ਚੰਡੀਗੜ•/19 ਮਾਰਚ:ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੱਧੂ, ਉਹਨਾਂ ਦੀ ਪਤਨੀ ਬੀਬੀ ਨਵਜੋਤ ਕੌਰ ਸਿੱਧੂ ਅਤੇ ਉਹਨਾਂ ਦੇ ਸਾਥੀਆਂ ਖ਼ਿਥਲਾਫ ਪੰਜਾਬ ਅਤੇ ਹਰਿਆਣਾ ਕੋਰਟ ਵੱਲੋਂ ਲਿਫਾਫਾ-ਬੰਦ ਕੀਤੀ ਐਸਟੀਐਫ ਰਿਪੋਰਟ ਨੂੰ ਜਾਰੀ ਕਰਨ ਲਈ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ।
ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਨੇ ਸਿੱਧੂ ਜੋੜੀ ਦੁਆਰਾ ਕੀਤੀ ਪ੍ਰੈਸ ਕਾਨਫਰੰਸ ਦੀ ਇੱਕ ਵੀਡਿਓ ਵਿਖਾ ਕੇ ਪੁੱਛਿਆ ਕਿ ਬੀਬੀ ਸਿੱਧੂ ਨੇ ਕਿਸ ਹੈਸੀਅਤ ਵਿਚ ਸਿੱਧੂ ਟੀਮ ਵੱਲੋਂ ਬਣਾਈ ਮਨਘੜਤ ਅਤੇ ਝੂਠੀ ਰਿਪੋਰਟ ਫੜੀ ਹੋਈ ਹੈ। ਉਹਨਾਂ ਨੇ ਇਹ ਵੀ ਪੁੱਛਿਆ ਕਿ ਬੀਬੀ ਸਿੱਧੂ ਨੇ ਕਿਸ ਹੈਸੀਅਤ ਵਿਚ ਇਹ ਰਿਪੋਰਟ ਹਾਸਿਲ ਕੀਤੀ ਸੀ। ਉਹਨਾਂ ਕਿਹਾ ਕਿ ਇਸ ਗੱਲ ਦੀ ਕੋਈ ਤੁਕ ਨਹੀਂ ਬਣਦੀ ਕਿ ਇਕ ਲਿਫਾਫਾ-ਬੰਦ ਰਿਪੋਰਟ, ਜਿਸ ਨੂੰ ਹਾਈਕੋਰਟ ਦੀਆਂ ਹਦਾਇਤਾਂ ਉਤੇ ਦੁਬਾਰਾ ਬੰਦ ਕੀਤਾ ਗਿਆ ਹੋਵੇ, ਨੂੰ ਕਿਸੇ ਵੀ ਸਰਕਾਰੀ ਅਹੁਦੇ ਉੱਤੇ ਨਾ ਬੈਠੀ ਔਰਤ ਅਤੇ ਇਸ ਦਸਤਾਵੇਜ ਨੂੰ ਹਾਸਿਲ ਕਰਨ ਦੀ ਤਾਕਤ ਨਾ ਰੱਖਣ ਵਾਲਾ ਬੰਦਾ ਚੁੱਕੀ ਫਿਰਦੇ ਹੋਣ। ਸਿਰਫ ਕੇਸ ਦਰਜ ਕਰਕੇ ਕੀਤੀ ਜਾਂਚ ਹੀ ਇਸ ਸਾਰੀ ਸਾਜ਼ਿਸ਼ ਅਤੇ ਇਸ ਨਾਲ ਜੁੜੇ ਲੋਕਾਂ ਦੇ ਚਿਹਰਿਆਂ ਨੂੰ ਨੰਗਾ ਕਰ ਸਕਦੀ ਹੈ। ਉਹਨਾਂ ਕਿਹਾ ਕਿ ਜਿੱਥੋਂ ਤਕ ਉਹਨਾਂ ਦਾ ਸੰਬੰਧ ਹੈ , ਸਾਰੇ ਤੱਥ ਬਿਲਕੁੱਲ ਸਪੱਸ਼ਟ ਹਨ। ਮੇਰਾ ਅਕਸ ਖਰਾਬ ਕਰਨ ਲਈ ਸਿੱਧੂ ਐਂਡ ਸੰਨਜ਼ ਦਾ ਟੋਲਾ ਇਕੱਠਾ ਹੋ ਗਿਆ ਹੈ।
ਐਸਟੀਐਫ ਦੀ ਰਿਪੋਰਟ ਦੇ ਲੀਕ ਹੋਣ ਦੀ ਘਟਨਾ ਨੂੰ ਇੱਕ ਗੰਭੀਰ ਅਪਰਾਧਿਕ ਮਾਣਹਾਨੀ ਕਰਾਰ ਦਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ ਇਹ ਮਾਮਲਾ ਇੱਕ ਬਹੁਤ ਵੱਡੀ ਸਾਜ਼ਿਸ਼ ਪ੍ਰਤੀਤ ਹੁੰਦਾ ਹੈ, ਜਿਸ ਵਿਚ ਨਿਆਂਇਕ ਪ੍ਰਕਿਰਿਆ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਹ ਕਦੇ ਨਹੀਂ ਸੁਣਿਆ ਕਿ ਹਾਈ ਕੋਰਟ ਦੇ ਹੁਕਮਾਂ ਉੱਤੇ ਸੀਲ ਕੀਤੀ ਹੋਈ ਇੱਕ ਰਿਪੋਰਟ ਅਣਅਧਿਕਾਰਤ ਵਿਅਕਤੀਆਂ ਦੇ ਹੱਥਾਂ ਵਿਚ ਚਲੀ ਗਈ ਹੈ।
ਐਸਟੀਐਫ ਮੁਖੀ ਹਰਪ੍ਰੀਤ ਸਿੱਧੂ ਬਾਰੇ ਬੋਲਦਿਆਂ ਸਾਬਕਾ ਮੰਤਰੀ ਨੇ ਕਿਹਾ ਕਿ ਉਹ ਇਸ ਅਧਿਕਾਰੀ ਦਾ ਧੰਨਵਾਦ ਕਰਨਾ ਚਾਹੁੰਦੇ ਹਨ ਕਿ ਉਸ ਨੇ ਕਬੂਲ ਕਰ ਲਿਆ ਹੈ ਕਿ ਉਹ ਦੋਵੇਂ ਨਾਰਾਜ਼ ਰਿਸ਼ਤੇਦਾਰ ਹਨ। ਉਹਨਾਂ ਅਧਿਕਾਰੀ ਨੂੰ ਇਹ ਵੀ ਚੇਤੇ ਕਰਵਾਇਆ ਕਿ ਉਹ ਇਹ ਬਿਆਨ ਦੇ ਕੇ ਬਚ ਨਹੀਂ ਸਕਦਾ ਕਿ ਉਸ ਨੇ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਹੈ। ਉਹਨਾਂ ਕਿਹਾ ਕਿ ਇੱਥੇ ਨੈਤਿਕਤਾ ਅਤੇ ਇਨਸਾਨੀਅਤ ਦੀ ਵੀ ਇੱਕ ਧਾਰਾ ਹੈ। ਤੁਹਾਨੂੰ ਦੱਸਣਾ ਚਾਹੀਦਾ ਹੈ ਕਿ ਕੀ ਇਹ ਧਾਰਾ ਤੁਹਾਡੇ ਉੱਤੇ ਲਾਗੂ ਹੁੰਦੀ ਹੈ ਜਾਂ ਤੁਸੀਂ ਆਪਣੇ ਆਪ ਵਿਚ ਹੀ ਇੱਕ ਕਾਨੂੰਨ ਹੋ।
ਇਹ ਟਿੱਪਣੀ ਕਰਦਿਆਂ ਕਿ ਹਰਪ੍ਰੀਤ ਸਿੱਧੂ ਅਤੇ ਉਹ ਦੋਵੇਂ ਕਰੀਬੀ ਰਿਸ਼ਤੇਦਾਰ ਹਨ, ਉਹਨਾਂ ਦੇ ਭੂਆ ਜੀ ਹਰਪ੍ਰੀਤ ਸਿੱਧੂ ਦੇ ਮਾਸੀ ਜੀ ਸਨ, ਅਕਾਲੀ ਆਗੂ ਨੇ ਕਿਹਾ ਕਿ ਐਸਟੀਐਫ ਮੁਖੀ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਉਹਨਾਂ ਨਿੱਜੀ ਕਿੜਾਂ ਕੱਢਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹਨ। ਉਹਨਾਂ ਕਿਹਾ ਕਿ ਮਜੀਠੀਆ ਪਰਿਵਾਰ ਨਾਲ ਪੰਜ ਸਾਲ ਮਗਰੋਂ ਖੁੰਦਕ ਕੱਢਣ ਲਈ ਇੱਕ ਸਾਜ਼ਿਸ਼ ਰਚੀ ਗਈ ਹੈ।
ਸਾਬਕਾ ਮੰਤਰੀ ਨੇ ਕਿਹਾ ਕਿ ਐਸਟੀਐਫ ਮੁਖੀ ਇਹ ਵੀ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹਨਾਂ ਵਿਚਕਾਰ ਨਾਰਾਜ਼ਗੀ ਦੀ ਵਜ•ਾ ਕੀ ਰਹੀ ਸੀ? ਉਹਨਾਂ ਕਿਹਾ ਕਿ ਇਸ ਅਧਿਕਾਰੀ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਜੇਕਰ ਅਜਿਹਾ ਕੋਈ ਟਕਰਾਅ ਨਹੀਂ ਸੀ ਤਾਂ ਰਿਪੋਰਟ ਦੀਆਂ ਸੀਲਾਂ ਕਿਵੇਂ ਟੁੱਟੀਆਂ ਅਤੇ ਇਹ ਸਿੱਧੂ ਜੋੜੀ ਦੇ ਹੱਥਾਂ ਵਿਚ ਕਿਵੇਂ ਪਹੁੰਚੀ?
ਸਰਦਾਰ ਮਜੀਠੀਆ ਨੇ ਕਿਹਾ ਕਿ ਇਸ ਨਾਟਕ ਦੇ ਸਾਰੇ ਕਲਾਕਾਰਾਂ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਜਿਸ ਰਿਪੋਰਟ ਦੀ ਨਿਗਰਾਨੀ ਹਾਈ ਕੋਰਟ ਵੱਲੋਂ ਕੀਤੀ ਜਾ ਰਹੀ ਸੀ ਅਤੇ ਜਿਸ ਉੱਤੇ ਸਰਕਾਰ ਨੇ ਆਪਣੀ ਰਿਪੋਰਟ ਅਜੇ ਪੇਸ਼ ਕਰਨੀ ਸੀ, ਉਸ ਨੂੰ ਜਾਰੀ ਕਰਨ ਦੀ ਅਜਿਹੀ ਕਿਹੜੀ ਹੰਗਾਮੀ ਸਥਿਤੀ, ਜਾਂ ਨਿੱਜੀ ਏਜੰਡਾ ਪੈਦਾ ਹੋ ਗਿਆ ਸੀ।