ਸਾਡੇ ਰਾਈਪੇਰੀਅਨ ਦਾਅਵੇ ਦਾ ਆਧਾਰ ਖਤਮ ਕਰਨ ਦੀ ਸਾਜ਼ਿਸ਼
ਅਕਾਲੀ ਦਲ ਨੇ ਪੰਜਾਬ ਦੀ ਜੀਵਨ ਰੇਖਾ ਵੇਚਣ ਵਿਰੁੱਧ ਦਿੱਤੀ ਚੇਤਾਵਨੀ
ਰਾਈਪੇਰੀਅਨ ਸਿਧਾਂਤਾਂ ਦੇ ਖਿਲਾਫ ਪਾਣੀ ਦੀ ਇਕ ਬੂੰਦ ਵੀ ਨਹੀਂ ਲੈਣ ਦਿਆਂਗੇ : ਸੁਖਬੀਰ ਸਿੰਘ ਬਾਦਲ
ਚੰਡੀਗੜ੍ਹ, 4 ਜਨਵਰੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਆਪ ਸਰਕਾਰ ਵੱਲੋਂ ਪੰਜਾਬ ਦੇ ਦਰਿਆਈ ਪਾਣੀਆਂ ’ਤੇ ਇਸਦੇ ਰਾਈਪੇਰੀਅਨ ਆਧਾਰਿਤ ਹੱਕ ਨੂੰ ਤਬਾਹ ਕਰਨ ਦੀ ਸਾਜ਼ਿਸ਼ ਰਚਣ ਨੁੰ ਕਰੜੇ ਹੱਥੀਂ ਲਿਆ ਤੇ ਕਿਹਾ ਕਿ ਭਗਵੰਤ ਮਾਨ ਦਰਿਆਵਾਂ ਨੂੰ ਜੋੜ ਕੇ ਪੰਜਾਬ ਦੇ ਦਰਿਆਈ ਪਾਣੀਆਂ ਦਾ ਕੰਟਰੋਲ ਕੇਂਦਰ ਹੱਥ ਦੇਣ ਦੀ ਸਾਜ਼ਿਸ਼ ਰਚ ਰਹੇ ਹਨ।
ਉਹਨਾਂ ਕਿਹਾ ਕਿ ਯਮੁਨਾ ਨੂੰ ਸਤਲੁਜ ਨਾਲ ਜੋੜਨ ਦਾ ਸਾਰਾ ਵਿਚਾਰ ਹੀ ਪੰਜਾਬ ਦੇ ਦਾਅਵੇ ਦੇ ਸੰਵਿਧਾਨਕ ਅਧਿਕਾਰ ਨੂੰ ਖ਼ਤਮ ਕਰਨ ਦੀ ਪੁਰਾਣੀ ਸਾਜ਼ਿਸ਼ ਹੈ ਤੇ ਇਸ ਸਾਜ਼ਿਸ਼ ਦਾ ਅਕਾਲੀ ਦਲ ਨੇ ਹਮੇਸ਼ਾ ਵਿਰੋਧ ਕਰ ਕੇ ਇਸਨੂੰ ਅਸਫਲ ਬਣਾਇਆ ਹੈ। ਉਹਨਾਂ ਕਿਹਾ ਕਿ ਦਰਿਆਵਾਂ ਨੂੰ ਜੋੜਨ ਦਾ ਮਕਸਦ ਸਤਲੁਜ ਦਾ ਪਾਣੀ ਹਰਿਆਣਾ ਤੱਕ ਲਿਜਾਣਾ ਹੈ ਤੇ ਪਾਣੀ ਦੀ ਸਾਂਝ ਤਾਂ ਇਕ ਬਹਾਨਾ ਹੈ।
ਉਹਨਾਂ ਕਿਹਾ ਕਿ ਇਹ ਸਾਰਾ ਵਿਚਾਰ ਹੀ ਮੂਰਖਤਾ ਭਰਿਆ ਹੈ। ਉਹਨਾਂ ਕਿਹਾ ਕਿ ਜੇਕਰ ਹਰਿਆਣਾ ਨੇ ਸਾਂਝੇ ਪਾਣੀਆਂ ਵਿਚੋਂ ਹੀ ਯਮੁਨਾ ਦਾ ਪਾਣੀ ਵਰਤਣਾ ਹੈ ਤਾਂ ਫਿਰ ਉਸਨੂੰ ਇਹੀ ਆਖਿਆ ਜਾਣਾ ਚਾਹੀਦਾ ਹੈ ਕਿ ਉਹ ਹੁਣ ਜਿਵੇਂ ਯਮੁਨਾ ਦਾ ਪਾਣੀ ਵਰਤ ਰਿਹਾ ਹੈ, ਉਸੇ ਤਰੀਕੇ ਵਰਤਦਾ ਰਹੇ। ਉਹਨਾਂ ਕਿਹਾ ਕਿ ਦਰਿਆਵਾਂ ਨੂੰ ਜੋੜਨ ਦੇ ਪਿੱਛੇ ਮਕਸਦ ਪੰਜਾਬ ਤੋਂ ਇਸਦੇ ਦਰਿਆਈ ਪਾਣੀ ਖੋਹਣਾ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਇਸ ਸਾਜ਼ਿਸ਼ ਦਾ ਡਟਵਾਂ ਵਿਰੋਧ ਕਰੇਗਾ ਅਤੇ ਪੰਜਾਬ ਦਾ ਇਕ ਬੂੰਦ ਪਾਣੀ ਵੀ ਸਥਾਪਿਤ ਰਾਈਪੇਰੀਅਨ ਸਿਧਾਂਤਾਂ ਦੇ ਉਲਟ ਜਾ ਕੇ ਸਾਡੇ ਤੋਂ ਖੋਹਣ ਦੀ ਆਗਿਆ ਨਹੀਂ ਦੇਵੇਗਾ।