ਕੇਜਰੀਵਾਲ ਖਹਿਰਾ ਖਿਲਾਫ ਕਾਰਵਾਈ ਬਾਰੇ ਚੁੱਪੀ ਤੋੜੇ : ਸਿਰਸਾ
ਚੰਡੀਗੜ•, 17 ਮਈ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਸਰਕਾਰ ਨੂੰ ਆਖਿਆ ਕਿ ਜੇਕਰ ਉਹ ਸਮਝਦੀ ਹੈ ਕਿ ਵਿਰੋਧੀ ਧਿਰ ਨੇਤਾ ਸੁਖਪਾਲ ਸਿੰਘ ਖਹਿਰਾ 'ਕੌਮਾਂਤਰੀ ਨਸ਼ਾ ਤਸਕਰ ਗਿਰੋਹ' ਦਾ ਮੈਂਬਰ ਹੈ ਤਾਂ ਫਿਰ ਤੁਰੰਤ ਉਸ ਖਿਲਾਫ ਕਾਰਵਾਈ ਕਰੇ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਫਾਜ਼ਿਲਕਾ ਦੀ ਅਦਾਲਤ ਵਿਚ ਹਲਫੀਆ ਬਿਆਨ ਦਾਇਰ ਕੀਤਾ ਹੈ ਜਿਸ ਵਿਚ ਆਖਿਆ ਹੈ ਕਿ ਖਹਿਰਾ 'ਕੌਮਾਂਤਰੀ ਨਸ਼ਾ ਤਸਕਰ ਗਿਰੋਹ' ਦਾ ਮੈਂਬਰ ਹੈ ਪਰ ਉਹ ਅਣਦੱਸੇ ਕਾਰਨਾਂ ਕਾਰਨ ਉਸ ਖਿਲਾਫ ਕਾਰਵਾਈ ਤੋਂ ਕਿਉਂ ਕਤਰਾ ਰਹੀ ਹੈ। ਉਹਨਾਂ ਕਿਹਾ ਕਿ ਜਦੋਂ ਸਰਕਾਰ ਨੂੰ ਉਸਦੀ ਭੂਮਿਕਾ ਬਾਰੇ ਤਸੱਲੀ ਹੈ ਕਿ ਉਹ ਕੌਮਾਂਤਰੀ ਨਸ਼ਾ ਤਸਕਰੀ ਗਿਰੋਹ ਦਾ ਮੈਂਬਰ ਹੈ ਤਾਂ ਫਿਰ ਨਸ਼ਾ ਸਮਗਲਿੰਗ ਕਰਦੇ ਅਪਰਾਧੀਆਂ ਖਿਲਾਫ ਕਾਰਵਾਈ ਕਰਨਾ ਉਸਦੀ ਜ਼ਿੰਮਵਾਰੀ ਬਣਦੀ ਹੈ।
ਸ੍ਰੀ ਸਿਰਸਾ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਖਹਿਰਾ ਨੂੰ ਸਿਰਫ ਸੰਮਨ ਦੇ ਮਾਮਲੇ ਵਿਚ ਆਰਜ਼ੀ ਰਾਹਤ ਦਿੱਤੀ ਹੈ ਅਤੇ ਕਿਸੇ ਨਸ਼ਾ ਤਸਕਰ ਤੇ ਸਪਲਾਇਰ ਦੇ ਖਿਲਾਫ ਕਾਰਵਾਈ ਕਰਨ 'ਤੇ ਕੋਈ ਰੋਕ ਨਹੀਂ ਹੈ ਉਹ ਵੀ ਉਦੋਂ ਜਦੋਂ ਸਰਕਾਰ ਖੁਦ ਪ੍ਰਵਾਨ ਕਰ ਰਹੀ ਹੈ ਕਿ ਵਿਅਕਤੀ ਨਸ਼ਾ ਤਸਕਰੀ ਗਿਰੋਹ ਦਾ ਮੈਂਬਰ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਉਸ ਖਿਲਾਫ ਕਾਰਵਾਈ ਕਰਨ ਤੋਂ ਕਤਰਾਉਂਦੀ ਹੈ ਤਾਂ ਫਿਰ ਇਸ ਤੋਂ ਸਾਬਤ ਹੁੰਦਾ ਹੈ ਕਿ ਕਾਂਗਰਸ ਪਾਰਟੀ ਦੀ ਆਮ ਆਦਮੀ ਪਾਰਟੀ ਤੇ ਇਸਦੇ ਆਗੂ ਨਾਲ ਗੰਢਤੁਪ ਹੈ ਅਤੇ ਨਸ਼ਿਆਂ ਦੀ ਤਸਕਰੀ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਬਰਬਾਦ ਕਰਨ ਦੇ ਅਪਰਾਧ ਵਿਚ ਬਰਾਬਰ ਦੀ ਹਿੱਸੇਦਾਰ ਹੈ।
'ਆਪ' ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਵਰ•ਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਹੈਰਾਨੀ ਹੈ ਕਿ ਜਦੋਂ ਖਹਿਰਾ ਡਰੱਗ ਸਮਗਲਿੰਗ ਕੇਸ ਵਿਚ ਮੁਲਜ਼ਮ ਬਣ ਗਏ ਹਨ ਤਾਂ ਕੇਜਰੀਵਾਲ ਉਹਨਾਂ ਖਿਲਾਫ ਕਾਰਵਾਈ ਕਿਉਂ ਨਹੀਂ ਕਰ ਰਹੇ । ਉਹਨਾਂ ਕਿਹਾ ਕਿ ਕੇਜਰੀਵਾਲ ਦੀ ਚੁੱਪੀ ਇਸ ਲਈ ਵੀ ਸਾਜ਼ਿਸ਼ ਭਰੀ ਜਾਪਦੀ ਹੈ ਕਿਉਂਕਿ ਉਹ ਤਾਂ ਛੋਟੇ ਛੋਟੇ ਮਸਲਿਆਂ 'ਤੇ ਹਊਆ ਖੜ•ਾ ਕਰ ਲੈਂਦੇ ਹਨ ਪਰ ਆਪਣੀ ਹੀ ਪਾਰਟੀ ਦੇ ਵਿਧਾਇਕ ਜਿਸਨੂੰ ਉਹਨਾਂ ਨੇ ਵਿਰੋਧੀ ਧਿਰ ਨੇਤਾ ਦਾ ਸੰਵਿਧਾਨਕ ਅਹੁਦਾ ਦਿੱਤਾ ਹੋਇਆ ਹੈ, ਦੇ ਖਿਲਾਫ ਨਸ਼ਾ ਤਸਕਰੀ ਦੇ ਗੰਭੀਰ ਦੋਸ਼ ਲੱਗਣ 'ਤੇ ਵੀ ਉਹ ਚੁੱਪ ਹਨ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਕੇਜਰੀਵਾਲ ਜੋ ਖੁਦ ਭ੍ਰਿਸ਼ਟਾਚਾਰ ਦੇ ਵਿਵਾਦਾਂ ਵਿਚ ਘਿਰੇ ਹਨ, ਇਸ ਗੱਲ ਤੋਂ ਡਰ ਰਹੇ ਹਨ ਕਿ ਜੇਕਰ ਉਹਨਾਂ ਨੇ ਖਹਿਰਾ ਖਿਲਾਫ ਕਾਰਵਾਈ ਕੀਤੀ ਤਾਂ ਫਿਰ ਖਹਿਰਾ ਬਦਲੇ ਵਿਚ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਖਿਲਾਫ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਬੇਨਕਾਬ ਕਰ ਦੇਵੇਗਾ।