ਅਮਰਿੰਦਰ ਫੌਰਨ ਖਾਲਸਾ ਪੰਥ ਤੋਂ ਮੁਆਫੀ ਮੰਗਣ ਤੇ ਪਾਪੀ ਕਾਂਗਰਸੀਆਂ ਵਿਰੁੱਧ ਸਖਤ ਕਾਰਵਾਈ ਕਰਨ
ਅਮਰਿੰਦਰ ਆਪਣੇ ਆਪ ਨੂੰ ਗੁਰੂ ਸਾਹਿਬਾਨ ਦੇ ਬਰਾਬਰ ਅਖਵਾਉਣ ਵਾਲਿਆਂ ਦਾ ਹਸਰ ਇਤਿਹਾਸ ਵਿਚੋਂ ਪੜ੍ਹ ਲੈਣ
ਚੰਡੀਗੜ੍ਹ 25 ਮਾਰਚ : ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਸੀਨੀਅਰ ਆਗੂਆਂ ਨੇ ਅੱਜ ਕਾਂਗਰਸੀ ਆਗੂਆਂ ਵੱਲੋਂ ਵਾਰ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਤੁਲਨਾ ਗੁਰੂ ਸਾਹਿਬਾਨ ਨਾਲ ਕਰਨ ਉੱਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੂੰ ਪੁੱਛਿਆ ਕੀ ਉਹ ਸੱਚਮੁੱਚ ਸਿੱਖ ਇਤਿਹਾਸ , ਸਿੱਖ ਪ੍ਰੰਪਰਾਵਾਂ , ਸਿੱਖ ਧਾਰਮਿਕ ਜਜ਼ਬੇ ਅਤੇ ਸਿੱਖ ਮਰਿਆਦਾ ਬਾਰੇ ਜਾਣੂੰ ਨਹੀਂ ਹਨ ? ‘‘ ਜੇ ਤੁਸੀਂ ਖਾਲਸਾ ਪੰਥ ਦੀਆਂ ਮਹਾਨ ਰਵਾਇਤਾਂ ਤੇ ਵਿਲੱਖਣ ਇਤਿਹਾਸ ਬਾਰੇ ਜਾਣੂੰ ਹੋ ਤਾਂ ਫਿਰ ਤੁਸੀਂ ਆਪਣੇ ਪਾਰਟੀ ਦੇ ਚਾਪਲੂਸਾਂ ਦੇ ਮੂੰਹੋਂ ਆਪਣੀ ਬਰਾਬਰੀ ਮਹਾਨ ਗੁਰੂ ਸਾਹਿਬਾਨ ਨਾਲ ਕਿਓਂ ਕਰਵਾ ਰਹੇ ਹਨ ? ਕੀ ਮੀਡੀਆ ਵਿਚ ਇਹਨਾਂ ਬਾਰੇ ਇੰਨੀਆਂ ਵੱਡੀਆਂ ਖਬਰਾਂ ਆਉਣ ਅਤੇ ਬਵਾਲ ਖੜੇ ਹੋਣ ਦੇ ਬਾਅਦ ਵੀ ਤੁਸੀਂ ਇਹ ਦਿਖਾਵਾ ਕਰੋਗੇ ਕਿ ਤੁਹਾਨੂੰ ਪਤਾ ਹੀ ਨਹੀਂ ਕਿ ਤੁਹਾਡੇ ਸਾਥੀ ਕਿਵੇਂ ਤੁਹਾਨੂੰ ਮਹਾਨ ਗੁਰੂ ਸਾਹਿਬਾਨ ਦੇ ਬਰਾਬਰ ਦੱਸ ਰਹੇ ਹਨ? ਉਂਝ ਤੁਸੀਂ ਨਿੱਕੀ ਮੋਟੀ ਗੱਲ ’ਤੇ ਵੀ ਮੀਡੀਆ ਵਿਚ ਚਲੇ ਜਾਂਦੈ ਹੋ ਪਰ ਇਸ ਅਤਿ ਸੰਵੇਦਨਸੀਲ ਮੁੱਦੇ ’ਤੇ ਆਖਿਰ ਤੁਸੀਂ ਇਹ ਚੁੱਪੀ ਕਿਓਂ ਧਾਰੀ ਹੋਈ ਹੈ ?
ਅਕਾਲੀ ਆਗੂ ਪਹਿਲਾਂ ਸੀਨੀਅਰ ਕਾਂਗਰਸੀ ਆਗੂ ਤੇ ਕੈਪਟਨ ਦੀ ਵਜ਼ਾਰਤ ਵਿਚ ਉਹਨਾਂ ਦੇ ਸੀਨੀਅਰ ਸਾਥੀ ਸੁਖਜਿੰਦਰ ਸਿੰਘ ਰੰਧਾਵਾ ਤੇ ਹੁਣ ਭੋਆ ਤੋਂ ਕਾਂਗਰਸੀ ਐਮ ਐੱਲ ਏ ਜੋਗਿੰਦਰ ਪਾਲ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਤੁਲਨਾ ਮਹਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਕਰਨ ਉੱਤੇ ਆਪਣੀ ਪਾਰਟੀ ਦਾ ਸਖਤ ਪ੍ਰਤੀਕਰਮ ਪ੍ਰਗਟ ਕਰ ਰਹੇ ਸਨ।
ਕੱਲ੍ਹ ਜੋਗਿੰਦਰ ਪਾਲ ਨੇ ਮੀਡੀਆ ਨਾਲ ਗੱਲ ਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਸਿੰਘ ਦੀ ਤਰੀਫ ਕਰਦਿਆਂ ਇਸ ਹੱਦ ਤੱਕ ਚਲੇ ਗਏ ਸਨ ਕਿ ਉਹਨਾਂ ਨੂੰ ‘‘ਪਹਿਲੀ ਪਾਤਸਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਂਗ ਦਿਲ ਦਾ ਸੱਚਾ ਇਨਸਾਨ ਹੀ ਐਲਾਨ ਦਿੱਤਾ ।’’
ਅਕਾਲੀ ਆਗੂਆਂ ਨੇ ਕਿਹਾ ਕਿ ਕੈਪਟਨ ਵੱਲੋਂ ਫੌਰੀ ਕਾਰਵਾਈ ਨਾ ਹੋਣ ਦੀ ਸੂਰਤ ਵਿਚ ਉਹ ਇਸ ਮਾਮਲੇ ਨੂੰ ਧਾਰਮਿਕ ਪੱਧਰ ’ਤੇ ਉਠਾਉਣਗੇ ।
ਆਪਣੇ ਬਿਆਨ ਵਿਚ ਅਕਾਲੀ ਆਗੂ ਸ੍ਰੀ ਬਲਵਿੰਦਰ ਸਿੰਘ ਭੂੰਦੜ , ਜਥੇਦਾਰ ਤੋਤਾ ਸਿੰਘ ਅਤੇ ਜਥੇਦਾਰ ਮਹੇਸ ਇੰਦਰ ਸਿੰਘ ਗਰੇਵਾਲ ਨੇ ਮੁੱਖ ਮੰਤਰੀ ਤੋਂ ਪੁੱਛਿਆ ਕਿ ਕੀ ਬਤੌਰ ਸਿੱਖ ਉਹ ਇਹ ਨਹੀਂ ਜਾਣਦੇ ਕਿ ਸਿੱਖ ਇਤਿਹਾਸ ਤੇ ਸਿੱਖੀ ਪ੍ਰੰਪਰਾਵਾਂ ਤੋਂ ਵਾਕਿਫ ਕੋਈ ਵੀ ਮਨੁੱਖ ਕਦੇ ਵੀ ਆਪਣੀ ਤੁਲਨਾ ਰੱਬੀ ਜੋਤ ਮਹਾਨ ਗੁਰੂ ਨਾਲ ਕਰਨ ਜਾਂ ਕਿਸੇ ਹੋਰ ਦੇ ਮੂਹੋਂ ਕਰਵਾਉਣ ਬਾਰੇ ਸੋਚ ਵੀ ਨਹੀਂ ਸਕਦਾ । ਅਜਿਹੀ ਤੁਲਨਾ ਕਰਨਾ ਜਾਂ ਕਰਵਾਉਣਾ ਜਾਂ ਆਪਣੀ ਤੁਲਨਾ ਗੁਰੂ ਸਾਹਿਬਾਨ ਨਾਲ ਹੁੰਦੀ ਸੁਣ ਕੇ ਚੁੱਪ ਰਹਿਣਾ ਤੇ ਇਤਰਾਜ ਨਾ ਕਰਨਾ ਇਹ ਸਭ ਕੁਝ ਸਿੱਖੀ ਮਰਿਆਦਾ ਅਨੁਸਾਰ ਇੱਕ ਬੱਜਰ ਪਾਪ ਹੈ ।
ਅਕਾਲੀ ਆਗੂਆਂ ਨੇ ਅੱਗੇ ਚੱਲ ਕੇ ਕਿਹਾ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਸਿੱਖੀ ਮਾਣ ਮਰਿਆਦਾ ਅਤੇ ਮਹਾਨ ਗੁਰੂ ਸਾਹਿਬਾਨ ਪ੍ਰਤੀ ਇੰਨੀ ਸਹਿਨਸਾਹੀ ਲਾ-ਪਰਵਾਹੀ ਦਿਖਾਈ ਹੈ। ‘ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਇੱਕ ਜਨਤਕ ਇੱਕਠ ਵਿਚ ਪਾਵਨ ਗੁਟਕਾ ਸਾਹਿਬ ਨੂੰ ਹੱਥ ਵਿਚ ਲੈ ਕੇ ਦਸ਼ਮੇਸ਼ ਪਿਤਾ ਜੀ ਨਾਲ ਸਬੰਧਿਤ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਹਾਜਰ ਨਾਜਰ ਦੱਸ ਕੇ ਦਸਮੇਸ਼ ਪਿਤਾ ਦੇ ਚਰਨਾਂ ਦੀਆਂ ਝੂਠੀਆਂ ਸਹੁੰਆਂ ਖਾਣ ਤੱਕ ਜਾ ਚੁੱਕੇ ਹਨ। ਉਹਨਾਂ ਨੂੰ ਲੱਗਦਾ ਹੈ ਕਿ ਕਿਉਂਕਿ ਉਹਨਾਂ ਦਾ ਉਹ ਝੂਠ ਚੱਲ ਗਿਆ ਸੀ ਤੇ ਕਿਸੇ ਨੇ ਅਜੇ ਤੱਕ ਉਹਨਾਂ ਵੱਲੋਂ ਗੁਰੂ ਮਹਾਰਾਜ ਦੇ ਚਰਨਾਂ ਦੀ ਝੂਠੀ ਸਹੁੰ ਖਾਣ ’ਤੇ ਉਹਨਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ, ਇਸ ਲਈ ਉਹ ਹੁਣ ਉਹ ਆਪਣੀ ਤੁਲਨਾ ਵੀ ਮਹਾਨ ਗੁਰੂ ਸਾਹਿਬਾਨ ਨਾਲ ਕਰਵਾ ਸਕਦੇ ਹਨ ਤੇ ਇਸ ਨਾਲ ਕਿਸੇ ਸਿੱਖ ਦੀਆਂ ਧਾਰਮਿਕ ਭਾਵਨਾਵਾਂ ਨੂੰ ਕੋਈ ਠੇਸ ਨਹੀਂ ਪਹੁੰਚੇਗੀ । ਅਜਿਹਾ ਸੋਚ ਕੇ ਕੈਪਟਨ ਸਿੱਖ ਕੌਮ ਦੇ ਮਨਾਂ ਅੰਦਰ ਗੁਰੂ ਸਾਹਿਬਾਨ ਲਈ ਅਥਾਹ ਸਤਿਕਾਰ ਤੇ ਸ਼ਰਧਾ ਪ੍ਰਤੀ ਬੇਮੁਖੀ ਦਿਖਾ ਰਹੇ ਹਨ ।
ਅਕਾਲੀ ਆਗੂਆਂ ਨੇ ਮੰਗ ਕੀਤੀ ਕਿ ਜਾਂ ਤਾਂ ਮੁੱਖ ਮੰਤਰੀ ਇਸ ਗੱਲ ਦਾ ਜਵਾਬ ਦੇਣ ਕਿ ਉਹਨਾਂ ਦੇ ਚੇਲਿਆਂ ਵੱਲੋਂ ਕੀਤੀ ਗਈ ਇੰਨੀ ਵੱਡੀ ਭੁੱਲ ਉੱਤੇ ਉਹ ਅਜੇ ਤੱਕ ਇੰਨੀ ਸਾਜ਼ਿਸ਼ੀ ਚੁੱਪੀ ਕਿਉਂ ਧਾਰਨ ਕਰੀ ਬੈਠੇ ਹਨ ਜਾਂ ਫਿਰ ਉਹ ਖਾਲਸਾ ਪੰਥ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਅਕਾਲੀ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰਵਾਇਆ ਕੇ ਆਪਣੇ ਆਪ ਨੂੰ ਗੁਰੂ ਸਦਵਾਉਣ ਜਾਂ ਮਹਾਨ ਗੁਰੂ ਸਾਹਿਬਾਨ ਦੇ ਬਰਾਬਰ ਕਹਾਉਣ ਵਾਲਿਆਂ ਦਾ ਸਿੱਖ ਇਤਿਹਾਸ ਵਿਚ ਕੀ ਹਸਰ ਹੁੰਦਾ ਆਇਆ ਹੈ।
ਕੈਪਟਨ ਅਮਰਿੰਦਰ ਸਿੰਘ ਦੂਜਿਆਂ ਤੋਂ ਆਪਣੀ ਤੁਲਨਾ ਗੁਰੂ ਮਹਾਰਾਜ ਨਾਲ ਕਰਵਾ ਕੇ ਤੇ ਇਸ ਗੱਲ ਤੇ ਆਪ ਚਲਾਕੀ ਵਾਲੀ ਚੁੱਪ ਧਾਰ ਕੇ ਸਿਰਫ ਇਹ ਦੇਖਣਾ ਚਾਹੰਦੇ ਹਨ ਕਿ ਉਹਨਾਂ ਦਾ ਇਹ ਕੁਫਰ ਖਾਲਸਾ ਪੰਥ ਕਿਸ ਹੱਦ ਤੱਕ ਬਰਦਾਸਤ ਜਾਂ ਨਜਰ ਅੰਦਾਜ ਕਰਦਾ ਹੈ। ਉਹਨਾਂ ਦਾ ਖਿਆਲ ਹੈ ਕਿ ਜੇ ਇਸ ਗੱਲ ਤੇ ਬਹੁਤਾ ਬਵਾਲ ਨਾ ਖੜਾ ਹੋਇਆ ਤਾਂ ਉਹ ਇਸ ਤਰ੍ਹਾਂ ਕਰਕੇ ਆਪਣਾ ਅਕਸ ਇਕ ਸੱਚੇ ਸੁੱਚੇ ਮਹਾਂਪੁਰਸ਼ ਵਾਲਾ ਅਤੇ ਗੁਰੂ ਸਾਹਿਬਾਨ ਵਰਗਾ ਬਣਾਉਣ ਵਿਚ ਕਾਮਯਾਬ ਹੋ ਜਾਣਗੇ । ਸਾਨੂੰ ਹੈਰਾਨੀ ਹੈ ਕਿ ਉਹਨਾਂ ਨੂੰ ਅਜਿਹਾ ਲਗਦਾ ਹੈ ਕਿ ਖਾਲਸਾ ਪੰਥ ਆਪਣੇ ਮਹਾਨ ਗੁਰੂ ਸਾਹਿਬਾਨ ਪ੍ਰਤੀ ਅਜਿਹੇ ਬੱਜਰ ਪਾਪ ਵੱਲ ਗਫਲਤ ਦਿਖਾਏਗਾ ਅਤੇ ਮੁੱਖ ਮੰਤਰੀ ਆਪਣੇ ਇਸ ਕੋਝੇ ਹਥਕੰਡੇ ਵਿਚ ਕਾਮਯਾਬ ਹੋ ਜਾਣਗੇ।
ਅਕਾਲੀ ਆਗੂਆਂ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਇਸ ਕੁਕਰਮ ਲਈ ਫੌਰਨ ਸਿੱਖ ਕੌਮ ਤੋਂ ਮੁਆਫੀ ਮੰਗਣ ਅਤੇ ਦੋਸ਼ੀ ਆਗੂਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਨਹੀਂ ਤਾਂ ਉਹ ਖਾਲਸਾ ਪੰਥ ਦੇ ਰੋਹ ਦਾ ਟਾਕਰਾ ਕਰਨ ਲਈ ਤਿਆਰ ਰਹਿਣ ।