ਮਹਿਤਪੁਰ/26 ਮਈ: ਅੱਜ ਮਹਿਤਪੁਰ ਬਲਾਕ ਦੇ ਪਿੰਡ ਟੰਡਾਂ ਉਰਾ ਦੇ 80 ਕਾਂਗਰਸੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ ਅਤੇ ਉਹਨਾਂ ਨੇ 28 ਮਈ ਨੂੰ ਆ ਰਹੀ ਸ਼ਾਹਕੋਟ ਜ਼ਿਮਨੀ ਚੋਣ ਵਿਚ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਨੂੰ ਸਬਕ ਸਿਖਾਉਣ ਪ੍ਰਣ ਕੀਤਾ।
ਜਦੋਂ ਤੋਂ ਕਾਂਗਰਸ ਨੇ ਹਰਦੇਵ ਸਿੰਘ ਲਾਡੀ ਵਰਗੇ ਬਦਨਾਮ ਵਿਅਕਤੀ ਨੂੰ ਕਾਂਗਰਸ ਨੇ ਆਪਣਾ ਉਮੀਦਵਾਰ ਐਲਾਨਿਆ ਸੀ, ਇਹ ਪਰਿਵਾਰਾਂ ਦਾ ਕਾਂਗਰਸ ਤੋਂ ਮਨ ਉਚਾਟ ਹੋ ਗਿਆ ਸੀ। ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਐਸਸੀ ਵਿੰਗ ਦੇ ਪ੍ਰਧਾਨ ਸਰਦਾਰ ਗੁਲਜ਼ਾਰ ਸਿੰਘ ਰਣੀਕੇ ਨੂੰ ਮਿਲਣ ਮਗਰੋਂ ਉਹਨਾਂ ਨੇ ਅਕਾਲੀ ਉਮੀਦਵਾਰ ਨੂੰ ਬਿਨਾਂ ਕਿਸੇ ਸ਼ਰਤ ਤੋਂ ਆਪਣਾ ਸਮਰਥਨ ਦੇ ਦਿੱਤਾ।
ਇਹਨਾਂ ਪਰਿਵਾਰਾਂ ਦਾ ਅਕਾਲੀ ਦਲ ਵਿਚ ਸਵਾਗਤ ਕਰਦਿਆਂ ਸਰਦਾਰ ਰਣੀਕੇ ਨੇ ਕਿਹਾ ਕਿ ਇਹ ਗੱਲ ਹੁਣ ਕੰਧਾਂ ਉੱਤੇ ਲਿਖੀ ਦਿਸਦੀ ਹੈ ਕਿ ਕਾਂਗਰਸੀ ਉਮੀਦਵਾਰ ਨੂੰ ਇਸ ਚੋਣ ਵਿਚ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਕਿਹਾ ਕਿ ਸ਼ਾਹਕੋਟ ਹਲਕੇ ਦੇ ਲੋਕ ਉਸ ਸਾਂਝੇ ਦੁਸ਼ਮਣ ਦੇ ਖਿਲਾਫ ਇੱਕ ਵੱਡੀ ਤਾਕਤ ਬਣ ਚੁੱਕੇ ਹਨ ਜਿਹੜਾ ਗੁੰਡੇ-ਬਦਮਾਸ਼ਾਂ ਦਾ ਗੜ੍ਹ ਬਣਾ ਕੇ ਇਸ ਇਲਾਕੇ ਨੂੰ ਬਰਬਾਦ ਕਰ ਸਕਦਾ ਹੈ।
ਉਹਨਾਂ ਸ਼ਾਮਿਲ ਹੋਏ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਅਕਾਲੀ ਦਲ ਹਮੇਸ਼ਾਂ ਉਹਨਾਂ ਨਾਲ ਡਟ ਕੇ ਖੜ੍ਹੇਗਾ।