ਚੰਡੀਗੜ੍ਹ, 14 ਮਈ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਐਮ ਪੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਕਾਂਗਰਸ ਸਰਕਾਰ ਨੂੰ ਕਿਹਾ ਕਿ ਉਹ ਮੁਹਾਲੀ, ਜਲੰਧਰ, ਲੁਧਿਆਣਾ, ਅੰਮ੍ਰਿਤਸਰ ਤੇ ਬਠਿੰਡਾ ਸਮੇਤ ਪ੍ਰਮੁੱਖ ਸ਼ਹਿਰਾਂ ਵਿਚ ਆਪਣੇ ਕੋਰੋਨਾ ਸੈਂਟਰ ਫੌਜ ਦੀ ਪੱਛਮੀ ਕਮਾਂਡ ਹਵਾਲੇ ਕਰੇ ਕਿਉਂਕਿ ਲੋਕਾਂ ਦਾ ਮੈਡੀਕਲ ਸਹੂਲਤਾਂ ਚਲਾਉਣ ਦੇ ਮਾਮਲੇ ਵਿਚ ਸੁਬਾ ਸਰਕਾਰ ’ਤੇ ਵਿਸ਼ਵਾਸ ਪੂਰੀ ਤਰ੍ਹਾਂ ਉਠ ਗਿਆ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਸ ਸੰਕਟ ਦੀ ਘੜੀ ਵਿਚ ਮੁੱਖ ਟੀਚਾ ਲੋਕਾਂ ਦੀਆਂ ਜਾਨਾਂ ਬਚਾਉਣਾ ਹੈ। ਉਹਨਾਂ ਕਿਹਾ ਕਿ ਮਹਾਮਾਰ ਦੀ ਦੂਜੀ ਲਹਿਰ ਨਾਲ ਪੰਜਾਬੀ ਸਭ ਤੋਂ ਵੱਧ ਪ੍ਰਭਾਵਤ ਹੋਏ ਹਨ ਤੇ ਸਰਕਾਰ ਹਾਲਾਤ ਨਾਲ ਨਜਿੱਠਣ ਵਿਚ ਨਾਕਾਮ ਨਜ਼ਰ ਆ ਰਹੀ ਹੈ । ਉਹਨਾਂ ਕਿਹਾ ਕਿ ਸਭ ਤੋਂ ਚੰਗਾ ਤਰੀਕਾ ਇਹੋ ਰਹੇਗਾ ਕਿ ਫੌਜ ਦੀ ਮੈਡੀਕਲ ਯੁਨਿਟ ਨੁੰ ਨਾਲ ਲੈ ਕੇ ਪ੍ਰਮੁੱਖ ਕੋਰੋਨਾ ਸੈਂਟਰ ਉਸਦੇ ਹਵਾਲੇ ਕੀਤੇ ਜਾਣ।
ਸਾਬਕਾ ਐਮ ਪੀ ਨੇ ਕਿਹਾ ਕਿ ਪੱਛਮੀ ਕਮਾਂਡ ਦੇ ਡਾਕਟਰ ਤੇ ਮੈਡੀਕਲ ਸਟਾਫ ਨੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ 100 ਬੈਡ ਦਾ ਸੁਪਰ ਸਪੈਸ਼ਲਟੀ ਵਿੰਗ ਸੰਭਾਲ ਕੇ ਚੰਗਾ ਕੰਮ ਕੀਤਾ ਹੈ। ਇਸਨੂੰ ਸੂਬੇ ਦੇ ਹੋਰ ਪ੍ਰਮੁੱਖ ਸ਼ਹਿਰਾਂ ਵਿਚ ਵੀ ਕੋਰੋਨਾ ਇਲਾਜ ਸਹੂਲਤ ਸੌਂਪ ਦਿੱਤੀਆਂ ਜਾਣਗੀਆਂ ਹਨ ਜਿਵੇਂ ਕਿ ਲੋਕਾਂ ਦੀ ਮੰਗ ਹੈ ਕਿਉਂਕਿ ਉਹਨਾਂ ਨੇ ਫੌਜ ਦੀ ਮੈਡੀਕਲ ਯੂਨਿਟ ਵੱਲੋਂ ਪਟਿਆਲਾ ਵਿਖੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਹੈ।
ਪ੍ਰੋ. ਚੰਦੂਮਾਜਰਾ ਨੇ ਸਰਕਾਰ ਨੂੰ ਇਹ ਵੀ ਕਿਹਾ ਕਿ ਉਹ ਕੌਮੀ ਆਫਤਾ ਪ੍ਰਬੰਧ ਫੰਡ ਵਿਚੋਂ ਸੂਬੇ ਨੁੰ ਮਿਲੇ 660 ਕਰੋੜ ਰੁਪਏ ਸੂਬੇ ਵਿਚ ਲੋਕਾਂ ਨੂੰ ਲੋੜੀਂਦੀ ਆਰਥਿਕ ਰਾਹਤ ਦੇਣ ਵਾਸਤੇ ਖਰਚ ਕਰੇ। ਉਹਨਾਂ ਕਿਹਾÇ ਕ ਸਾਰੇ ਟਰੱਕਾਂ ਵਾਲਿਆਂ, ਟੈਕਸੀ ਤੇ ਆਟੋ ਚਾਲਕਾਂ ਨੂੰ 5-5 ਹਜ਼ਾਰ ਰੁਪਏ, ਰਿਸਕਾ ਚਾਲਕਾਂ, ਮਜ਼ਦੂਰਾਂ ਤੇ ਖੇਤ ਮਜ਼ਦੂਰਾਂ ਨੁੰ 3-3 ਹਜ਼ਾਰ ਰੁਪਏ ਦਿੱਤੇ ਜਾਣ। ਇਸੇ ਤਰੀਕੇ ਹਾਲ ਹੀ ਵਿਚ ਵੱਢੀ ਕਣਕ ਦੀ ਫਸਲ ’ਤੇ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ। ਉਹਨਾਂ ਨੇ ਇਹ ਵੀ ਵਕਾਲਤ ਕੀਤੀ ਕਿ ਬਿਜਲੀ ਤੇ ਪਾਣੀ ਦੇ ਦੋ ਮਹੀਨਿਆਂ ਦੇ ਬਿੱਲ ਵੀ ਮੁਆਫ ਕੀਤੇ ਜਾਣ ਅਤੇ ਸਰਕਾਰ ਇਹ ਸਹੂਲਤ ਅਗਲੇ ਛੇ ਮਹੀਨਿਆਂ ਵਾਸਤੇ ਆਮ ਆਦਮੀ ਨੂੰ ਦੇੇਵੇ।
ਪ੍ਰੋ. ਚੰਦੂਮਾਜਰਾ ਨੇ ਸੂਬਾ ਸਰਕਾਰ ਨੂੰ ਕਿਹਾ ਕਿ ਉਹ ਵੈਕਸੀਨ ਲਈ ਗਲੋਬਲ ਟੈਂਡਰ ਲਗਾ ਕੇ ਵੈਕਸੀਨ ਲਗਾਉਣ ਦੀ ਪ੍ਰਕਿਰਿਆ ਤੇਜ਼ ਕਰੇ। ਉਹਨਾਂ ਕਿਹਾ ਕਿ ਸਰਕਾਰ ਨੂੰ ਜੀਵਨ ਰੱਖਿਅਕ ਦਵਾਈਆਂ ਦੀ ਕਾਲਾ ਬਜ਼ਾਰੀ ਰੋਕਣੀ ਚਾਹੀਦੀ ਹੈ ਤੇ ਪ੍ਰਾਈਵੇਟ ਹਸਪਤਾਲਾਂ ਦੇ ਇਲਾਜ ਲਈ ਖਰਚ ਦੀ ਹੱਦ ਤੈਅ ਕਰਨੀ ਚਾਹੀਦੀ ਹੈ।