ਤਲਵੰਡੀ ਸਾਬੋ (ਬਠਿੰਡਾ)/09 ਅਪ੍ਰੈਲ: ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਸਾਰੀਆਂ ਔਰਤਾਂ ਜਾਣਦੀਆਂ ਹਨ ਕਿ ਝਾੜੂ ਬਹੁਤੀ ਦੇਰ ਨਹੀਂ ਚੱਲਦਾ ਹੁੰਦਾ, ਪਰ ਫਿਰ ਵੀ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਉਹਨਾਂ ਨੇ ਇਸ ਦਾ ਸਮਰਥਨ ਕਰ ਦਿੱਤਾ ਸੀ।
ਵੱਖ ਵੱਖ ਧੜਿਆਂ ਵਿਚ ਵੰਡੀ ਜਾ ਚੁੱਕੀ ਆਮ ਆਦਮੀ ਪਾਰਟੀ ਉਤੇ ਤਨਜ਼ ਕਸਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਜਿਸ ਤਰ੍ਹਾਂ ਉਮੀਦ ਸੀ ਕਿ ਦੋ ਸਾਲ ਵਿਚ ਹੀ ਪੰਜਾਬ ਵਿਚ ਆਪ ਖੇਰੂੰ-ਖੇਰੂੰ ਹੋ ਗਈ ਅਤੇ ਇਸ ਦਾ ਪੂਰੀ ਤਰ੍ਹਾਂ ਸਫਾਇਆ ਹੋ ਗਿਆ।
ਕਾਂਗਰਸ ਉੱਤੇ ਨਿਸ਼ਾਨਾ ਸੇਧਦਿਆਂ ਅਕਾਲੀ ਆਗੂ ਨੇ ਕਿਹਾ ਕਿ ਪੰਜਾਬ ਦਾ ਦੱਖਣੀ ਹਿੱਸਾ ਖਾਸ ਕਰਕੇ ਬਠਿੰਡਾ, ਮਾਨਸਾ ਅਤੇ ਫਰੀਦਕੋਟ ਬੁਰੀ ਤਰਾਂ੍ਹ ਸੇਮ ਦੀ ਸਮੱਿਸਆ ਤੋਂ ਪ੍ਰਭਾਵਿਤ ਹਨ। ਇਸ ਸਮੱਸਿਆ ਨੇ ਖੇਤਾਂ ਅਤੇ ਸੜਕਾਂ ਦੀ ਹਾਲਤ ਖਰਾਬ ਕਰ ਦਿੱਤੀ ਹੈ। ਕੋਈ ਵੀ ਸੜਕ ਵਾਹਨ ਚਲਾਉਣ ਦੇ ਯੋਗ ਨਹੀਂ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਲੋਕਾਂ ਨੂੰ ਸੇਮ ਦੀ ਸਮੱਿਸਆ ਤੋਂ ਛੁਟਕਾਰਾ ਦਿਵਾਉਣ ਦੀ ਸਹੁੰ ਖਾਧੀ ਸੀ ਜਦਕਿ ਇਸ ਤੋਂ ਪਹਿਲਾਂ ਕਾਂਗਰਸੀ ਮੁੱਖ ਮੰਤਰੀ ਇਸ ਨੂੰ ਕੁਦਰਤੀ ਆਫਤ ਕਰਾਰ ਦਿੰਦੇ ਰਹੇ ਸਨ।
ਸਰਦਾਰ ਮਜੀਠੀਆ ਨੇ ਕਿਹਾ ਕਿ ਕਾਂਗਰਸ ਦੇ ਉਲਟ ਅਕਾਲੀ-ਭਾਜਪਾ ਸਰਕਾਰਾਂ ਨੇ ਆਪਣੇ ਸਾਰੇ ਚੋਣ ਵਾਅਦਿਆਂ ਨੂੰ ਪੂਰਾ ਕੀਤਾ ਹੈ। ਉਹਨਾਂ ਕਿਹਾ ਕਿ ਸਰਦਾਰ ਬਾਦਲ ਨੇ ਉਹ ਚੋਣ ਵਾਅਦੇ ਵੀ ਪੂਰੇ ਕੀਤੇ ਹਨ, ਜਿਹਨਾਂ ਨੂੰ ਕਾਂਗਰਸੀ ਅਸੰਭਵ ਕਰਾਰ ਦਿੰਦੇ ਸਨ। ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਵਿਚ ਕੁੱਝ ਵੀ ਅਸੰਭਵ ਨਹੀਂ ਸੀ, ਸਭ ਕੁੱਝ ਸੰਭਵ ਸੀ।
ਵਿੱਤ ਮੰਤਰੀ ਮਨਪ੍ਰੀਤ ਬਾਦਲ ਉੱਤੇ ਹਮਲਾ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਉਹ ਹਮੇਸ਼ਾ ਆਪਣੀ ਨਲਾਇਕੀ ਅਤੇ ਆਪਣੇ ਵਿਭਾਗਾਂ ਦੇ ਨਿਕੰਮੇਪਣ ਨੂੰ ਲੁਕੋਣ ਵਾਸਤੇ ਖਾਲੀ ਖਜ਼ਾਨੇ ਦਾ ਬਹਾਨਾ ਘੜ ਲੈਂਦਾ ਹੈ। ਉਹਨਾਂ ਕਿਹਾ ਕਿ ਮਨਪ੍ਰੀਤ ਦੇ ਮਾੜੇ ਸੰਚਾਲਨ ਨੇ ਸੂਬੇ ਦੇ ਵਿੱਤੀ ਹਾਲਤ ਤਹਿਸ ਨਹਿਸ ਕਰ ਰੱਖੀ ਹੈ।
ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਮਨਪ੍ਰੀਤ ਬਾਦਲ ਦੀ ਤੁਲਨਾ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਮਨਪ੍ਰੀਤ ਵਿਚ ਪਰਿਵਾਰ ਵਾਲਾ ਕੋਈ ਸਿਆਸੀ ਗੁਣ ਨਹੀਂ ਆਇਆ, ਉਹ ਨਕਲੀ ਬਾਦਲ ਹੈ। ਉਹਨਾਂ ਕਿਹਾ ਕਿ 1995 ਵਿਚ ਮਨਪ੍ਰੀਤ ਨੂੰ ਜਿਤਾਉਣ ਲਈ ਸਾਰੀ ਪਾਰਟੀ ਇੱਕ ਮਹੀਨਾ ਮਿਹਨਤ ਕੀਤੀ ਸੀ ਅਤੇ ਬਾਅਦ ਵਿਚ ਉਸ ਨੂੰ ਵੱਡੇ ਅਹੁਦੇ ਵੀ ਦਿੱਤੇ ਗਏ ਸਨ, ਪਰ ਇਸ ਦੇ ਬਾਵਜੂਦ ਉਸ ਨੇ ਆਪਣੇ ਸਕੇ ਤਾਇਆ ਨੂੰ ਧੋਖਾ ਦੇਣ ਲੱਗਿਆ ਇੱਕ ਮਿੰਟ ਨਹੀਂ ਲਾਇਆ।
ਉਹਨਾਂ ਕਿਹਾ ਕਿ ਜਿਹੜਾ ਵਿਅਕਤੀ ਆਪਣੇ ਸਿਆਸੀ ਗੁਰੂ ਅਤੇ ਸਕੇ ਤਾਇਆ ਜੀ ਪ੍ਰਤੀ ਵਫਾਦਾਰ ਨਹੀਂ ਰਿਹਾ, ਉਸ ਕੋਲੋਂ ਲੋਕਾਂ ਦੇ ਮਸਲਿਆਂ ਪ੍ਰਤੀ ਵਫਦਾਰੀ ਰੱਖਣ ਦੀ ਉਮੀਦ ਨਹੀਂ ਰੱਖੀ ਜਾ ਸਕਦੀ।