ਕਿਹਾ ਕਿ ਕੰਪਨੀ ਟੈਸਟਾਂ ਦੇ ਲੋਕਾਂ ਤੋਂ ਮਨਮਰਜ਼ੀ ਦੇ ਪੈਸੇ ਵਸੂਲ ਰਹੀ ਹੈ
ਮੰਗ ਕੀਤੀ ਕਿ ਬੰਦ ਕੀਤੀਆਂ 540 ਪੇਂਡੂ ਡਿਸਪੈਂਸਰੀਆਂ ਮੁੜ ਸ਼ੁਰੂ ਕੀਤੀਆਂ ਜਾਣ
ਪਟਿਆਲਾ/ਰਾਜਪੁਰਾ, 29 ਜਨਵਰੀ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਚਰਨਜੀਤ ਸਿੰਘ ਬਰਾੜ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਨਾ ਸਿਰਫ ਪੇਂਡੂ ਡਿਸਪੈਂਸਰੀਆਂ ਬੰਦ ਕਰਨ ਮਗਰੋਂ ਪ੍ਰਾਇਮਰੀ ਹੈਲਥ ਸੈਂਟਰਾਂ ਦਾ ਨਾਂ ਬਦਲ ਕੇ ਆਮ ਆਦਮੀ ਕਲੀਨਿਕ ਰੱਖ ਦਿੱਤਾ ਹੈ ਬਲਕਿ ਇਸਨੇ ਹਸਪਤਾਲਾਂ ਵਿਚ ਹੁੰਦੇ ਸਾਰੇ ਟੈਸਟ ਕਰਨ ਦਾ ਕੰਮ ਪ੍ਰਾਈਵੇਟ ਕੰਪਨੀ ਹਵਾਲੇ ਕਰ ਦਿੱਤਾ ਹੈ ਜੋ ਲੋਕਾਂ ਤੋਂ ਟੈਸਟਾਂ ਦੇ ਮਨਮਰਜ਼ੀ ਦੇ ਪੈਸੇ ਵਸੂਲ ਰਹੀ ਹੈ।
ਸਰਦਾਰ ਚਰਨਜੀਤ ਸਿੰਘ ਬਰਾੜ ਖੇੜਾ ਗੱਜੂ ਆਮ ਆਦਮੀ ਕਲੀਨਿਕ ਵਿਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਇਹ ਕਲੀਨਿਕ ਨੇੜਲੇ ਪਿੰਡ ਕੋਟਲਾ ਤੋਂ ਸਟਾਫ ਇਥੇ ਤਬਦੀਲ ਕਰਨ ਮਗਰੋਂ ਸ਼ੁਰੂ ਕੀਤਾ ਗਿਆ ਹੈ। ਇਸ ਪਿੰਡ ਵਿਚ 1978 ਵਿਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਕਾਰ ਨੇ ਪਹਿਲਾਂ ਪ੍ਰਾਇਮਰੀ ਹੈਲਥ ਸੈਂਟਰ ਸਥਾਪਿਤ ਕੀਤਾ ਗਿਆ ਸੀ ਤੇ ਨਾਲ ਹੀ ਇਕ ਮੁਫਤ ਦਵਾਈਆਂ ਦੀ ਦੁਕਾਨ ਤੇ ਡਾਇਗਨੋਸਟਿਸ ਸੈਂਟਰ ਸਥਾਪਿਤ ਕੀਤਾ ਗਿਆ ਜਿਹਨਾਂ ਨੂੰ ਹੁਣ ਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ।
ਸਰਦਾਰ ਬਰਾੜ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰ ਨੇ ਇਸ ਪ੍ਰਾਈਵੇਟ ਡਾਇਗਨੋਸਟਿਸ ਕੰਪਨੀ ਕ੍ਰਿਸ਼ਨਾ ਡਾਇਗਨੋਸਿਸ ਦੇ ਕੰਮ ਦਾ ਦਾਇਰਾ ਵਧਾ ਦਿੱਤਾ ਹੈ ਤੇ ਸਰਕਾਰੀ ਹਸਪਤਾਲਾਂ ਵਿਚ ਸਾਰੇ ਲੈਬਾਰਟਰੀ ਟੈਸਟ ਦੀ ਜ਼ਿੰਮੇਵਾਰੀਇਸਨੂੰ ਦੇ ਦਿੱਤੀ ਹੈ।
ਇਸਨੁੰ ਇਕ ਘੁਟਾਲਾ ਕਰਾਰ ਦਿੰਦਿਆਂ ਉਹਨਾਂ ਕਿਹਾ ਕਿ ਇਸਦੇ ਨਵੇਂ ਸਿਰੇ ਤੋਂ ਟੈਂਡਰ ਲਗਾਏ ਜਾਣ ਤਾਂ ਜੋ ਇਹ ਕੰਮ ਮੁਕਾਬਲੇ ਵਾਲੇ ਰੇਟਾਂ ਦੇ ਆਧਾਰ ’ਤੇ ਉਦੋਂ ਤੱਕ ਵਾਸਤੇ ਅਲਾਟ ਕੀਤਾ ਜਾ ਸਕੇ ਜਦੋਂ ਕਿ ਸਰਕਾਰੀ ਲੈਬਾਰਟਰੀ ਟੈਕਨੀਸ਼ੀਅਨ ਨਹੀਂ ਰੱਖ ਲੈਂਦੀ ਤੇ ਸਾਰੀਆਂ ਲੈਬਾਰਟਰੀਆਂ ਚਾਲੂ ਨਹੀਂ ਕਰ ਲੈਂਦੀ।
ਸਰਦਾਰ ਬਰਾੜ ਨੇ ਕਿਹਾ ਕਿ ਆਪ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੇ ਸਾਰੇ ਅਪਰੇਸ਼ਨਾਂ ਦੀ ਲਾਗਤ ਸਮੇਤ ਪੰਜਾਬੀਆਂ ਲਈ ਸਿਹਤ ਸੰਭਾਲ ਸਹੂਲਤਾਂ ਮੁਫਤ ਕਰਨ ਦਾ ਵਾਅਦਾ ਕੀਤਾ ਸੀ। ਉਹਨਾਂ ਕਿਹਾ ਕਿ ਇਸਦੀ ਤਾਂ ਗੱਲ ਹੀ ਛੱਡੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਪੰਜਾਬ ਵਿਚ ਆਪ ਦੇ ਡੁੱਬਦੇ ਬੇੜੇ ਨੂੰ ਬਚਾਉਣ ਵਾਸਤੇ ਪੀ ਐਚ ਸੀ ਦੇ ਨਾਂ ਬਦਲਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਸਿਹਤ ਸੇਵਾਵਾਂ ਦੇ ਮਾਮਲੇ ਵਿਚ ਪੰਜਾਬ ਵਿਚ ਹਾਲਾਤ ਇੰਨੇ ਮਾੜੇ ਹਨ ਕਿ ਮਰੀਜ਼ਾਂ ਨੂੰ ਆਪਣੀਆਂ ਸਰਿੰਜਾਂ ਖਰੀਦਣੀਆਂ ਪੈ ਰਹੀਆਂ ਹਨ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਆਪ ਸਰਕਾਰ 16 ਮੈਡੀਕਲ ਕਾਲਜ ਤੇ 16 ਹਜ਼ਾਰ ਮੁਹੱਲਾ ਕਲੀਨਿਕ ਖੋਲ੍ਹਣ ਸਮੇਤ ਆਪਣੇ ਸਾਰੇ ਵਾਅਦੇ ਭੁੱਲ ਗਈ ਹੈ। ਉਹਨਾਂ ਕਿਹਾ ਕਿ ਇਹ ਨਾਂ ਬਦਲ ਕੇ ਸਿਰਫ 500 ਕਲੀਨਿਕ ਖੋਲ੍ਹੇ ਗਏ ਹਨ ਅਤੇ ਸਿਹਤ ਖੇਤਰ ਵਿਚ ਸੁਧਾਰ ਵਾਸਤੇ ਕੱਖ ਵੀ ਨਹੀਂ ਕੀਤਾ ਗਿਆ।
ਅਕਾਲੀ ਆਗੂ ਨੇ ਆਮ ਆਦਮੀ ਕਲੀਨਿਕਾਂ ਦੀ ਗੱਲ ਕਰਦਿਆਂ ਕਿਹਾ ਕਿ 540 ਪੇਂਡੂ ਡਿਸਪੈਂਸਰੀਆਂ ਬੰਦ ਕਰਨ ਨਾਲ 6 ਹਜ਼ਾਰ ਪਿੰਡਾਂ ਵਿਚ ਸਿਹਤ ਸੰਭਾਲ ਸਹੂਲਤਾਂ ਪ੍ਰਭਾਵਤ ਹੋਣਗੀਆਂ। ਉਹਨਾਂ ਮੰਗ ਕੀਤੀ ਕਿ ਇਹਨਾਂ ਪੇਂਡੂ ਡਿਸਪੈਂਸਰੀਆਂ ਨੂੰ ਤੁਰੰਤ ਚਾਲੂ ਕੀਤਾ ਜਾਵੇ ਤੇ ਲੋੜੀਂਦੇ ਡਾਕਟਰ ਤੇ ਪੈਰਾ ਮੈਡੀਕਲ ਸਟਾਫ ਰੱਖ ਕੇ ਪੰਜਾਬੀਆਂ ਨੂੰ ਵਧੀਆ ਸਿਹਤ ਸੰਭਾਲ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ।