ਇਸ ਪ੍ਰਾਜੈਕਟ ਵਾਸਤੇ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਭੇਜਿਆ ਸੀ ਪ੍ਰਸਤਾਵ
ਕਿਹਾ ਕਿ ਨਹਿਰਾਂ ਦੀ ਮੁਰੰਮਤ ਦਾ ਇਹ ਪ੍ਰਾਜੈਕਟ ਮਾਲਵਾ ਖੇਤਰ ਵਿਚ 84,800 ਏਕੜ ਜ਼ਮੀਨ ਨੂੰ ਸੇਮ ਦੀ ਮਾਰ ਤੋਂ ਬਚਾਏਗਾ
ਚੰਡੀਗੜ•/26ਸਤੰਬਰ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਸਰਹਿੰਦ ਅਤੇ ਰਾਜਸਥਾਨ ਫੀਡਰ ਨਹਿਰਾਂ ਦੀ ਮੁਰੰਮਤ ਵਾਸਤੇ ਇੱਕੋ ਵਾਰੀ 1976 ਕਰੋੜ ਰੁਪਏ ਦੀ ਕੇਂਦਰੀ ਸਹਾਇਤਾ ਦੀ ਮਨਜ਼ੂਰੀ ਦੇਣ ਵਾਸਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਇਸ ਸਹਾਇਤਾ ਵਾਸਤੇ ਪ੍ਰਸਤਾਵ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਭੇਜਿਆ ਗਿਆ ਸੀ।
ਲਗਾਤਾਰ 2007 ਤੋਂ ਲੈ ਕੇ ਇਹਨਾਂ ਪ੍ਰਾਜੈਕਟਾਂ ਲਈ ਉਪਰਾਲੇ ਕਰਦੇ ਆ ਰਹੇ ਸਰਦਾਰ ਬਾਦਲ ਨੇ ਇਸ ਸੰਬੰਧੀ ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਹਨਾਂ ਪ੍ਰਾਜੈਕਟਾਂ ਨੂੰ ਮਿਲੀ ਮਨਜ਼ੂਰੀ ਸਦਕਾ ਪੰਜਾਬ ਦੇ ਮਾਲਵਾ ਖੇਤਰ ਵਿਚ ਸੇਮ ਦੀ ਸਮੱਸਿਆ ਹੱਲ ਹੋ ਜਾਵੇਗੀ ਅਤੇ ਇਸ ਨਾਲ ਪੰਜਾਬ ਅਤੇ ਰਾਜਸਥਾਨ ਵਿਚ ਸਿੰਚਾਈ ਦੀਆਂ ਸਹੂਲਤਾਂ ਵਿਚ ਚੋਖਾ ਸੁਧਾਰ ਹੋਵੇਗਾ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਕੇਂਦਰੀ ਪਾਣੀ ਕਮਿਸ਼ਨ ਉੱਤੇ ਇਸ ਪ੍ਰਾਜੈਕਟ ਦਾ ਨਿਰੀਖਣ ਕਰਨ ਵਾਸਤੇ ਜ਼ੋਰ ਪਾਇਆ ਸੀ ਅਤੇ 2009 ਵਿਚ ਇਸ ਵਾਸਤੇ ਨਿਵੇਸ਼ ਦੀ ਪ੍ਰਵਾਨਗੀ ਵੀ ਲਈ ਸੀ। ਉਹਨਾਂ ਕਿਹਾ ਕਿ ਯੂਪੀਏ ਸਰਕਾਰ ਵੱਲੋਂ ਇਸ ਸੰਬੰਧੀ ਇੱਕੋ ਵਾਰੀ ਸਾਰੇ ਫੰਡ ਜਾਰੀ ਨਾ ਕੀਤੇ ਜਾਣ ਕਰਕੇ ਇਸ ਉੱਤੇ ਕੰਮ ਸ਼ੁਰੂ ਨਹੀਂ ਸੀ ਹੋ ਸਕਿਆ। ਉਹਨਾਂ ਕਿਹਾ ਕਿ ਸਿੰਚਾਈ ਅਤੇ ਪੀਣ ਵਾਲੇ ਪਾਣੀ ਦੀਆਂ ਲੋੜਾਂ ਕਰਕੇ ਇਹਨਾਂ ਨਹਿਰਾਂ ਨੂੰ ਮੁਕੰਮਲ ਰੂਪ ਵਿਚ ਬੰਦ ਨਹੀਂ ਕੀਤਾ ਜਾ ਸਕਦਾ, ਇਸ ਲਈ ਇਹਨਾਂ ਦੀ ਮੁਰੰਮਤ ਦਾ ਕੰਮ ਇੱਕੋ ਵਾਰੀ ਵਿਚ ਕਰਨਾ ਪੈਣਾ ਹੈ। ਇਹਨਾਂ ਪ੍ਰਾਜੈਕਟਾਂ ਦੀ ਅਹਿਮੀਅਤ ਨੂੰ ਸਮਝਣ ਲਈ ਅਤੇ ਇਸ ਵਾਸਤੇ ਲੋੜੀਂਦੇ ਫੰਡਾਂ ਨੂੰ ਮਨਜ਼ੂਰੀ ਦੇਣ ਲਈ ਮੈਂ ਸ੍ਰੀ ਨਰਿੰਦਰ ਮੋਦੀ ਜੀ ਦਾ ਧੰਨਵਾਦੀ ਹਾਂ।
ਸਰਦਾਰ ਬਾਦਲ ਨੇ ਕਿਹਾ ਕਿ ਵੱਖ ਵੱਖ ਥਾਂਵਾਂ ਤੋਂ ਹੋਈ ਟੁੱਟ ਭੰਨ ਕਰਕੇ ਇਹਨਾਂ ਨਹਿਰਾਂ ਦੀ ਮੁਰੰਮਤ ਦੀ ਸਖ਼ਤ ਲੋੜ ਸੀ। ਉਹਨਾਂ ਕਿਹਾ ਕਿ ਰਾਜਸਥਾਨ ਵਿਚੋਂ ਵੀ ਨਹਿਰ ਦੇ ਟੁੱਟਣ ਦੀਆਂ ਸ਼ਿਕਾਇਤਾਂ ਆਈਆਂ ਸਨ। ਇਹਨਾਂ ਦੋਵੇਂ ਨਹਿਰਾਂ ਦੀ ਉਸਾਰੀ 1960 ਵਿਚ ਹੋਈ ਸੀ। ਇਹਨਾਂ ਦੀ ਨਹਿਰਾਂ ਦੀ ਸਿੰਚਾਈ ਦੀ ਸਮਰੱਥਾ ਘਟਣ ਅਤੇ ਸੇਮ ਦੀਆਂ ਸ਼ਿਕਾਇਤਾਂ ਕਰਕੇ ਦੋਹਾਂ ਦੀ ਮੁਰੰਮਤ ਦੀ ਜਰੂਰਤ ਸੀ। ਉਹਨਾਂ ਕਿਹਾ ਕਿ ਹੁਣ 671 ਕਰੋੜ ਰੁਪਏ ਸਰਹਿੰਦ ਨਹਿਰ ਦੀ ਮੁਰੰਮਤ ਲਈ ਮਨਜ਼ੂਰ ਕੀਤੇ ਗਏ ਹਨ ਅਤੇ 1305 ਕਰੋੜ ਰੁਪਏ ਰਾਜਸਥਾਨ ਫੀਡਰ ਦੀ ਮੁਰੰਮਤ ਲਈ ਮਨਜ਼ੂਰ ਕੀਤੇ ਗਏ ਹਨ। ਮੁਰੰਮਤ ਹੋਣ ਮਗਰੋ ਸਰਹੰਦ ਨਹਿਰ ਰਾਂਹੀ 69000 ਹੈਕਟੇਅਰ ਜ਼ਮੀਨ ਉੱਤੇ ਅਤੇ ਰਾਜਸਥਾਨ ਫੀਡਰ ਰਾਹੀਂ 98000 ਹੈਕਟੇਅਰ ਜ਼ਮੀਨ ਉੱਤੇ ਸਿੰਚਾਈ ਦੀਆਂ ਸਹੂਲਤਾਂ ਵਿਚ ਸੁਧਾਰ ਹੋਵੇਗਾ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਹਨਾਂ ਨਹਿਰਾਂ ਦੀ ਮੁਰੰਮਤ ਦੱਖਣੀ-ਪੱਛਮੀ ਪੰਜਾਬ ਦੇ ਮੁਕਤਸਰ, ਫਰੀਦਕੋਟ ਅਤੇ ਫਿਰੋਜ਼ਪੁਰ ਜ਼ਿਲਿ•ਆਂ ਵਿਚ ਸੇਮ ਦੀ ਸਮੱਸਿਆ ਹੱਲ ਕਰ ਦੇਵੇਗੀ । ਇਸ ਤੋਂ ਇਲਾਵਾ ਸੇਮ ਨਾਲ ਖਰਾਬ ਹੋਈ ਜ਼ਮੀਨ ਦੁਬਾਰਾ ਇਸਤੇਮਾਲ ਵਿਚ ਲਿਆਂਦੀ ਜਾਵੇਗੀ, ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਸੁਧਾਰ ਹੋਵੇਗਾ ਅਤੇ ਪਾਣੀ ਦੀ ਸੰਭਾਲ ਹੋਵੇਗੀ। ਉਹਨਾਂ ਕਿਹਾ ਕਿ ਦੱਖਣੀ ਪੱਛਮੀ ਪੰਜਾਬ ਵਿਚ ਸੇਮ ਨਾਲ ਪ੍ਰਭਾਵਿਤ ਹੋਈ 84800 ਏਕੜ ਜ਼ਮੀਨ ਨੂੰ ਹੁਣ ਸੇਮ ਦੀ ਮਾਰ ਤੋਂ ਬਚਾਇਆ ਜਾ ਸਕੇਗਾ।
ਸਰਦਾਰ ਬਾਦਲ ਨੇ ਕਿਹਾ ਕਿ ਨਹਿਰਾਂ ਦੀ ਮੁਰੰਮਤ ਦੇ ਇਸ ਪ੍ਰਾਜੈਕਟ ਨਾਲ ਸਰਹੰਦ ਨਹਿਰ ਅਤੇ ਰਾਜਸਥਾਨ ਫੀਡਰ ਦੇ ਕ੍ਰਮਵਾਰ ਬਰਬਾਦ ਹੋ ਰਹੇ 256 ਕਿਊਸਕ ਅਤੇ 500 ਕਿਊਸਕ ਪਾਣੀ ਦੀ ਵੀ ਬਚਤ ਹੋਵੇਗੀ। ਉਹਨਾਂ ਕਿਹਾ ਕਿ ਇਹਨਾਂ ਦੋਵੇਂ ਨਹਿਰਾਂ ਦਾ ਵੱਡਾ ਹਿੱਸਾ ਪੰਜਾਬ ਵਿਚ ਹੋਣ ਕਰਕੇ ਇਸ ਪ੍ਰਾਜੈਕਟ ਨਾਲ ਇੱਥੇ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ।