ਅਕਾਲੀ ਦਲ ਨੇ ਮੁੱਖ ਸਕੱਤਰ ਨੂੰ ਚਿੱਠੀ ਲਿਖੀ
ਹਾਲਾਤ ਵਿਚ ਸੁਧਾਰ ਦੇ ਬਾਵਜੂਦ ਕੈਦੀ ਤੇ ਹਵਾਲਾਤੀ ਪਰਿਵਾਰਾਂ ਨਾਲ ਮੁਲਾਕਾਤਾਂ ਤੋਂ ਵਾਂਝੇ : ਡਾ. ਦਲਜੀਤ ਸਿੰਘ ਚੀਮਾ
ਚੰਡੀਗੜ੍ਹ, 3 ਮਾਰਚ : ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਕਿਹਾ ਹੈ ਕਿ ਸੂਬੇ ਵਿਚ ਕੋਰੋਨਾ ਹਾਲਾਤ ਵਿਚ ਸੁਧਾਰ ਨੂੰ ਵੇਖਦਿਆਂ ਜੇਲ੍ਹਾਂ ਵਿਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਦੀਆਂ ਉਹਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਲਈ ਨਿਯਮਾਂ ਵਿਚ ਛੋਟ ਦੇ ਕੇ ਮੁਲਾਕਾਤਾਂ ਦੀ ਆਗਿਆ ਦੇਣ ਲਈ ਅਪੀਲ ਕੀਤੀ ਹੈ।
ਮੁੱਖ ਸਕੱਤਰ ਨੂੰ ਲਿਖੇ ਇਕ ਪੱਤਰ ਵਿਚ ਸਾਬਕਾ ਸਿੱਖਿਆ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਹ ਅਕਾਲੀ ਦਲ ਵੱਲੋਂ ਉਹਨਾਂ ਦੇ ਧਿਆਨ ਵਿਚ ਲਿਆਉਣਾ ਚਾਹੁੰਦੇ ਹਨ ਕਿ ਪਿਛਲੇ ਲੰਮੇ ਸਮੇ ਤੋਂ ਕੋਰੋਨਾ ਦੀ ਮਹਾਂਮਾਰੀ ਦੌਰਾਨ ਕੈਦੀਆਂ/ ਹਵਾਲਾਤੀਆਂ ਦੀਆਂ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤਾਂ ਕਰਨ ਵਿੱਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਇਹਨਾਂ ਹਦਾਇਤਾਂ ਦੇ ਲਾਗੂ ਹੋਣ ਕਰਕੇ ਕਈ ਕੈਦੀ/ ਹਵਾਲਾਤੀ ਸਾਲ ਭਰ ਤੋਂ ਵੱਧ ਸਮੇਂ ਤੋਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਨਹੀਂ ਕਰ ਸਕੇ। ਉਹਨਾਂ ਕਿਹਾ ਕਿ ਇਸ ਨਾਲ ਜਿਥੇ ਦੁੱਖ-ਸੁੱਖ ਦੇ ਸਮੇਂ ਪਰਿਵਾਰਕ ਮੈਂਬਰਾਂ ਨੂੰ ਭਾਰੀ ਮਾਨਸਿਕ ਪੀੜਾ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ, ਉਥੇ ਇਸ ਕਾਰਨ ਕੈਦੀ/ਹਵਾਲਾਤੀ ਵੀ ਬੇਲੋੜੇ ਮਾਨਸਿਕ ਤਣਾਅ ਅਤੇ ਉਦਾਸੀ ਦੇ ਆਲਮ ਵਿੱਚ ਆਪਣੇ ਦਿਨ ਕੱਟਣ ਨੂੰ ਮਜਬੂਰ ਹਨ।
ਡਾ. ਚੀਮਾ ਨੇ ਕਿਹਾ ਕਿ ਇਹ ਉਹਨਾਂ ਦੇ ਮੁਢਲੇ ਅਧਿਕਾਰਾਂ ਦੀ ਘੋਰ ਉਲੰਘਣਾ ਹੈ। ਉਹਨਾਂ ਕਿਹਾ ਕਿ ਹੁਣ ਕਰੋਨਾਂ ਮਹਾਂਮਾਰੀ ਦੀ ਸਥਿਤੀ ਵਿੱਚ ਬਹੁਤ ਸੁਧਾਰ ਹੋ ਚੁੱਕਿਆ ਹੈ ਅਤੇ ਪੰਜਾਬ ਵਿੱਚ ਤਕਰੀਬਨ ਸਾਰੇ ਅਦਾਰੇ ਖੁੱਲ੍ਹੇਆਮ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਹਨ ਅਤੇ ਹੁਣੇ ਹੋਈ ਪੰਜਾਬ ਵਿਧਾਨ ਸਭਾ ਦੀ ਚੋਣ ਵਿੱਚ ਵੱਡੀ ਗਿਣਤੀ ਵਿੱਚ ਜਨਤਕ ਇਕੱਠ ਵੀ ਹੋ ਚੁੱਕੇ ਹਨ ਤਾਂ ਅਜਿਹੇ ਸਮੇਂ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਜੇਲ੍ਹ ਵਿਭਾਗ ਵੱਲੋਂ ਕੈਦੀਆਂ/ਹਵਾਲਾਤੀਆਂ ਦੀ ਮੁਲਾਕਾਤ ਸਬੰਧੀ ਦੁਬਾਰਾ ਨਜ਼ਰਸਾਨੀ ਕੀਤੀ ਜਾਵੇ ਅਤੇ ਪਹਿਲਾਂ ਦੀ ਤਰ੍ਹਾਂ ਸਾਰਿਆਂ ਨੂੰ ਆਪਣੇ ਪਰਿਵਾਰਕ ਮੈਂਬਰਾਂ/ਰਿਸ਼ਤੇਦਾਰਾਂ ਆਦਿ ਨਾਲ ਮੁਲਾਕਾਤ ਕਰਨ ਦੀ ਇਜ਼ਾਜਤ ਦਿੱਤੀ ਜਾਵੇ। ਉਹਨਾਂ ਕਿਹਾ ਕਿ ਇਸ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਕੈਦੀਆਂ/ਹਵਾਲਾਤੀਆਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਭਾਰੀ ਰਾਹਤ ਮਿਲੇਗੀ ਅਤੇ ਉਹਨਾਂ ਉਪਰ ਬੇਲੋੜਾ ਮਾਨਸਿਕ ਤਣਾਅ ਘਟੇਗਾ।
ਉਹਨਾਂ ਆਸ ਪ੍ਰਗਟ ਕੀਤੀ ਕਿ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਇਸ ਅਹਿਮ ਮੁੱਦੇ ਵੱਲ ਧਿਆਨ ਦੇ ਕੇ ਤੁਰੰਤ ਲੋੜੀਂਦੇ ਨਿਰਦੇਸ਼ ਜਾਰੀ ਕਰਕੇ ਕੈਦੀਆਂ/ਹਵਾਲਾਤੀਆਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਇਨਸਾਫ ਕੀਤਾ ਜਾਵੇਗਾ।