ਪੰਜਾਬ ਪੁਲਿਸ ਸਪਸ਼ਟ ਕਰੇ, ਆਈ ਐਸ ਆਈ ਦੇ ਅਤਿਵਾਦੀ ਨਰਾਇਣ ਚੌੜਾ ਦੇ ਨਾਲ ਦੋ ਹੋਰ ਸਾਥੀ ਸਨ: ਬਿਕਰਮ ਸਿੰਘ ਮਜੀਠੀਆ
ਅੰਮ੍ਰਿਤਸਰ ਦੇ ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ’ਤੇ ਆਈ ਐਸ ਆਈ ਦੇ ਅਤਿਵਾਦੀ ਚੌੜਾ ਦੀ ਮਦਦ ਦੇ ਇਰਾਦੇ ਨਾਲ ਐਫ ਆਈ ਆਰ ਕਮਜ਼ੋਰ ਕਰਨ ਦੇ ਲਗਾਏ ਦੋਸ਼
ਕਿਹਾ ਕਿ ਸਿਰਫ ਐਸ ਪੀ ਹਰਪਾਲ ਰੰਧਾਵਾ ਦੀ ਗ੍ਰਿਫਤਾਰੀ ਤੇ ਪੁੱਛ ਗਿੱਛ ਹੀ ਕੇਸ ਦਾ ਸੱਚ ਸਾਹਮਣੇ ਲਿਆ ਸਕਦੀ ਹੈ
ਚੰਡੀਗੜ੍ਹ, 10 ਦਸੰਬਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਪੰਜਾਬ ਪੁਲਿਸ ਸਪਸ਼ਟ ਦੱਸੇ ਕਿ ਉਸਨੇ ਸਰਦਾਰ ਸੁਖਬੀਰ ਸਿੰਘ ਬਾਦਲ ’ਤੇ ਕਾਤਲਾਨਾ ਹਮਲਾ ਕਰਨ ਵਾਲੇ ਨੂੰ ਕੇਸ ਵਿਚ ਸ਼ਾਮਲ ਇਕਲੌਤਾ ਮੁਲਜ਼ਮ ਕਿਉਂ ਦੱਸਿਆ ਜਦੋਂ ਕਿ ਦੂਜਾ ਹਮਲਾਵਰ ਤੇ ਖਾਲਿਸਤਾਨ ਕਮਾਂਡੋ ਫੋਰਸ (ਕੇ ਸੀ ਐਫ) ਦਾ ਅਤਿਵਾਦੀ ਧਰਮ ਸਿੰਘ ਵੀ ਨਰਾਇਣ ਚੌੜਾ ਦੇ ਨਾਲ ਸੀ ਤੇ ਉਹਨਾਂ ਇਹਵੀ ਦੱਸਿਆ ਕਿ ਇਹਨਾਂ ਦੇ ਨਾਲ ਇਕ ਤੀਜਾ ਅਣਪਛਾਤਾ ਸਾਥੀ ਵੀ ਹੈ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੀ 3 ਦਸੰਬਰ ਦੀ ਸੀ ਸੀ ਟੀ ਵੀ ਫੁਟੇਜ ਵੀਡੀਓ ਸਬੂਤ ਵਜੋਂ ਜਾਰੀ ਕੀਤੀ ਜਿਸ ਵਿਚ ਆਈ ਐਸ ਆਈ ਅਤਿਵਾਦੀ ਨਰਾਇਣ ਚੌੜਾ ਜਿਸਨੇ ਸਰਦਾਰ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਕੀਤਾ, ਦੇ ਨਾਲ ਕੇ ਸੀ ਐਫ ਦਾ ਅਤਿਵਾਦੀ ਧਰਮ ਸਿੰਘ ਤੇ ਹੋਰ ਅਣਪਛਾਤਾ ਸਾਥੀ ਵੀ ਨਜ਼ਰ ਆ ਰਿਹਾ ਹੈ। ਉਹਨਾਂ ਕਿਹਾ ਕਿ ਹੁਣ ਸਾਡੇ ’ਤੇ ਜ਼ਿੰਮੇਵਾਰੀ ਆਗਈ ਹੈ ਕਿ ਅਸੀਂ ਨਰਾਇਣ ਚੌੜਾ ਦੇ ਸਾਥੀਆਂ ਦੀ ਪਛਾਣ ਕਰੀਏ ਕਿਉਂਕਿ ਅੰਮ੍ਰਿਤਸਰ ਪੁਲਿਸ ਨੇ ਤਾਂ ਨਰਾਇਣ ਚੌੜਾ ਨੂੰ ਇਕਲੌਤਾ ਹਮਲਾਵਰ ਕਰਾਰ ਦੇ ਦਿੱਤਾ ਹੈ।
ਸਰਦਾਰ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਇਥੇ ਹੀ ਬੱਸ ਨਹੀਂ ਬਲਕਿ ਅੰਮ੍ਰਿਤਸਰ ਪੁਲਿਸ ਨੇ ਤਾਂ ਇਹ ਕਹਿ ਕੇ ਕੇਸ ਨੂੰ ਹੋਰ ਕਮਜ਼ੋਰ ਕੀਤਾ ਹੈ ਕਿ ਧੱਕਾ ਮੁੱਕੀ ਵਿਚ ਗੋਲੀ ਹਵਾ ਵਿਚ ਚਲ ਗਈ ਜਦੋਂ ਕਿ ਸਪਸ਼ਟ ਲਿਖਣਾ ਚਾਹੀਦਾ ਸੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਿੱਜੀ ਸੁਰੱਖਿਆ ਅਫਸਰ (ਪੀ ਐਸ ਓ) ਵੱਲੋਂ ਸਮੇਂ ਸਿਰ ਚੁੱਕੇ ਕਦਮ ਕਾਰਣ ਤ੍ਰਾਸਦੀ ਹੁੰਦੇ ਹੁੰਦੇ ਬਚ ਗਈ। ਉਹਨਾਂ ਕਿਹਾ ਕਿ ਐਫ ਆਈ ਆਰ ਵਿਚ ਇਹ ਗੱਲ ਦਰਜ ਨਹੀਂ ਕੀਤੀਗਈ ਕਿ ਚੌੜਾ ਸਰਦਾਰ ਬਾਦਲ ਨੂੰ ਮਾਰਨਾ ਚਾਹੁੰਦਾ ਸੀ ਤੇ ਚੱਲੀ ਗੋਲੀ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਓੜੀ ਵਿਚ ਜਾ ਵੱਜੀ। ਇਸ ਐਫ ਆਈ ਆਰ ਵਿਚ ਚੌੜਾ ਨੂੰ ਇਕ ਸ਼ਰਧਾਲੂ ਦੱਸਿਆ ਗਿਆ ਹੈ ਜਦੋਂ ਕਿ ਇਹ ਦੱਸਣਾ ਚਾਹੀਦਾ ਸੀ ਕਿ ਉਸਨੇ ਮਿਥ ਕੇ ਅਪਰਾਧ ਕੀਤਾ ਹੈ। ਉਹਨਾਂ ਕਿਹਾ ਕਿ ਐਫ ਆਈ ਆਰ ਵਿਚ ਇਹ ਖਾਮੀਆਂ ਚੌੜਾ ਦੀ ਮਦਦ ਵਾਸਤੇ ਛੱਡੀਆਂ ਗਈਆਂ ਹਨ।
ਸਰਦਾਰ ਮਜੀਠੀਆ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਮਨਸ਼ਾ ’ਤੇ ਵੀ ਸਵਾਲ ਖੜ੍ਹੇ ਕੀਤੇ। ਉਹਨਾਂ ਕਿਹਾ ਕਿ ਭੁੱਲਰ ਜਾਣਦੇ ਸਨ ਕਿ ਚੌੜਾ ਇਕ ਖ਼ਤਰਨਾਕ ਅਤਿਵਾਦੀ ਹੈ ਕਿਉਂਕਿ ਉਹਨਾਂ ਨੇ 2013 ਵਿਚ ਮੁਹਾਲੀ ਦੇ ਐਸ ਐਸ ਪੀ ਹੁੰਦਿਆਂ ਚੌੜਾ ਤੋਂ ਹਿਰਾਸਤੀ ਪੁੱਛ ਗਿੱਛ ਕੀਤੀ ਸੀ। ਉਹਨਾਂ ਕਿਹਾ ਕਿ ਉਸ ਵੇਲੇ ਚੌੜਾ ਤੋਂ ਆਰ ਡੀ ਐਕਸ, ਗ੍ਰਨੇਡ ਤੇ ਏ ਕੇ 47 ਰਾਈਫਲ ਵਰਗੀਆਂ ਬਰਾਮਦਗੀਆਂ ਹੋਈਆਂ ਸਨ ਤੇ ਇਹ ਵੀ ਸਬੂਤ ਮਿਲੇ ਸਨ ਕਿ ਇਹ ਅਤਿਵਾਦੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਤਲ ਕਰਨਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਇਹ ਸਭ ਕੁਝ ਰਿਕਾਰਡ ਦਾ ਹਿੱਸਾ ਹੋਣ ਦੇ ਬਾਵਜੂਦ ਅੰਮ੍ਰਿਤਸਰ ਪੁਲਿਸ ਨੇ ਚੌੜਾ ਖਿਲਾਫ ਕਾਰਵਾਈ ਨਹੀਂ ਕੀਤੀ। ਉਹਨਾਂ ਕਿਹਾ ਕਿ ਚੌੜਾ ਖਿਲਾਫ ਕਾਰਵਾਈ ਕਰਨ ਦੀ ਥਾਂ ਅਤੇ ਉਸ ਵੱਲੋਂ 3 ਦਸੰਬਰ ਨੂੰ ਸ੍ਰੀ ਦਰਬਾਰ ਸਾਹਿਬ ਦੀ ਰੇਕੀ ਕਰਨ ਵੇਲੇ ਉਸਨੂੰ ਗ੍ਰਿਫਤਾਰ ਕਰਨ ਦੀ ਥਾਂ ’ਤੇ ਐਸ ਪੀ ਹਰਪਾਲ ਰੰਧਾਵਾ ਨੇ ਸ੍ਰੀ ਦਰਬਾਰ ਸਾਹਿਬ ਵਿਚ ਆਉਣ ਵੇਲੇ ਅਤਿਵਾਦੀ ਦੀ ਪੁਸ਼ਤ ਪਨਾਹੀ ਕੀਤੀ।
ਅਕਾਲੀ ਆਗੂ ਨੇ ਕਿਹਾ ਕਿ ਐਸ ਪੀ ਹਰਪਾਲ ਰੰਧਾਵਾ ਦੀ ਗ੍ਰਿਫਤਾਰੀ ਤੇ ਹਿਰਾਸਤੀ ਪੁੱਛ ਗਿੱਛ ਹੀ ਕੇਸ ਦਾ ਸੱਚ ਸਾਹਮਣੇ ਲਿਆ ਸਕਦੀ ਹੈ। ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਅਤਿਵਾਦੀ ਸਰਗਰਮੀਆਂ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਧਾਰਾਵਾਂ ਵੀ ਐਫ ਆਈ ਆਰ ਵਿਚ ਸ਼ਾਮਲ ਕੀਤੀਆਂ ਜਾਣ।
ਸਰਦਾਰ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਕੇਸ ਵਿਚ ਪੁਲਿਸ ਦੀ ਸ਼ਮੂਲੀਅਤ ਸਭ ਦੇ ਸਾਹਮਣੇ ਹੈ। ਉਹਨਾਂ ਕਿਹਾ ਕਿ ਇਹੀ ਕਾਰਣ ਹੈ ਕਿ ਅਸੀਂ ਇਹ ਮੰਗ ਕਰ ਰਹੇ ਹਾਂ ਕਿ ਸੂਬਾ ਪੁਲਿਸ ਮੁਖੀ ਗੌਰਵ ਯਾਦਵ ਜਾਂ ਤਾਂ ਕੇਸ ਦੀ ਜਾਂਚ ਆਪਣੇ ਹੱਥ ਵਿਚ ਲੈਣ ਜਾਂ ਫਿਰ ਪ੍ਰਬੋਧ ਕੁਮਾਰ ਵਰਗੇ ਸੀਨੀਅਰ ਆਈ ਪੀ ਐਸ ਅਫਸਰ ਨੂੰ ਇਹ ਜਾਂਚ ਸੌਂਪੀ ਜਾਵੇ ਜਿਹਨਾਂ ਦਾ ਸਹੀ ਜਾਂਚ ਕਰਨ ਦਾ ਇਕ ਰਿਕਾਰਡ ਹੈ। ਉਹਨਾਂ ਕਿਹਾ ਕਿ ਜੇਕਰ ਸਾਰੇ ਮਾਮਲੇ ਦੀ ਸਹੀ ਜਾਂਚ ਨਾ ਹੋਈ ਤਾਂ ਅਕਾਲੀ ਦਲ ਨਿਆਂ ਲੈਣ ਵਾਸਤੇ ਅਦਾਲਤ ਦਾ ਰੁਖ਼ ਵੀ ਕਰ ਸਕਦਾ ਹੈ।