ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਮਰਿੰਦਰ ਨੇ ਸੂਬੇ ਦੀ ਭਲਾਈ ਲਈ ਅਕਾਲੀ-ਭਾਜਪਾ ਸਰਕਾਰ ਦੀ ਨਸ਼ਿਆਂ ਖ਼ਿਲਾਫ ਲੜਾਈ ਵਿਚ ਸਹਿਯੋਗ ਦੇਣ ਦੀ ਥਾਂ ਰਾਹੁਲ ਦੇ 70 ਫੀਸਦੀ ਪੰਜਾਬੀਆਂ ਨੂੰ ਨਸ਼ੇੜੀ ਦੱਸਣ ਵਾਲੇ ਨਾਅਰੇ ਦਾ ਪ੍ਰਚਾਰ ਕੀਤਾ ਸੀ
ਅਮਰਿੰਦਰ ਨੂੰ ਕਿਹਾ ਕਿ ਦੂਜਿਆਂ ਉੱਤੇ ਜ਼ਿੰਮੇਵਾਰੀ ਸੁੱਟੀ ਬੰਦ ਕਰੇ ਅਤੇ ਪਵਿੱਤਰ ਗੁਟਕਾ ਹੱਥ ਵਿਚ ਲੈ ਕੇ ਕੀਤਾ ਨਸ਼ਿਆਂ ਨੂੰ ਚਾਰ ਹਫਤਿਆਂ ਵਿਚ ਖ਼ਤਮ ਕਰਨ ਦਾ ਵਾਅਦਾ ਪੂਰਾ ਕਰੇ
ਚੰਡੀਗੜ•/09 ਜੁਲਾਈ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ ਨਸ਼ਿਆਂ ਖ਼ਿਲਾਫ ਲੜਾਈ ਵਿਚ ਕਿਸੇ ਵੀ ਸਿਆਸੀ ਪਾਰਟੀ ਦੇ ਸਹਿਯੋਗ ਨੂੰ ਠੁਕਰਾ ਕੇ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਕ ਅਜਿਹੇ ਹੰਕਾਰੀ ਰਾਜੇ ਵਾਂਗ ਵਿਵਹਾਰ ਕਰ ਰਿਹਾ ਹੈ, ਜੋ ਕੋਈ ਗਲਤੀ ਕਰ ਹੀ ਨਾ ਸਕਦਾ ਹੋਵੇ। ਉਹਨਾਂ ਕਿਹਾ ਕਿ ਜਦਕਿ ਹਾਲਾਤ ਇਹ ਹਨ ਕਿ ਮੁੱਖ ਮੰਤਰੀ ਦੀ ਨਸ਼ਿਆਂ ਖਿਲਾਫ ਕਾਰਵਾਈ ਕਰਨ ਵਿਚ ਨਾਕਾਮੀ ਪੰਜਾਬ ਨੂੰ ਇੱਕ ਡੂੰਘੀ ਖੱਡ ਵੱਲ ਧੱਕ ਰਹੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਿਛਲੇ ਇੱਕ ਹਫ਼ਤੇ ਤੋਂ ਮੈਂ ਖੁਦ ਨੂੰ ਸ਼ਥਾਂਤ ਰੱਖਿਆ ਹੈ ਅਤੇ ਕੋਸ਼ਿਸ਼ ਕੀਤੀ ਹੈ ਕਿ ਠੋਸ ਕਾਰਵਾਈ ਕਰਨ ਵਾਸਤੇ ਤੁਹਾਨੂੰ ਕੁੰਭਕਰਨੀ ਨੀਂਦ ਤੋਂ ਜਗਾਇਆ ਜਾਵੇ। ਉਹਨਾਂ ਕਿਹਾ ਕਿ ਪਰ ਕਾਰਵਾਈ ਕਰਨ ਦੀ ਥਾਂ ਤੁਸੀਂ ਇਸ ਮਸਲੇ ਤੋਂ ਲੋਕਾਂ ਦੀ ਧਿਆਨ ਲਾਂਭੇ ਕਰਨ ਲਈ ਡੋਪ ਟੈਸਟਾਂ ਵਰਗੀ ਸਟੰਟਬਾਜ਼ੀ ਸ਼ੁਰੂ ਕਰ ਦਿੱਤੀ। ਤੁਸੀਂ ਖੁਦ ਵੀ ਆਪਣਾ ਡੋਪ ਟੈਸਟ ਕਰਵਾਉਣ ਦੀ ਪੇਸ਼ਕਸ਼ ਕਰ ਦਿੱਤੀ ਹੈ, ਬਿਨਾਂ ਇਹ ਸਮਝੇ ਕਿ ਦੁਨੀਆਂ ਭਰ ਦੇ ਪੰਜਾਬੀਆਂ ਵਿਚ ਇਸ ਦਾ ਇਹ ਸੁਨੇਹਾ ਜਾਵੇਗਾ ਕਿ ਤੁਸੀਂ ਵੀ ਇੱਕ ਸ਼ੱਕੀ ਹੋ। ਤੁਸੀਂ ਅਜਿਹੀ ਸਟੰਟਬਾਜ਼ੀ ਵਿਚ ਸਾਡੀਆਂ ਭੈਣਾਂ ਅਤੇ ਮਾਵਾਂ ਨੂੰ ਵੀ ਘਸੀਟ ਲਿਆ ਹੈ, ਬਿਨਾਂ ਇਹ ਜਾਣੇ ਕਿ ਅਜਿਹੀ ਕਾਰਵਾਈ ਨਾਲ ਅਸਲੀ ਮੁਜ਼ਰਮ ਬਚ ਕੇ ਨਿਕਲ ਜਾਣਗੇ।
ਮੁੱਖ ਮੰਤਰੀ ਨੂੰ ਇਹ ਸਮਝਾਉਂਦਿਆਂ ਕਿ ਉਸ ਨੂੰ ਉਹਨਾਂ ਧਿਰਾਂ ਵੱਲ ਉਂਗਲੀ ਨਹੀਂ ਉਠਾਉਣੀ ਚਾਹੀਦੀ, ਜਿਹੜੀਆਂ ਪੰਜਾਬ ਅਤੇ ਪੰਜਾਬੀਆਂ ਦੀ ਮੱਦਦ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਇਸ ਦੀ ਬਜਾਇ ਕੈਪਟਨ ਅਮਰਿੰਦਰ ਨੂੰ ਇਸ ਗੱਲ ਬਾਰੇ ਸੋਚਣਾ ਚਾਹੀਦਾ ਹੈ ਕਿ ਮੌਜੂਦਾ ਹਾਲਾਤ ਪੈਦਾ ਕਿਵੇਂ ਹੋਏ। ਉਹਨਾਂ ਕਿਹਾ ਕਿ ਇਹ ਤੁਹਾਡੀ ਪਾਰਟੀ ਦਾ ਪ੍ਰਧਾਨ ਰਾਹੁਲ ਗਾਂਧੀ ਹੈ, ਜਿਸ ਨੇ ਝੂਠਾ ਬਿਆਨ ਦਿੱਤਾ ਸੀ ਕਿ 70 ਫੀਸਦੀ ਪੰਜਾਬੀ ਗੱਭਰੂ ਨਸ਼ੇੜੀ ਹਨ। ਸੂਬੇ ਦੀ ਭਲਾਈ ਨੂੰ ਧਿਆਨ ਵਿਚ ਰੱਖਦਿਆਂ ਅਜਿਹੇ ਗਲਤ ਪ੍ਰਭਾਵ ਨੂੰ ਦਰੁਸਤ ਕਰਨ ਦੀ ਥਾਂ ਤੁਸੀਂ ਨਾ ਸਿਰਫ ਇਸ ਉੱਤੇ ਆਪਣੀ ਮੋਹਰ ਲਾ ਦਿੱਤੀ, ਸਗੋਂ ਇਸ ਦਾ ਅਗਾਂਹ ਵੀ ਪ੍ਰਚਾਰ ਕੀਤਾ। ਤੁਸੀਂ ਉਸ ਸਮੇਂ ਅਜਿਹੀ ਸਿਆਸੀ ਮੌਕਾਪ੍ਰਸਤੀ ਦਾ ਮੁਜ਼ਾਹਰਾ ਕਿਉਂ ਕੀਤਾ ਅਤੇ ਅਕਾਲੀ-ਭਾਜਪਾ ਸਰਕਾਰ ਨੂੰ ਇਸ ਲੜਾਈ ਖ਼ਿਲਾਫ ਆਪਣਾ ਸਹਿਯੋਗ ਦੇਣ ਦੀ ਪੇਸ਼ਕਸ਼ ਕਿਉਂ ਨਹੀਂ ਕੀਤੀ ਜਿਵੇਂ ਕਿ ਮੈਂ ਹੁਣ ਕੀਤੀ ਹੈ?
ਅਮਰਿੰਦਰ ਨੂੰ ਇਹ ਚੇਤੇ ਕਰਵਾਉਂਦਿਆਂ ਕਿ ਉਸ ਨੇ ਹੱਥ ਵਿਚ ਪਵਿੱਤਰ ਗੁਟਕਾ ਫੜ ਕੇ ਸਹੁੰ ਖਾਧੀ ਸੀ ਕਿ ਸੱਤਾ ਸੰਭਾਲਣ ਮਗਰੋਂ ਚਾਰ ਮਹੀਨਿਆਂ ਅੰਦਰ ਪੰਜਾਬ ਨੂੰ ਨਸ਼ਾ-ਮੁਕਤ ਕਰ ਦਿਆਂਗਾ, ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਗੱਲ ਬਿਲਕੁੱਲ ਸਾਫ ਹੈ ਕਿ ਤੁਸੀਂ ਆਪਣਾ ਵਾਅਦਾ ਪੂਰਾ ਕਰਨ ਵਿਚ ਨਾਕਾਮ ਹੋ ਗਏ ਹੋ। ਹੁਣ ਜਦੋਂ ਅਕਾਲੀ ਦਲ ਨੇ ਇਸ ਕੰਮ ਤੁਹਾਨੂੰ ਸਹਿਯੋਗ ਦੀ ਪੇਸ਼ਕਸ਼ ਕੀਤੀ ਹੈ ਤਾਂ ਤੁਸੀਂ ਇਸ ਨੂੰ ਸੰਜੀਦਗੀ ਨਾਲ ਲੈਣ ਦੀ ਥਾਂ ਆਪਣੀ ਆਕੜ ਵਿਖਾ ਰਹੇ ਹੋ। ਉਹਨਾਂ ਕਿਹਾ ਕਿ ਮੈਂ ਤੁਹਾਨੂੰ ਸ਼ੀਸ਼ਾ ਨਹੀਂ ਸੀ ਵਿਖਾਉਣਾ ਚਾਹੁੰਦਾ, ਪਰ ਸੱਚਾਈ ਇਹ ਹੈ ਕਿ ਤੁਹਾਡੇ ਆਪਣੇ ਵਿਧਾਇਕ (ਸੁਰਜੀਤ ਸਿੰਘ ਧੀਮਾਨ) ਅਤੇ ਹਾਲ ਹੀ ਵਿਚ ਸਾਬਕਾ ਮੰਤਰੀ ਰਾਣਾ ਗੁਰਜੀਤ ਤੁਹਾਨੂੰ ਲਗਾਤਾਰ ਨਸ਼ਿਆਂ ਵਿਚ ਹੋਏ ਵਾਧੇ ਬਾਰੇ ਚਿਤਾਵਨੀ ਦਿੰਦੇ ਆ ਰਹੇ ਹਨ। ਪਿਛਥਲੇ 6 ਮਹੀਨਿਆਂ ਦੌਰਾਨ ਐਨਡੀਪੀਐਸ ਐਕਟ ਤਹਿਤ ਹੋਣ ਵਾਲੀ ਸਜ਼ਾਵਾਂ ਦਾ ਅੰਕੜਾ ਥੱਲੇ ਆਇਆ ਹੈ ਅਤੇ ਨਸ਼ੇ ਦਾ ਕਾਰੋਬਾਰ ਕਰਨ ਲਈ ਫੜੇ 900 ਤੋਂ ਵੱਧ ਲੋਕਾਂ ਨੂੰ ਬਰੀ ਕੀਤਾ ਗਿਆ ਹੈ। ਪੁਲਿਸ ਵਿਭਾਗ ਵੀ ਸ਼ੱਕ ਦੇ ਘੇਰੇ ਥੱਲੇ ਹੈ। ਤੁਹਾਡਾ ਪ੍ਰਦੇਸ਼ ਕਾਂਗਰਸ ਮੁਖੀ ਸਵੀਕਾਰ ਕਰ ਚੁੱਕਿਆ ਹੈ ਕਿ ਇੱਕ ਦਾਗੀ ਅਫਸਰ ਦੀ ਥਾਂ ਦੂਜਾ ਲੈ ਰਿਹਾ ਹੈ। ਤੁਹਾਡੇ ਅੰਦਰ ਨਸ਼ਿਆਂ ਨੂੰ ਖਤਮ ਕਰਨ ਵਾਸਤੇ ਕੋਈ ਸਿਆਸੀ ਇੱਛਾ ਸ਼ਕਤੀ ਨਜ਼ਰ ਨਹੀਂ ਆਉਂਦੀ। ਇਸੇ ਲਈ ਮੱਦਦ ਦੀ ਪੇਸ਼ਕਸ਼ ਕੀਤੀ ਗਈ ਸੀ।
ਅਮਰਿੰਦਰ ਨੂੰ ਇਹ ਦੱਸਦਿਆਂ ਕਿ ਉਹ ਸਰਕਾਰ ਦਾ ਹੀ ਹਿੱਸਾ ਹੈ, ਸਰਦਾਰ ਬਾਦਲ ਨੇ ਕਿਹਾ ਕਿ ਉਸ ਨੂੰ ਹੁਣ ਦੂਜਿਆਂ ਨੂੰ ਜ਼ਿੰਮੇਵਾਰੀ ਸੁੱਟਣੀ ਬੰਦ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਲੋਕ ਤੁਹਾਡੇ ਕੋਲੋਂ ਜ਼ਮੀਨੀ ਪੱਧਰ ਉਤੇ ਠੋਸ ਕਾਰਵਾਈ ਦੀ ਉਮੀਦ ਕਰਦੇ ਹਨ। ਤੁਸੀਂ ਆਪਣੀਆਂ ਨਾਕਾਮੀਆਂ ਦੂਜਿਆਂ ਦੇ ਸਿਰ ਉੱਤੇ ਨਹੀਂ ਪਾ ਸਕਦੇ। ਇਹ ਜ਼ਿੰਮੇਵਾਰੀ ਹੁਣ ਤੁਹਾਡੀ ਹੀ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਕਦੇ ਵੀ ਨਸ਼ਿਆਂ ਦੀ ਸਮੱਸਿਆ ਤੋਂ ਮੁਨਕਰ ਨਹੀਂ ਹੋਈ। ਉਹਨਾਂ ਕਿਹਾ ਕਿ ਅਸੀਂ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਨਸ਼ਿਆਂ ਖ਼ਿਲਾਫ ਜੰਗ ਸ਼ੁਰੂ ਕੀਤੀ ਸੀ ਅਤੇ ਮੁੜ ਵਸੇਬਾ ਕੇਂਦਰਾਂ ਦੀ ਸਥਾਪਨਾ ਕੀਤੀ ਸੀ। ਉਹਨਾਂ ਕਿਹਾ ਕਿ ਨਸ਼ਾ ਛੱਡ ਚੁੱਕੇ ਨੌਜਵਾਨਾਂ ਲਈ ਮੁੜ ਵਸੇਬਾ ਪੈਕਜ ਤੁਸੀਂ ਨੇ ਸ਼ੁਰੂ ਕਰਨਾ ਸੀ, ਜਿਸ ਵਿਚ ਤੁਸੀਂ ਪੂਰੀ ਤਰ•ਾਂ ਨਾਕਾਮ ਸਾਬਿਤ ਹੋਏ ਹੋ। ਹੁਣ ਵੀ ਨਸ਼ਿਆਂ ਨਾਲ ਨਜਿੱਠਣ ਵਾਸਤੇ ਤੁਸੀਂ ਕੋਈ ਨਕਸ਼ਾ ਨਹੀਂ ਉਲੀਕਿਆ ਹੈ, ਸਿਰਫ ਵਿਰੋਧੀ ਧਿਰਾਂ ਨਾਲ ਖਹਿਬੜਣ ਵਿਚ ਹੀ ਦਿਲਚਸਪੀ ਵਿਖਾ ਰਹੇ ਹੋ। ਤੁਹਾਡੇ ਲਈ ਚੰਗਾ ਹੋਵੇਗਾ ਕਿ ਤੁਸੀਂ ਆਪਣੇ ਦਫ਼ਤਰ ਜਾਓ, ਸਥਿਤੀ ਦਾ ਜਾਇਜ਼ਾ ਲਓ ਅਤੇ ਠੋਸ ਕਾਰਵਾਈ ਕਰੋ।