ਬਾਦਲ (ਮੁਕਤਸਰ)/10 ਮਾਰਚ: ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਪ੍ਰੇਰਨਾ ਸਦਕਾ ਇੱਥੇ ਲਗਾਏ ਗਏ ਮੁਫ਼ਤ ਮੈਡੀਕਲ ਕੈਂਪ ਵਿਚ ਬਠਿੰਡਾ, ਅੰਮ੍ਰਿਤਸਰ ਅਤੇ ਚੰਡੀਗੜ੍ਹ ਤੋਂ ਆਏ ਚੋਟੀ ਦੇ ਡਾਕਟਰਾਂ ਨੇ 3500 ਦੇ ਵੱਧ ਮਰੀਜ਼ਾਂ ਦੀ ਜਾਂਚ ਕਰਕੇ ਉਹਨਾਂ ਨੂੰ ਦਵਾਈਆਂ ਦਿੱਤੀਆਂ।
ਇੱਥੇ ਸਿਵਲ ਹਸਪਤਾਲ ਵਿਚ ਲਗਾਏ ਗਏ ਇਸ ਮੈਡੀਕਲ ਕੈਂਪ ਵਿਚ ਸੀਨੀਅਰ ਡਾਕਟਰਾਂ ਨੇ ਮਰੀਜ਼ਾਂ ਦੀਆਂ ਵੱਖ ਵੱਖ ਬੀਮਾਰੀਆਂ ਦਾ ਆਧੁਨਿਕ ਇਲਾਜ ਵਿਧੀਆਂ ਰਾਂਹੀ ਮੌਕੇ ਉੱਤੇ ਹੀ ਇਲਾਜ ਕੀਤਾ। ਇਹਨਾਂ ਵਿਚ ਪੀਜੀਆਈ ਦੇ ਸਾਬਕਾ ਡਾਇਰੈਕਟਰ ਡਾਕਟਰ ਕੇ ਕੇ ਤਲਵਾੜ, ਪੀਜੀਆਈ ਦੇ ਸਾਬਕਾ ਛਾਤੀ ਦੇ ਰੋਗਾਂ ਦੇ ਮਾਹਿਰ ਡਾਕਟਰ ਐਸ ਕੇ ਜਿੰਦਲ, ਯੂਰੌਲੋਜਿਸਟ ਡਾਕਟਰ ਬਲਦੇਵ ਔਲਖ, ਦੰਦਾਂ ਦੇ ਡਾਕਟਰ ਡਾਕਟਰ ਆਰ ਐਸ ਮਾਨ ਅਤੇ ਅੱਖਾਂ ਦੇ ਡਾਕਟਰ ਐਸਪੀਐਸ ਗਰੇਵਾਲ ਸ਼ਾਮਿਲ ਸਨ। ਇਸ ਤੋਂ ਇਲਾਵਾ ਮੈਕਸ ਹਸਪਤਾਲ ਬਠਿੰਡਾ ਅਤੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਦੇ ਡਾਕਟਰਾਂ ਨੇ ਵੀ ਇਸ ਕੈਂਪ ਵਿਚ ਮਰੀਜ਼ਾਂ ਦਾ ਇਲਾਜ ਕੀਤਾ। ਇਹ ਕੈਂਪ ਕੱਲ੍ਹ ਨੂੰ ਵੀ ਜਾਰੀ ਰਹੇਗਾ।
ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਇਹਨਾਂ ਪੇਂਡੂ ਮਰੀਜ਼ਾਂ ਦੇ ਮੁਫਤ ਇਲਾਜ ਵਾਸਤੇ ਆਪਣਾ ਕੀਮਤੀ ਸਮਾਂ ਕੱਢਣ ਲਈ ਸਾਰੇ ਡਾਕਟਰਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਹ ਕੈਂਪ ਗਰੀਬ ਮਰੀਜ਼ਾਂ ਲਈ ਇੱਕ ਵਰਦਾਨ ਸਾਬਿਤ ਹੋਇਆ ਹੈ, ਕਿਉਂਕਿ ਉਂਝ ਉਹਨਾਂ ਅਜਿਹੇ ਚੋਟੀ ਦੇ ਡਾਕਟਰਾਂ ਕੋਲੋਂ ਇਲਾਜ ਕਰਵਾਉਣ ਦਾ ਖਰਚਾ ਨਹੀਂ ਉਠਾ ਸਕਣਾ।
ਇਸ ਮੈਡੀਕਲ ਕੈਂਪ ਵਿਚ ਸਾਰੇ ਮਰੀਜ਼ਾਂ ਦੇ ਮੁਫ਼ਤ ਇਲਾਜ ਤੋਂ ਇਲਾਵਾ, ਕੈਂਪ ਵਿਚ ਆਉੁਣ ਵਾਲੇ ਮਰੀਜ਼ਾਂ ਨੂੰ ਮੁਫਤ ਖਾਣਾ ਵੀ ਦਿੱਤਾ ਗਿਆ।