਕਈ ਰੱਖਿਆ ਪ੍ਰਾਜੈਕਟ ਵੀ ਨਜਾਇਜ਼ ਮਾਇਨਿੰਗ ਕਾਰਨ ਖ਼ਤਰੇ ਵਿਚ ਹਨ ਤੇ ਇਸ ਗੱਲ ’ਤੇ ਹਾਈਕੋਰਟ ਨੇ ਵੀ ਚਿੰਤਾ ਜ਼ਾਹਰ ਕੀਤੀ ਸੀ। ਉਹਨਾਂ ਕਿਹਾ ਕਿ ਹਾਈ ਕੋਰਟ ਨੇ ਇਹ ਵੀ ਕਿਹਾ ਸੀ ਕਿ ਕੌਮਾਂਤਰੀ ਸਰਹੱਦ ਦੇ ਨਾਲ ਨਜਾਇਜ਼ ਮਾਇਨਿੰਗ ਕਾਰਨ ਕੌਮੀ ਸੁਰੱਖਿਆ ਖ਼ਤਰੇ ਵਿਚ ਹੈ। ਉਹਨਾਂ ਨੇ ਖਡੂਰ ਸਾਹਿਬ ਵਿਚ ਨਜਾਇਜ਼ ਮਾਇਨਿੰਗ ਦੀ ਉਦਾਹਰਣ ਵੀ ਜਿਥੇ ਦਿੱਤੀ ਇਕ ਇਮਾਨਦਾਰ ਤੇ ਕਾਬਲ ਅਫਸਰ ਐਸ ਐਸ ਪੀ ਗੁਰਮੀਤ ਸਿੰਘ ਚੌਹਾਨ ਨੂੰ ਇਸ ਕਰ ਕੇ ਬਦਲ ਦਿੱਤਾ ਗਿਆ ਕਿ ਉਹਨਾਂ ਨੇ ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਜੀਜਾ ਨੂੰ ਗ੍ਰਿਫਤਾਰ ਕੀਤਾ ਸੀ।
ਅਕਾਲੀ ਆਗੂ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਆਪ ਸਰਕਾਰ ਗੈਰ ਕਾਨੂੰਨੀ ਮਾਇਨਿੰਗ ਨੂੰ ਸਾਰੇ ਨਜ਼ਾਇਜ਼ ਰੇਤਾ ਢੋਹਣ ਵਾਲੇ ਸਾਰੇ ਟਰੱਕਾਂ ਵਾਲਿਆਂ ਤੋਂ 6 ਰੁਪਏ ਪ੍ਰਤੀ ਕਿਊਬਿਕ ਫੁੱਟ ਲੈ ਕੇ ਜਾਇਜ਼ ਵਿਚ ਬਦਲ ਰਹੀ ਹੈ। ਉਹਨਾਂ ਕਿਹਾ ਕਿ ਕਿਸੇ ਵੀ ਸੂਬੇ ਵਿਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਤਾਂ ਵਰਜਿਨ ਟਾਪੂ ਬਣ ਗਿਆ ਜਿਥੇ ਗੈਰ ਕਾਨੂੰਨੀ ਸਮੱਗਲਰਾਂ ਤੋਂ ਕੋਈ ਸਵਾਲ ਨਹੀਂ ਪੁੱਛਿਆ ਜਾਂਦਾ ਭਾਵੇਂ ਸਮੱਗਰੀ ਸੂਬੇ ਤੋਂ ਆ ਰਹੀ ਹੈ ਜਾਂ ਬਾਹਰੋਂ ਆ ਰਹੀ ਹੈ।