ਚੰਡੀਗੜ•/21 ਅਗਸਤ: ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪਰਕਾਸ਼ ਸਿੰਘ ਬਾਦਲ ਅੱਜ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਦੀ ਰਿਹਾਇਸ਼ ਤੇ ਪੁੱਜੇ ਅਤੇ ਉਹਨਾਂ ਨੇ ਮਰਹੂਮ ਪ੍ਰਧਾਨ ਮੰਤਰੀ ਨੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਉਹਨਾਂ ਨੇ ਸ੍ਰੀ ਵਾਜਪਾਈ ਨੂੰ ਪੰਜਾਬ ਅਤੇ ਪੰਜਾਬੀਆਂ ਦੇ ਦੋਸਤ ਕਰਾਰ ਦਿੱਤਾ।
ਮਰਹੂਮ ਪ੍ਰਧਾਨ ਮੰਤਰੀ ਦੀ ਬੇਟੀ ਨਮਿਤਾ ਕੌਲ ਭੱਟਾਚਾਰੀਆ ਸਮੇਤ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਮਰਹੂਮ ਪ੍ਰਧਾਨ ਮੰਤਰੀ ਵੱਲੋਂ ਸੂਬੇ ਪ੍ਰਤੀ ਦਿਖਾਈ ਗਈ ਖੁੱਲ•ਦਿਲੀ ਨੂੰ ਪੰਜਾਬੀ ਕਦੇ ਵੀ ਨਹੀਂ ਭੁੱਲਣਗੇ। ਉਹਨਾਂ ਨੇ ਦੋ ਮਿਸਾਲਾਂ ਦਿੰਦਿਆਂ ਦੱਸਿਆ ਕਿ ਖਾਲਸਾ ਸਾਜਣਾ ਦਿਵਸ ਦੀ 350ਵੀਂ ਵਰ•ੇ ਗੰਢ ਦੇ ਮੌਕੇ ਵਾਜਪਾਈ ਨੇ ਨਾ ਸਿਰਫ ਸੂਬੇ ਨੂੰ ਇਹ ਪੁੱਛਿਆ ਸੀ ਦੱਸੋ ਕੀ ਚਾਹੀਦਾ ਹੈ, ਸਗੋਂ ਇਹਨਾਂ ਜਸ਼ਨਾਂ ਨੂੰ ਸ਼ਾਨੋਸ਼ੌਕਤ ਨਾਲ ਮਨਾਉਣ ਵਾਸਤੇ 100 ਕਰੋੜ ਰੁਪਏ ਵੀ ਦਿੱਤੇ ਸਨ। ਸਰਦਾਰ ਬਾਦਲ ਨੇ ਦੱਸਿਆ ਕਿ ਇਸੇ ਤਰ•ਾਂ ਜਦੋਂ ਉਹਨਾਂ ਨੇ ਮਰਹੂਮ ਪ੍ਰਧਾਨ ਮੰਤਰੀ ਨੂੰ ਮਿਲ ਕੇ ਦੱਸਿਆ ਕਿ ਕਿਸ ਤਰ•ਾਂ ਕਾਂਗਰਸ ਸਰਕਾਰਾਂ ਨੇ ਲਗਾਤਾਰ ਸੂਬੇ ਨਾਲ ਵਿਤਕਰਾ ਕੀਤਾ ਹੈ ਅਤੇ ਪੰਜਾਬ ਅੰਦਰ ਰਿਫਾਈਨਰੀ ਲਾਏ ਜਾਣ ਵਾਸਤੇ ਬੇਨਤੀ ਕੀਤੀ ਸੀ ਤਾਂ ਵਾਜਪਾਈ ਨੇ ਸਿਰਫ ਪੰਜ ਦਿਨਾਂ ਵਿਚ ਇਸ ਬਾਰੇ ਫੈਸਲਾ ਲੈ ਲਿਆ ਸੀ ਅਤੇ ਪੰਜਾਬ ਵਿਚ 16 ਹਜ਼ਾਰ ਕਰੋੜ ਦਾ ਬਠਿੰਡਾ ਰੀਫਾਇਨਰੀ ਪ੍ਰਾਜੈਕਟ ਲਗਾਏ ਜਾਣ ਨੂੰ ਮਨਜ਼ੂਰੀ ਦੇ ਦਿੱਤੀ ਸੀ।
ਇਸ ਮੁਲਾਕਾਤ ਦੌਰਾਨ ਸਰਦਾਰ ਬਾਦਲ ਨੇ ਸਵਰਗੀ ਪ੍ਰਧਾਨ ਮੰਤਰੀ ਧਰਮ ਨਿਰਪੱਖ ਸੁਭਾਅ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਕਿਸ ਤਰ•ਾਂ ਸ੍ਰੀ ਵਾਜਪਾਈ ਨੇ ਦਿੱਲੀ ਵਿਚ ਸਿੱਖਾਂ ਦੇ ਕੀਤੇ ਕਤਲੇਆਮ ਦਾ ਵਿਰੋਧ ਕੀਤਾ ਸੀ ਅਤੇ ਬਾਅਦ ਵਿਚ ਆਪਣੇ ਇਸ ਸਟੈਂਡ ਦੀ ਕੀਮਤ ਗਵਾਲੀਅਰ ਤੋਂ ਚੋਣ ਹਾਰ ਕੇ ਚੁਕਾਈ ਸੀ।
ਵਾਇਰਲ ਦੀ ਸ਼ਿਕਾਇਤ ਕਰਕੇ ਸ੍ਰੀ ਵਾਜਪਾਈ ਦੀਆਂ ਅੰਤਮ ਰਸਮਾਂ ਵਿਚ ਸ਼ਾਮਿਲ ਨਾ ਹੋ ਸਕੇ ਸਾਬਕਾ ਮੁੱਖ ਮੰਤਰੀ ਨੇ ਯਾਦ ਕੀਤਾ ਕਿ ਕਿਸ ਤਰ•ਾਂ ਸਵਰਗੀ ਪ੍ਰਧਾਨ ਮੰਤਰੀ ਅਕਾਲੀ ਦਲ ਉੱਤੇ ਭਰੋਸਾ ਕਰਦੇ ਸਨ ਅਤੇ ਅਕਾਲੀ ਦਲ ਵੀ ਉਹਨਾਂ ਉੱਤੇ ਪੂਰਾ ਵਿਸ਼ਵਾਸ਼ ਕਰਦਾ ਸੀ। ਉਹਨਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਕਸਰ ਕਹਿੰਦੇ ਹੁੰਦੇ ਸਨ ਕਿ ਅਕਾਲੀ ਦਲ ਇੱਕ ਅਜਿਹਾ ਗਠਜੋੜ ਸਹਿਯੋਗੀ ਹੈ, ਜਿਸ ਉੱਤੇ ਪੂਰਾ ਭਰੋਸਾ ਕਰ ਸਕਦੇ ਹਨ। ਉਹਨਾਂ ਇਹ ਵੀ ਯਾਦ ਕੀਤਾ ਕਿ ਕਿਸ ਤਰ•ਾਂ ਸਾਬਕਾ ਪ੍ਰਧਾਨ ਮੰਤਰੀ ਨੇ ਪੋਖਰਨ ਪ੍ਰਮਾਣੂ ਧਮਾਕਿਆਂ ਅਤੇ ਕਾਰਗਿਲ ਦੀ ਲੜਾਈ ਸਮੇਂ ਇੱਕ ਫੌਲਾਦੀ ਇਰਾਦੇ ਵਾਲੇ ਆਗੂ ਹੋਣ ਦਾ ਸਬੂਤ ਦਿੱਤਾ ਸੀ।
ਸਰਦਾਰ ਬਾਦਲ ਨਾਲ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਰਾਜ ਸਭਾ ਮੈਂਬਰ ਸ੍ਰੀ ਨਰੇਸ਼ ਗੁਜਰਾਲ ਵੀ ਹਾਜ਼ਿਰ ਸਨ।